ਅੱਪਰਾ(ਦੀਪਾ, ਭਾਖੜੀ)-ਵਰਤਮਾਨ ਸਮੇਂ 'ਚ ਇਨਸਾਨੀ ਰਿਸ਼ਤੇ ਇਸ ਕਦਰ ਤਾਰ-ਤਾਰ ਹੋ ਗਏ ਹਨ, ਕਿ ਦੌਲਤ ਪਾਉਣ ਦੇ ਚੱਕਰ 'ਚ ਇਕ ਨੌਜਵਾਨ ਨੇ ਆਪਣੀ ਹੀ ਮੂੰਹ ਬੋਲੀ ਮਾਂ ਨੂੰ ਲੁੱਟ ਲਿਆ। ਲੁੱਟਣ ਉਪਰੰਤ ਉਕਤ ਨੌਜਵਾਨ ਫ਼ਰਾਰ ਹੋ ਗਿਆ, ਜਿਸ ਨੂੰ ਲੋਕਾਂ ਨੇ ਜਾਨ ਜੋਖਿਮ 'ਚ ਪਾ ਕੇ ਕਾਬੂ ਕਰ ਕੇ ਅੱਪਰਾ ਪੁਲਸ ਦੇ ਹਵਾਲੇ ਕਰ ਦਿੱਤਾ। ਪ੍ਰਾਪਤ ਵੇਰਵਿਆਂ ਅਨੁਸਾਰ ਅੱਜ ਬਾਅਦ ਦੁਪਹਿਰ ਲਗਭਗ 3.30 ਵਜੇ ਮੋਨਿਕਾ ਜੈਨ ਪਤਨੀ ਸਵ. ਅਨਿਲ ਜੈਨ ਵਾਸੀ ਮੁਹੱਲਾ ਸੇਖ਼ਾ ਫਿਲੌਰ ਆਪਣੇ ਸਕੇ ਪੁੱਤਰ ਸ਼ਿਵਮ ਜੈਨ ਤੇ ਮੂੰਹ ਬੋਲੇ ਪੁੱਤਰ ਵਿਸ਼ਾਲ ਨਾਲ ਅੱਪਰਾ 'ਚ ਸਥਿਤ ਬਾਬੂ ਰਾਮ ਸੰਨਜ਼ ਐਂਡ ਜਿਊਲਰਜ਼ ਦੇ ਸੋਨਾ ਵੇਚਣ ਆਈ ਸੀ। ਉਸ ਦੇ ਨਾਲ ਉਸ ਦੇ ਉਕਤ ਦੋਵੇਂ ਬੇਟੇ ਵੀ ਸਨ। ਜਦੋਂ ਉਹ 2.25 ਲੱਖ ਰੁਪਏ ਦਾ ਸੋਨਾ ਵੇਚ ਕੇ ਵਾਪਸ ਜਾਣ ਲਈ ਸ਼ੋਅਰੂਮ 'ਚ ਬਾਹਰ ਨਿਕਲੀ ਤਾਂ ਉਸ ਦਾ ਮੂੰਹ ਬੋਲਿਆ ਬੇਟਾ ਵਿਸ਼ਾਲ ਉਸ ਦੇ ਹੱਥੋਂ ਰੁਪਇਆ ਵਾਲਾ ਬੈਗ ਖੋਹ ਕੇ ਫ਼ਰਾਰ ਹੋ ਗਿਆ। ਜਦੋਂ ਲੋਕਾਂ ਨੇ ਪਿੱਛਾ ਕਰ ਕੇ ਜਾਨ ਜੋਖਿਮ 'ਚ ਪਾ ਕੇ ਪੁਲਸ ਚੌਕੀ ਨੇੜਿਓਂ ਉਸ ਨੂੰ ਕਾਬੂ ਕੀਤਾ ਤਾਂ ਉਹ ਉਸ ਸਮੇਂ ਸ਼ਿਵਮ ਜੈਨ ਦੀ ਇਨੋਵਾ ਗੱਡੀ ਨੰਬਰ ਪੀ ਬੀ 08 ਡੀ ਕੇ 9990 'ਚ ਬੈਠਾ ਸੀ, ਜਿਸ ਕਾਰਨ ਉਸਦੀ ਭੂਮਿਕਾ ਵੀ ਸ਼ੱਕੀ ਬਣੀ ਹੋਈ ਹੈ ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਰਹੀ ਹੈ। ਆਪਣੇ ਹੀ ਮੂੰਹ ਬੋਲੇ ਬੇਟੇ ਨੂੰ ਲੁਟੇਰਾ ਬਣਿਆ ਦੇਖ ਕੇ ਮੋਨਿਕਾ ਜੈਨ ਦੰਗ ਰਹਿ ਗਈ।
ਜ਼ਿਕਰਯੋਗ ਹੈ ਕਿ ਮੋਨਿਕਾ ਜੈਨ ਉੱਘੇ ਵਪਾਰੀ ਅਨਿਲ ਜੈਨ ਦੀ ਪਤਨੀ ਹੈ, ਜਿਸ ਦੀ ਕਿ ਕੁਝ ਸਮਾਂ ਪਹਿਲਾਂ ਲਾਡੋਵਾਲ ਦੇ ਨੇੜੇ ਕਾਰ ਨੂੰ ਅੱਗ ਲੱਗਣ ਕਾਰਨ ਮੌਤ ਹੋ ਗਈ ਸੀ। ਖ਼ਬਰ ਲਿਖੇ ਜਾਣ ਤੱਕ ਲੁਟੇਰਾ ਤੇ ਲੁੱਟ ਦਾ ਸ਼ਿਕਾਰ ਸਾਰੇ ਹੀ ਲੋਕ ਪੁਲਸ ਚੌਕੀ ਅੱਪਰਾ ਵਿਖੇ ਮੌਜੂਦ ਸਨ। ਇਸ ਘਟਨਾ ਪਿੱਛੇ ਕੀ ਰਾਜ਼ ਹੈ, ਪੁਲਸ ਇਸ ਭੂਮਿਕਾ ਦੀ ਜਾਂਚ ਕਰਨ 'ਚ ਜੁਟੀ ਹੋਈ ਹੈ। ਇਸ ਸਬੰਧੀ ਜਦੋਂ ਪਰਮਿੰਦਰ ਸਿੰਘ ਚੌਕੀ ਇੰਚਾਰਜ ਅੱਪਰਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਆਪਸੀ ਲੈਣ-ਦੇਣ ਦਾ ਹੈ। ਇਕ ਕਹਿ ਰਿਹਾ ਹੈ ਕਿ ਗਹਿਣੇ ਮੇਰੇ ਜ਼ਿਆਦਾ ਸਨ ਤੇ ਦੂਸਰਾ ਕਹਿ ਰਿਹਾ ਹੈ ਕਿ ਮੇਰੇ। ਉਨ੍ਹਾਂ ਕਿਹਾ ਕਿ ਅਸਲੀਅਤ ਕੀ ਹੈ ਇਹ ਜਾਂਚ ਦੌਰਾਨ ਸਪੱਸ਼ਟ ਹੋ ਜਾਵੇਗਾ।
ਮਹਿਲਾ ਸਮੱਗਲਰ ਸਾਥੀਆਂ ਸਣੇ ਕਾਬੂ, 2 ਕਰੋੜ ਦੀ ਹੈਰੋਇਨ ਬਰਾਮਦ
NEXT STORY