ਫ਼ਤਿਹਗੜ੍ਹ ਸਾਹਿਬ(ਜਗਦੇਵ)-ਵਿਜੀਲੈਂਸ ਬਿਊਰੋ ਫ਼ਤਿਹਗੜ੍ਹ ਸਾਹਿਬ ਦੀ ਟੀਮ ਵੱਲੋਂ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਸਹਾਇਕ ਖੁਰਾਕ ਸਪਲਾਈ ਅਫਸਰ ਖਮਾਣੋਂ ਬਲਰਾਜ ਸਿੰਘ ਅਤੇ ਇੰਸਪੈਕਟਰ ਮੁਕੇਸ਼ ਕੁਮਾਰ ਸ਼ੁਕਲਾ ਨੂੰ 4 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਡੀ. ਐੱਸ. ਪੀ. ਵਿਜੀਲੈਂਸ ਫ਼ਤਿਹਗੜ੍ਹ ਸਾਹਿਬ ਲਖਵੀਰ ਸਿੰਘ ਨੇ ਆਪਣੇ ਦਫ਼ਤਰ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਪਿੰਡ ਸੈਦਪੁਰਾ ਤਹਿਸੀਲ ਖਮਾਣੋਂ ਦੇ ਵਾਸੀ ਦਵਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਜੋ ਕਿ ਸਰਕਾਰੀ ਡਿਪੂ ਹੋਲਡਰ ਹੈ, ਨੇ ਸਰਕਾਰੀ ਕਣਕ ਲਾਭਪਾਤਰੀਆਂ ਨੂੰ ਵੰਡਣੀ ਸੀ, ਜਦਕਿ ਉਕਤ ਕਥਿਤ ਦੋਸ਼ੀ ਕਣਕ ਦਾ ਕੋਟਾ ਦੇਣ ਲਈ ਦਵਿੰਦਰ ਸਿੰਘ ਤੋਂ ਰਿਸ਼ਵਤ ਦੀ ਮੰਗ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਦਵਿੰਦਰ ਸਿੰਘ ਵੱਲੋਂ ਇਸ ਬਾਰੇ ਵਿਜੀਲੈਂਸ ਵਿਚ ਸ਼ਿਕਾਇਤ ਕਰਨ 'ਤੇ ਤੁਰੰਤ ਇਕ ਟੀਮ ਦਾ ਗਠਨ ਕੀਤਾ ਗਿਆ, ਜਿਸ ਨੇ ਖਮਾਣੋਂ ਵਿਖੇ ਸਥਿਤ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਦਫ਼ਤਰ ਵਿਚ ਰੇਡ ਕਰ ਕੇ ਉਕਤ ਦੋਵੇਂ ਕਥਿਤ ਦੋਸ਼ੀਆਂ ਨੂੰ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਇਹ ਦੋਵੇਂ ਦੋਸ਼ੀ ਪਹਿਲਾਂ ਵੀ ਮੁਦਈ ਦਵਿੰਦਰ ਸਿੰਘ ਕੋਲੋਂ 2500 ਰੁਪਏ ਦੀ ਰਿਸ਼ਵਤ ਲੈ ਚੁੱਕੇ ਸਨ। ਉਨ੍ਹਾਂ ਕਿਹਾ ਕਿ ਵਿਜੀਲੈਂਸ ਦੀ ਟੀਮ ਨੇ ਸ਼ੈਡੋ ਗਵਾਹ ਸੰਦੀਪ ਸਿੰਘ ਪੁੱਤਰ ਨਾਇਬ ਸਿੰਘ ਵਾਸੀ ਪਿੰਡ ਸੈਦਪੁਰਾ ਤਹਿਸੀਲ ਖਮਾਣੋਂ, ਸਰਕਾਰੀ ਗਵਾਹ ਗਗਨਦੀਪ ਸਿੰਘ ਬਾਲ ਵਿਕਾਸ ਪ੍ਰੋਜੈਕਟ ਅਫਸਰ ਸਰਹਿੰਦ ਅਤੇ ਉਪ ਜ਼ਿਲਾ ਸਿੱਖਿਆ ਅਫਸਰ (ਐਲੀਮੈਂਟਰੀ) ਅਵਤਾਰ ਸਿੰਘ ਦੀ ਮੌਜੂਦਗੀ ਵਿਚ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਵਿਰੁੱਧ ਥਾਣਾ ਵਿਜੀਲੈਂਸ ਫ਼ਤਿਹਗੜ੍ਹ ਸਾਹਿਬ ਵਿਖੇ ਮੁਕੱਦਮਾ ਦਰਜ ਕਰ ਲਿਆ ਹੈ। ਵਿਜੀਲੈਂਸ ਦੀ ਟੀਮ ਵਿਚ ਏ. ਐੱਸ. ਆਈ. ਬਲਜਿੰਦਰ ਸਿੰਘ, ਏ. ਐੱਸ. ਆਈ. ਕੁੱਲਜਸ ਰਾਏ, ਏ. ਐੱਸ. ਆਈ. ਦਲਵਿੰਦਰ ਸਿੰਘ, ਸੀਨੀਅਰ ਕਾਂਸਟੇਬਲ ਸ਼ਾਮ ਸੁੰਦਰ ਤੇ ਏ. ਐੱਸ. ਆਈ. ਗਗਨਦੀਪ ਸਿੰਘ ਸ਼ਾਮਲ ਸਨ।
ਹੈਰੋਇਨ, ਨਸ਼ੀਲੀਆਂ ਗੋਲੀਆਂ, ਟੀਕੇ ਤੇ ਕੈਪਸੂਲਾਂ ਸਣੇ 11 ਕਾਬੂ
NEXT STORY