ਬਠਿੰਡਾ(ਸੁਖਵਿੰਦਰ)-ਸੀ. ਆਈ. ਏ. ਸਟਾਫ਼-2 ਵੱਲੋਂ ਬੀਤੇ ਦਿਨੀਂ ਪੱਕਾ ਕਲਾਂ ਵਿਖੇ ਹੋਏ ਇਕ ਅਪਾਹਜ ਵਿਅਕਤੀ ਦੇ ਕਤਲ ਦੀ ਗੁੱਥੀ ਸੁਲਝਾਉਂਦਿਆਂ ਪਿੰਡ ਦੇ ਹੀ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਨੇ ਉਸ ਦੇ ਘਰ ਅੰਦਰ ਦਾਖਲ ਹੋ ਕੇ ਉਸ ਦਾ ਕਤਲ ਕਰ ਦਿੱਤਾ ਸੀ। ਜਾਣਕਾਰੀ ਅਨੁਸਾਰ ਬੀਤੇ ਦਿਨੀਂ ਪੱਕਾ ਕਲਾਂ ਵਿਖੇ ਅਣਪਛਾਤੇ ਵਿਅਕਤੀ ਵੱਲੋਂ ਜਗਜੀਵਨ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਪੁਲਸ ਵੱਲੋਂ ਮ੍ਰਿਤਕ ਦੇ ਭਰਾ ਬੂਟਾ ਸਿੰਘ ਦੀ ਸ਼ਿਕਾਇਤ 'ਤੇ ਅਣਪਛਾਤੇ ਵਿਅਕਤੀ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਗਈ ਸੀ। ਐੱਸ. ਪੀ. (ਡੀ). ਸਵਰਨ ਸਿੰਘ ਦੀ ਅਗਵਾਈ ਹੇਠ ਇੰਸਪੈਕਟਰ ਹਰਬੰਸ ਸਿੰਘ ਵੱਲੋਂ ਉਕਤ ਮਾਮਲੇ 'ਚ ਸ਼ੱਕ ਦੇ ਆਧਾਰ 'ਤੇ ਪਿੰਡ ਦੇ ਹੀ ਜਗਦੇਵ ਸਿੰਘ (25) ਨੂੰ ਗ੍ਰਿਫ਼ਤਾਰ ਕਰ ਕੇ ਉਸ ਪਾਸੋਂ ਪੁੱਛਗਿੱਛ ਕੀਤੀ ਗਈ ਤਾਂ ਉੁਸ ਨੇ ਮੰਨਿਆ ਕਿ ਉਸ ਨੇ ਹੀ 22, 23 ਸਤੰਬਰ ਦੀ ਦਰਮਿਆਨੀ ਰਾਤ ਨੂੰ ਜਗਜੀਵਨ ਸਿੰਘ ਦਾ ਕਤਲ ਕੀਤਾ ਸੀ। ਮੁਲਜ਼ਮ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਮ੍ਰਿਤਕ ਦੀ ਗਲੀ 'ਚੋਂ ਜਾ ਰਿਹਾ ਸੀ ਕਿ ਇਸ ਦੌਰਾਨ ਮ੍ਰਿਤਕ ਦਾ ਟਰਾਈ ਸਾਈਕਲ ਰਸਤੇ 'ਚ ਖੜ੍ਹਾ ਸੀ, ਜਦੋਂ ਉਸ ਨੇ ਉਸ ਨੂੰ ਸਾਈਡ 'ਤੇ ਕਰਨ ਲਈ ਕਿਹਾ ਤਾਂ ਜਗਜੀਵਨ ਸਿੰਘ ਨੇ ਉਸ ਨਾਲ ਗਾਲੀ-ਗਲੋਚ ਕੀਤਾ। ਉਕਤ ਰੰਜਿਸ਼ ਤਹਿਤ ਉਹ ਰਾਤ ਨੂੰ ਉਸ ਦੇ ਘਰ ਚਲਾ ਗਿਆ ਤੇ ਸਿਰ 'ਤੇ ਸੋਟੀ ਨਾਲ ਵਾਰ ਕਰ ਕੇ ਉਸ ਦਾ ਕਤਲ ਕਰ ਦਿੱਤਾ ਤੇ ਕਤਲ ਕਰਨ ਤੋਂ ਬਾਅਦ ਖੂਨ ਨਾਲ ਲਿਬੜੇ ਕੱਪੜੇ ਅਤੇ ਅਤੇ ਸੋਟੀ ਛੁਪਾ ਦਿੱਤੀ ਸੀ। ਜਾਂਚ ਅਧਿਕਾਰੀ ਹਰਬੰਸ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਕਤਲ ਦੌਰਾਨ ਵਰਤਿਆ ਗਿਆ ਸਾਮਾਨ ਤੇ ਕੱਪੜੇ ਬਰਾਮਦ ਕਰ ਕੇ ਉਸ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਦਾ ਰਿਮਾਂਡ ਹਾਸਲ ਕਰ ਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
9 ਕਿਲੋ ਡੋਡੇ ਪੋਸਤ ਸਣੇ ਵਿਅਕਤੀ ਕਾਬੂ
NEXT STORY