ਤਲਵੰਡੀ ਸਾਬੋ(ਮੁਨੀਸ਼)-ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਲਹਿਰੀ ਵਿਖੇ ਪੁਰਾਣੀ ਰੰਜਿਸ਼ ਦੇ ਕਾਰਨ ਦਿਨ-ਦਿਹਾੜੇ ਕੀਤੇ ਕਤਲ ਦੇ ਤੀਜੇ ਕਥਿਤ ਮੁਲਜ਼ਮ ਨੂੰ ਵੀ ਸੀਗੋ ਚੌਕੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ, ਜਦੋਂ ਕਿ ਅੱਜ ਦੂਜੇ ਦੋ ਕਥਿਤ ਮੁਲਜ਼ਮਾਂ ਦਾ ਪੁਲਸ ਰਿਮਾਂਡ ਖਤਮ ਹੋਣ 'ਤੇ ਉਨ੍ਹਾਂ ਨੂੰ ਵੀ ਅਦਾਲਤ 'ਚ ਪੇਸ਼ ਕੀਤਾ ਗਿਆ। ਦੱਸਣਾ ਬਣਦਾ ਹੈ ਕਿ ਬੀਤੇ ਦਿਨ ਬਲਵੰਤ ਸਿੰਘ ਉਰਫ਼ ਮਿਸ਼ਰਾ ਸਿੰਘ ਜਦੋਂ ਦੁਪਹਿਰ ਸਮੇਂ ਆਪਣੀ ਪਤਨੀ ਗੁਰਮੀਤ ਕੌਰ ਨਾਲ ਮੋਟਰਸਾਈਕਲ 'ਤੇ ਪਿੰਡ ਆ ਰਿਹਾ ਸੀ ਤਾਂ ਪਰਾਣੀ ਰੰਜਿਸ਼ ਦੇ ਕਾਰਨ ਪਿੰਡ ਦੇ ਤਿੰਨ ਲੋਕਾਂ ਨੇ ਕਥਿਤ ਤੌਰ 'ਤੇ ਬਲਵੰਤ ਸਿੰਘ ਨੂੰ ਘੇਰ ਕੇ ਤੇਜ਼ ਹਥਿਆਰਾਂ ਨਾਲ ਕਤਲ ਕਰ ਦਿੱਤਾ ਸੀ। ਤਲਵੰਡੀ ਸਾਬੋ ਪੁਲਸ ਨੇ ਮ੍ਰਿਤਕ ਦੀ ਪਤਨੀ ਗੁਰਮੀਤ ਕੌਰ ਦੇ ਬਿਆਨਾਂ 'ਤੇ ਜਗਸੀਰ ਸਿੰਘ, ਰਘੁਬੀਰ ਸਿੰਘ ਅਤੇ ਬਲਦੇਵ ਸਿੰਘ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਸੀ। ਭਾਵੇਂ ਕਿ ਪੁਲਸ ਨੇ ਦੋ ਕਥਿਤ ਮੁਲਜ਼ਮ ਸਕੇ ਭਰਾ ਜਗਸੀਰ ਸਿੰਘ ਅਤੇ ਰਘੁਬੀਰ ਸਿੰਘ ਨੂੰ ਪਹਿਲਾ ਹੀ ਗ੍ਰਿਫਤਾਰ ਕਰ ਕੇ ਅਦਾਲਤ ਤੋਂ 26 ਮਾਰਚ ਤੱਕ ਦਾ ਪੁਲਸ ਰਿਮਾਂਡ ਹਾਸਲ ਕਰ ਲਿਆ ਸੀ ਤੇ ਹੁਣ ਸੀਗੋ ਚੌਕੀ ਇੰਚਾਰਜ ਮੇਜਰ ਸਿੰਘ ਦੀ ਅਗਵਾਈ 'ਚ ਤੀਜੇ ਕਥਿਤ ਮੁਲਜ਼ਮ ਬਲਦੇਵ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਚੌਕੀ ਇੰਚਾਰਜ ਨੇ ਦੱਸਿਆ ਕਿ ਦੋਸ਼ੀ ਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਉਸ ਦੇ ਘਰੋਂ ਗ੍ਰਿਫਤਾਰ ਕਰ ਲਿਆ ਹੈ। ਥਾਣਾ ਮੁਖੀ ਸੁਨੀਲ ਕੁਮਾਰ ਨੇ ਦੱਸਿਆ ਕਿ ਰਿਮਾਂਡ ਦੌਰਾਨ ਜਗਸੀਰ ਸਿੰਘ ਅਤੇ ਰਘੁਬੀਰ ਸਿੰਘ ਤੋਂ ਵਾਰਦਾਤ ਸਮੇਂ ਵਰਤੇ ਗਏ ਤੇਜ਼ਧਾਰ ਹਥਿਆਰ ਉਨ੍ਹਾਂ ਦੀ ਖੇਤਾਂ 'ਚ ਮੋਟਰ ਤੋਂ ਬਰਾਮਦ ਕਰ ਲਏ ਹਨ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਕੁਲਦੀਪ ਸਿੰਘ ਦੀ ਮੌਤ ਦੀ ਖਬਰ ਸੁਣਦੇ ਹੀ ਪਿੰਡ 'ਚ ਛਾਇਆ ਮਾਤਮ
NEXT STORY