ਲੁਧਿਆਣਾ(ਸਿਆਲ)-ਤਾਜਪੁਰ ਰੋਡ ਸਥਿਤ ਕੇਂਦਰੀ ਜੇਲ 'ਚ ਪਿਛਲੇ ਕਈ ਮਹੀਨਿਆਂ ਤੋਂ ਪਾਬੰਦੀਸ਼ੁਦਾ ਸਾਮਾਨ ਅੰਦਰ ਸੁੱਟਵਾਉਣ ਵਾਲੇ ਗਿਰੋਹ ਦੇ 1 ਮੈਂਬਰ ਨੂੰ ਜੇਲ ਗਾਰਦ ਨੇ ਕਾਬੂ ਕਰ ਲਿਆ ਜਦੋਂਕਿ 2 ਭੱਜਣ 'ਚ ਕਾਮਯਾਬ ਹੋ ਗਏ। ਉਕਤ ਗਿਰੋਹ ਜੇਲ ਦੀ ਬਾਹਰੀ ਕੰਧ ਦੇ ਰਸਤਿਆਂ ਤੋਂ ਜੇਲ ਦੀਆਂ ਵੱਖ-ਵੱਖ ਬੈਰਕਾਂ 'ਚ ਬੀੜੀਆਂ, ਜਰਦੇ ਦੀਆਂ ਪੁੜੀਆਂ, ਨਸ਼ਾ ਅਤੇ ਹੋਰ ਪਾਬੰਦੀਸ਼ੁਦਾ ਸਾਮਾਨ ਸੁੱਟਵਾ ਰਿਹਾ ਸੀ, ਜਿਸ ਨਾਲ ਜੇਲ ਪ੍ਰਸ਼ਾਸਨ ਦੀ ਨੀਂਦ ਹਰਾਮ ਹੋਈ ਪਈ ਸੀ। ਅੱਜ ਜੇਲ ਪ੍ਰਸ਼ਾਸਨ ਦੀ ਚੌਕਸੀ ਨਾਲ ਇਕ ਦੋਸ਼ੀ ਕਾਬੂ ਆ ਗਿਆ। ਅੱਜ ਦੁਪਹਿਰ 1 ਵਜੇ ਦੇ ਲਗਭਗ ਜੇਲ ਪ੍ਰਸ਼ਾਸਨ ਨੂੰ ਗੁਪਤ ਸੂਚਨਾ ਮਿਲੀ ਕਿ ਕੁਝ ਅਣਪਛਾਤੇ ਵਿਅਕਤੀ ਜੇਲ ਅੰਦਰ ਪਾਬੰਦੀਸ਼ੁਦਾ ਸਾਮਾਨ ਸੁਟਵਾਉਣ ਦੀ ਯੋਜਨਾ ਬਣਾ ਰਹੇ ਹਨ। ਜੇਲ ਪ੍ਰਸ਼ਾਸਨ ਨੇ ਗਾਰਦ ਨੂੰ ਕੰਧ ਦੇ ਰਸਤੇ 'ਤੇ ਚੌਕਸ ਕਰ ਦਿੱਤਾ। ਥੋੜ੍ਹੀ ਦੇਰ 'ਚ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਆਏ, ਜਿਉਂ ਹੀ ਇਨ੍ਹਾਂ 'ਚੋਂ ਇਕ ਨੌਜਵਾਨ ਪਾਬੰਦੀਸ਼ੁਦਾ ਸਾਮਾਨ ਲੈ ਕੇ ਕੰਧ ਵਾਲੇ ਰਸਤੇ 'ਤੇ ਅੱਗੇ ਵਧਿਆ ਤਾਂ ਜੇਲ ਮੁਲਾਜ਼ਮਾਂ ਨੇ ਉਸ ਨੂੰ ਦਬੋਚ ਲਿਆ ਜਦੋਂਕਿ ਉਸ ਦੇ ਦੋ ਸਾਥੀ ਭੱਜਣ 'ਚ ਸਫਲ ਹੋ ਗਏ। ਫਰਾਰ ਹੋਣ ਵਾਲੇ ਦੋਸ਼ੀ ਹੈਬੋਵਾਲ ਅਤੇ ਜਲੰਧਰ ਬਾਈਪਾਸ ਦੇ ਨੇੜੇ ਦੇ ਰਹਿਣ ਵਾਲੇ ਹਨ।
ਜੇਲ ਹਵਾਲਾਤੀ ਨਾਮਜ਼ਦ
ਉਕਤ ਘਟਨਾ ਨੂੰ ਅੰਜਾਮ ਦੇਣ 'ਚ ਫੜਿਆ ਗਿਆ ਇਕ ਦੋਸ਼ੀ ਸੋਮ ਪ੍ਰਕਾਸ਼ ਸੂਈਆਂ ਵਾਲਾ ਹਸਪਤਾਲ ਨੇੜੇ ਜਲੰਧਰ ਬਾਈਪਾਸ ਦਾ ਨਿਵਾਸੀ ਦੱਸਿਆ ਜਾ ਰਿਹਾ ਹੈ। ਦੋਸ਼ੀ ਨੇ ਦੱਸਿਆ ਕਿ ਹੈਬੋਵਾਲ ਦੇ ਰਹਿਣ ਵਾਲੇ ਨੌਜਵਾਨ ਕਿਸੇ ਕੰਮ 'ਤੇ ਜਾਣ ਦੀ ਗੱਲ ਕਹਿ ਕੇ ਉਸ ਨੂੰ ਇਥੇ ਲਿਆਏ। ਉਧਰ, ਜੇਲ ਵਿਚ ਬੰਦ ਇਕ ਹਵਾਲਾਤੀ ਨਵਦੀਪ ਸਿੰਘ ਨੂੰ ਜੇਲ ਅਧਿਕਾਰੀਆਂ ਨੇ ਨਾਮਜ਼ਦ ਕੀਤਾ ਹੈ। ਪਤਾ ਲੱਗਾ ਹੈ ਕਿ ਫੜੇ ਗਏ ਦੋਸ਼ੀ ਹਵਾਲਾਤੀ ਦੀ ਜੇਲ ਦੇ ਅੰਦਰੋਂ ਫੋਨ 'ਤੇ ਗੱਲ ਵੀ ਹੋਈ ਸੀ।
ਕਈ ਗੁਣਾ ਮਹਿੰਗੀਆਂ ਵਿਕਦੀਆਂ ਹਨ ਬੀੜੀਆਂ
ਸੂਤਰ ਦੱਸਦੇ ਹਨ ਕਿ ਜੇਲ ਦੇ ਅੰਦਰ ਪਾਬੰਦੀਸ਼ੁਦਾ ਬੀੜੀਆਂ, ਜਰਦੇ ਦੀਆਂ ਪੁੜੀਆਂ ਨਿਰਧਾਰਤ ਮੁੱਲ ਤੋਂ ਕਈ ਗੁਣਾ ਮਹਿੰਗੇ ਮੁੱਲ ਮਿਲਦੀਆਂ ਹਨ। ਇਸੇ ਕਾਰਨ ਬੰਦੀ ਬਾਹਰੀ ਸਾਥੀਆਂ ਨਾਲ ਸੰਪਰਕ ਕਰ ਕੇ ਗਲਤ ਹੱਥਕੰਡੇ ਅਪਣਾਉਂਦੇ ਹਨ। ਪਤਾ ਲੱਗਾ ਹੈ ਕਿ 1 ਬੀੜੀ 10 ਰੁਪਏ ਵਿਚ ਵੇਚੀ ਜਾਂਦੀ ਹੈ।
ਕਈ ਮਹੀਨੇ ਤੋਂ ਜੇਲ ਪ੍ਰਸ਼ਾਸਨ ਨੇ ਵਿਛਾ ਰੱਖਿਆ ਸੀ ਜਾਲ
ਜੇਲ ਦੇ ਡਿਪਟੀ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਜੇਲ ਵਿਚ ਪਾਬੰਦੀਸ਼ੁਦਾ ਸਾਮਾਨ ਸੁੱਟਵਾਉਣ ਵਾਲੇ ਦੋਸ਼ੀਆਂ ਨੂੰ ਫੜਨ ਲਈ ਬੀਤੇ ਕਈ ਮਹੀਨਿਆਂ ਤੋਂ ਜਾਲ ਵਿਛਾਇਆ ਹੋਇਆ ਸੀ। ਆਖਰਕਾਰ ਜੇਲ ਗਾਰਦ ਦੀ ਗ੍ਰਿਫਤ 'ਚ ਇਕ ਦੋਸ਼ੀ ਆ ਹੀ ਗਿਆ। ਉਨ੍ਹਾਂ ਦੱਸਿਆ ਕਿ ਫਰਾਰ ਹੋਣ ਵਾਲੇ ਦੋਸ਼ੀਆਂ ਨੂੰ ਫੜਨ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਨਾਲ ਹੀ ਫੜੇ ਗਏ ਦੋਸ਼ੀ ਦਾ ਕੇਸ ਵੀ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਤਾ ਲਾਇਆ ਜਾਵੇਗਾ ਕਿ ਫੜੇ ਗਏ ਬਾਹਰੀ ਦੋਸ਼ੀ ਦਾ ਜੇਲ ਦੇ ਅੰਦਰ ਕਿਨ੍ਹਾਂ ਕੈਦੀਆਂ ਨਾਲ ਸੰਪਰਕ ਹੈ।
ਸਬ-ਇੰਸਪੈਕਟਰ ਦਾ ਬੇਟਾ ਹੈਰੋਇਨ ਸਣੇ ਕਾਬੂ
NEXT STORY