ਮੋਗਾ(ਆਜ਼ਾਦ)-ਪੁਲਸ ਵੱਲੋਂ ਖੇਤਾਂ 'ਚੋਂ ਕਣਕ ਚੋਰੀ ਕਰਨ ਵਾਲੇ ਗਿਰੋਹ ਦੇ 2 ਮੈਂਬਰਾਂ ਨੂੰ ਚੋਰੀ ਦੀ ਕਣਕ ਸਮੇਤ ਕਾਬੂ ਕਰਨ ਦਾ ਸਮਾਚਾਰ ਹੈ, ਜਦਕਿ ਉਨ੍ਹਾਂ ਦੇ 2 ਸਾਥੀ ਭੱਜਣ 'ਚ ਸਫਲ ਹੋ ਗਏ। ਪੁਲਸ ਨੇ ਮਾਮਲਾ ਦਰਜ ਕਰ ਕੇ ਭਗੌੜੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਕਿਵੇਂ ਆਏ ਦੋਸ਼ੀ ਕਾਬੂ
ਸੀ. ਆਈ. ਏ. ਅਤੇ ਸਪੈਸ਼ਲ ਸੈੱਲ ਮੋਗਾ ਦੇ ਇੰਚਾਰਜ ਇੰਸਪੈਕਟਰ ਕਿੱਕਰ ਸਿੰਘ ਨੇ ਦੱਸਿਆ ਕਿ ਜ਼ਿਲਾ ਪੁਲਸ ਮੁਖੀ ਮੋਗਾ ਰਾਜਜੀਤ ਸਿੰਘ ਹੁੰਦਲ ਦੇ ਨਿਰਦੇਸ਼ਾਂ 'ਤੇ ਗਲਤ ਅਨਸਰਾਂ ਅਤੇ ਚੋਰ ਗਿਰੋਹ ਨੂੰ ਕਾਬੂ ਕਰਨ ਲਈ ਚਲਾਈ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ, ਜਦ ਪੁਲਸ ਨੇ ਖੇਤਾਂ 'ਚ ਕਿਸਾਨਾਂ ਦੀ ਰੱਖੀ ਗਈ ਕਣਕ ਚੋਰੀ ਕਰਨ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕੀਤਾ। ਉਨ੍ਹਾਂ ਦੱਸਿਆ ਕਿ ਜਦ ਹੌਲਦਾਰ ਕੁਲਦੀਪ ਸਿੰਘ, ਜਗਦੇਵ ਸਿੰਘ, ਗੁਰਬਖਸ਼ ਸਿੰਘ, ਬਲਵਿੰਦਰ ਸਿੰਘ, ਗੁਰਭੇਜ ਸਿੰਘ ਇਲਾਕੇ 'ਚ ਗਲਤ ਅਨਸਰਾਂ ਦੀ ਤਲਾਸ਼ ਲਈ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਗੁਰਚਰਨ ਸਿੰਘ ਉਰਫ ਡੈਨ ਨਿਵਾਸੀ ਸਾਧਾਂਵਾਲੀ ਬਸਤੀ ਮੋਗਾ ਅਤੇ ਜੋਤੀ ਨਿਵਾਸੀ ਰਾਮ ਨਗਰ ਮੋਗਾ ਨੇ ਆਪਣੇ ਹੋਰ ਸਾਥੀਆਂ ਸਮੇਤ ਕਿਸਾਨਾਂ ਵੱਲੋਂ ਖੇਤਾਂ 'ਚ ਜਮ੍ਹਾ ਕਰ ਕੇ ਰੱਖੀ ਗਈ ਕਣਕ ਚੋਰੀ ਕਰਨ ਵਾਲਾ ਗਿਰੋਹ ਬਣਾਇਆ ਹੋਇਆ ਹੈ। ਅੱਜ ਉਹ ਇੰਡੀਕਾ ਵਿਸਟਾ ਕਾਰ 'ਚ ਚੋਰੀ ਦੀ ਕਣਕ ਲੈ ਕੇ ਆ ਰਹੇ ਹਨ, ਜਿਸ 'ਤੇ ਪੁਲਸ ਪਾਰਟੀ ਨੇ ਕੋਟਕਪੂਰਾ ਰੋਡ 'ਤੇ ਨਾਕਾਬੰਦੀ ਕਰ ਕੇ ਉਕਤ ਦੋਵਾਂ ਨੂੰ ਕਾਰ ਸਮੇਤ ਗ੍ਰਿਫਤਾਰ ਕਰ ਲਿਆ। ਤਲਾਸ਼ੀ ਲੈਣ ਤੇ ਕਾਰ 'ਚੋਂ ਅੱਠ ਬੋਰੀਆਂ ਕਣਕ ਬਰਾਮਦ ਹੋਈ। ਪੁਲਸ ਵੱਲੋਂ ਕੀਤੀ ਗਈ ਪੁੱਛ-ਗਿੱਛ ਦੌਰਾਨ ਉਨ੍ਹਾਂ ਦੱਸਿਆ ਕਿ ਉਹ ਖੇਤਾਂ 'ਚੋਂ ਕਣਕ ਚੋਰੀ ਕਰਨ ਦੇ ਬਾਅਦ ਸਿੰਘਾਂਵਾਲਾ ਸੇਮ ਨਾਲੇ ਕੋਲ ਕਣਕ ਨੂੰ ਜਮ੍ਹਾ ਕਰ ਕੇ ਰੱਖਦੇ ਹਨ ਅਤੇ ਬਾਅਦ ਵਿਚ ਉਸ ਨੂੰ ਵੇਚ ਦਿੰਦੇ ਹਨ, ਜਿਸ 'ਤੇ ਪੁਲਸ ਪਾਰਟੀ ਨੇ ਉਕਤ ਜਗ੍ਹਾ 'ਤੇ ਛਾਪੇਮਾਰੀ ਕੀਤੀ ਤਾਂ ਚੋਰੀ ਦੀ ਕਣਕ ਦੀ ਰਖਵਾਲੀ ਕਰ ਰਹੇ ਦੋ ਲੜਕਿਆਂ ਜਗਤਾਰ ਸਿੰਘ ਉਰਫ ਨਿੱਕਾ ਤੇ ਕਰਮੂ ਉਰਫ ਫਿਨੀ ਨਿਵਾਸੀ ਸਾਧਾਂਵਾਲੀ ਬਸਤੀ ਮੋਗਾ ਪੁਲਸ ਪਾਰਟੀ ਨੂੰ ਦੇਖ ਕੇ ਭੱਜ ਗਏ। ਪੁਲਸ ਨੇ ਸੇਮ ਨਾਲੇ ਦੇ ਕੋਲ ਝਾੜੀਆਂ ਅਤੇ ਕਣਕ ਦੇ ਟਾਂਗਰ 'ਚ ਛੁਪਾ ਕੇ ਰੱਖੀਆਂ ਕਣਕ ਦੀਆਂ 22 ਬੋਰੀਆਂ ਹੋਰ ਬਰਾਮਦ ਕੀਤੀਆਂ। ਇਸ ਤਰ੍ਹਾਂ ਉਕਤ ਗਿਰੋਹ ਤੋਂ ਕਾਰ ਸਮੇਤ 30 ਬੋਰੀਆਂ (ਪ੍ਰਤੀ ਬੋਰੀ 40 ਕਿਲੋ) ਬਰਾਮਦ ਹੋਈਆਂ।
ਕੀ ਹੋਈ ਪੁਲਸ ਕਾਰਵਾਈ
ਇੰਸਪੈਕਟਰ ਕਿੱਕਰ ਸਿੰਘ ਨੇ ਦੱਸਿਆ ਕਿ ਗੁਰਬਚਨ ਸਿੰਘ ਉਰਫ ਡੈਨ, ਜੋਤੀ, ਜਗਤਾਰ ਸਿੰਘ ਉਰਫ ਨਿੱਕਾ, ਕਰਮੂ ਉਰਫ ਫਿਨੀ ਸਾਰੇ ਨਿਵਾਸੀ ਮੋਗਾ ਖਿਲਾਫ ਚੋਰੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਗ੍ਰਿਫਤਾਰ ਕੀਤੇ ਗਏ ਉਕਤ ਗਿਰੋਹ ਦੇ ਦੋ ਮੈਂਬਰਾਂ ਨੂੰ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ, ਜਦਕਿ ਉਨ੍ਹਾਂ ਦੇ ਭਗੌੜੇ ਦੋ ਸਾਥੀਆਂ ਦੀ ਤਲਾਸ਼ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਅਕਾਲੀ-ਭਾਜਪਾ ਦਾ ਸਾਂਝਾ ਵਫ਼ਦ ਰਾਜਪਾਲ ਨੂੰ ਮਿਲਿਆ
NEXT STORY