ਰਾਏਕੋਟ(ਭੱਲਾ)-ਬੀਤੀ 9-10 ਨਵੰਬਰ 2017 ਦੀ ਰਾਤ ਨੂੰ ਸਥਾਨਕ ਸਵਾਮੀ ਰੂਪ ਚੰਦ ਜੈਨ ਦੀ ਸਮਾਧ ਤੋਂ ਸਵਾਮੀ ਰੂਪ ਚੰਦ ਜੀ ਦੇ ਸਮਾਰਕ 'ਤੇ ਲੱਗੀ ਚਾਂਦੀ 'ਚੋਂ 40 ਕਿਲੋਗ੍ਰਾਮ ਦੇ ਕਰੀਬ ਚਾਂਦੀ ਦੇ ਪੱਤਰੇ ਚੋਰੀ ਹੋ ਗਏ ਸਨ, ਜਿਸ ਦੇ ਸਬੰਧ 'ਚ ਸਿਟੀ ਪੁਲਸ ਵੱਲੋਂ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਪਾਸੋਂ 5 ਕਿਲੋਗ੍ਰਾਮ ਚਾਂਦੀ ਦੀ ਇਕ ਇੱਟ ਬਰਾਮਦ ਕੀਤੀ ਗਈ।
ਇਸ ਸਬੰਧੀ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਰਣਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਚੰਡੀਗੜ੍ਹ ਦੇ ਮੰਦਰਾਂ ਵਿਚੋਂ ਚੋਰੀ ਹੋ ਰਹੇ ਸੋਨੇ-ਚਾਂਦੀ ਦੇ ਗਹਿਣਿਆਂ ਸਬੰਧੀ ਚੰਡੀਗੜ੍ਹ ਦੇ ਸੈਕਟਰ 26 ਅਤੇ ਸੈਕਟਰ 17 ਵਿਚ ਦਰਜ ਮੁਕੱਦਮਿਆਂ ਸਬੰਧੀ ਵਿਚ ਚੰਡੀਗੜ੍ਹ ਪੁਲਸ ਵੱਲੋਂ ਕਥਿਤ ਦੋਸ਼ੀ ਰੇਸ਼ਮ ਸਿੰਘ ਪੁੱਤਰ ਠਾਕੁਰ ਸਿੰਘ ਵਾਸੀ ਪਿੰਡ ਗੋਬਾ ਜ਼ਿਲਾ ਊਧਮ ਸਿੰਘ ਨਗਰ ਉਤਰਾਖੰਡ ਤੇ ਹਰਜੀਤ ਸਿੰਘ ਪੁੱਤਰ ਗੰਨੂ ਸਿੰਘ ਵਾਸੀ ਪਿੰਡ ਲਾਟੀਪੁਰ ਜ਼ਿਲਾ ਮੇਰਠ ਯੂ. ਪੀ. ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਨ੍ਹਾਂ ਦੋਵਾਂ ਦੋਸ਼ੀਆਂ ਨੂੰ ਰਾਏਕੋਟ ਸਿਟੀ ਪੁਲਸ ਵੱਲੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਤੇ ਮਾਣਯੋਗ ਅਦਾਲਤ ਤੋਂ ਇਨ੍ਹਾਂ ਦਾ ਪੁਲਸ ਰਿਮਾਂਡ ਹਾਸਲ ਕਰ ਕੇ ਪੁੱਛਗਿਛ ਕੀਤੀ ਗਈ ਤਾਂ ਕਥਿਤ ਦੋਸ਼ੀਆਂ ਨੇ ਦੱਸਿਆ ਕਿ ਉਨ੍ਹਾਂ ਜੇਲ ਸਮਾਧ 'ਚੋਂ ਚਾਂਦੀ ਚੋਰੀ ਕਰ ਕੇ ਆਪਣੇ ਸਾਥੀਆਂ ਮੋਹਿਤ ਸ਼ਰਮਾ ਤੇ ਨਾਨਕ ਸਿੰਘ ਨਾਲ ਮਿਲ ਕੇ ਚਾਂਦੀ ਦੇ ਪੱਤਰੇ ਚਾਂਦੀ ਦੀ ਢਲਾਈ ਦਾ ਕੰਮ ਕਰਦੇ ਹਨੂਮਾਨ ਪੁੱਤਰ ਸਿੱਧ ਰਾਮ ਵਾਸੀ ਕਾਂਸ਼ੀਪੁਰ ਜ਼ਿਲਾ ਊਧਮ ਸਿੰਘ ਨਗਰ ਉਤਰਾਖੰਡ ਨੂੰ ਇਕ ਲੱਖ 75 ਹਜ਼ਾਰ 'ਚ ਵੇਚ ਦਿੱਤੇ। ਥਾਣਾ ਸਿਟੀ ਇੰਚਾਰਜ ਰਣਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਇਸ 'ਚੋਂ 70 ਹਜ਼ਾਰ ਰੁਪਏ ਹਰਜੀਤ ਸਿੰਘ, 35 ਹਜ਼ਾਰ ਰੁਪਏ ਨਾਨਕ ਸਿੰਘ ਤੇ 70 ਹਜ਼ਾਰ ਰੁਪਏ ਮੋਹਿਤ ਸ਼ਰਮਾ ਨੇ ਵੰਡ ਲਏ। ਪੁਲਸ ਵੱਲੋਂ ਚਾਂਦੀ ਦੇ ਖਰੀਦਦਾਰ ਹਨੂਮਾਨ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ, ਜਿਸ ਨੇ ਅੱਗੇ ਦੱਸਿਆ ਕਿ ਉਸ ਨੇ ਚਾਂਦੀ ਦੀ ਢਲਾਈ ਕਰ ਕੇ ਇੱਟ ਬਣਾ ਕੇ ਇਕ ਲੱਖ ਅਸੀਂ ਹਜ਼ਾਰ 'ਚ ਅੱਗੇ ਮਾਨਿਕ ਬਾਬਰ ਪੁੱਤਰ ਮਾਰੂਤੀ ਬਾਬਰ ਵਾਸੀ ਹਲਦਵਾਨੀ ਉਤਰਾਖੰਡ ਨੂੰ ਵੇਚ ਦਿੱਤੀ। ਸਿਟੀ ਇੰਚਾਰਜ ਨੇ ਦੱਸਿਆ ਕਿ ਪੁਲਸ ਵੱਲੋਂ ਹਨੂਮਾਨ ਦੀ ਨਿਸ਼ਾਨਦੇਹੀ 'ਤੇ ਮਾਨਿਕ ਬਾਬਰ ਨੂੰ ਗ੍ਰਿਫਤਾਰ ਕਰ ਕੇ ਉਸ ਪਾਸੋਂ 5 ਕਿਲੋ 10 ਗ੍ਰਾਮ ਦੀ ਚਾਂਦੀ ਦੀ ਇੱਟ ਵੀ ਬਰਾਮਦ ਕਰ ਲਈ ਗਈ ਹੈ। ਪੁਲਸ ਵੱਲੋਂ ਕਥਿਤ ਦੋਸ਼ੀਆਂ ਨੂੰ ਜੇਲ ਭੇਜ ਦਿੱਤਾ ਗਿਆ ਹੈ। ਥਾਣਾ ਸਿਟੀ ਮੁਖੀ ਰਣਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਕੇਸ 'ਚ ਲੋੜੀਂਦੇ ਕਥਿਤ ਦੋਸ਼ੀ ਮੋਹਿਤ ਸ਼ਰਮਾ ਤੇ ਨਾਨਕ ਸਿੰਘ ਅਜੇ ਫਰਾਰ ਹਨ। ਉਨ੍ਹਾਂ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਕਾਜ਼ੀ ਮੰਡੀ ਦਾ ਭੀਮਾ ਨਾਜਾਇਜ਼ ਸ਼ਰਾਬ ਦੀਆਂ 20 ਬੋਤਲਾਂ ਸਣੇ ਕਾਬੂ
NEXT STORY