ਬਠਿੰਡਾ (ਸੁਖਵਿੰਦਰ) : ਜ਼ਿਲ੍ਹੇ ਦੇ ਮੌੜ ਮੰਡੀ ਇਲਾਕੇ ’ਚ ਇਕ ਡਾਕਟਰ ਤੋਂ 2 ਕਰੋੜ ਰੁਪਏ ਦੀ ਫ਼ਿਰੌਤੀ ਮੰਗਣ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਸੀ. ਆਈ. ਏ.-2 ਦੇ ਇੰਸਪੈਕਟਰ ਕਰਨਦੀਪ ਸਿੰਘ ਦੀ ਅਗਵਾਈ ਵਾਲੀ ਪੁਲਸ ਟੀਮ ਨੇ ਕਾਬੂ ਕੀਤਾ ਹੈ। ਫੜ੍ਹੇ ਗਏ ਮੁਲਜ਼ਮਾਂ ਦੀ ਪਛਾਣ ਮਨਿੰਦਰ ਸਿੰਘ ਉਰਫ਼ ਅਮਨ, ਮਨਪ੍ਰੀਤ ਸਿੰਘ ਉਰਫ਼ ਮਨੀ ਵਾਸੀ ਸ਼ਹੀਦ ਭਗਤ ਸਿੰਘ ਨਗਰ ਅਤੇ ਜਸਕਰਨ ਸਿੰਘ ਵਾਸੀ ਪਿੰਡ ਬਹਿਬਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ। ਪੁਲਸ ਨੇ ਮੁਲਜ਼ਮਾਂ ਕੋਲੋਂ ਇਕ ਕਾਰ ਵੀ ਬਰਾਮਦ ਕੀਤੀ ਹੈ।
ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਦੀਪਕ ਪਾਰਿਕ ਨੇ ਦੱਸਿਆ ਕਿ 29 ਜੂਨ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਮੌੜ ਮੰਡੀ ਇਲਾਕੇ ਦੇ ਇਕ ਡਾਕਟਰ ਨੂੰ ਵੱਖ-ਵੱਖ ਨੰਬਰਾਂ ਤੋਂ ਫੋਨ ਕਰ ਕੇ 2 ਕਰੋੜ ਰੁਪਏ ਦੀ ਫ਼ਿਰੌਤੀ ਦੀ ਮੰਗ ਕੀਤੀ ਸੀ। ਫ਼ਿਰੌਤੀ ਦੀ ਰਕਮ ਨਾ ਦੇਣ ’ਤੇ ਡਾਕਟਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਐੱਸ. ਐੱਸ. ਪੀ. ਨੇ ਦੱਸਿਆ ਕਿ ਜਦੋਂ ਡਾਕਟਰ ਨੇ 2 ਕਰੋੜ ਰੁਪਏ ਦੀ ਫ਼ਿਰੌਤੀ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਮੁਲਜ਼ਮਾਂ ਨੇ 50 ਲੱਖ ਰੁਪਏ ਦੀ ਫ਼ਿਰੌਤੀ ਦੀ ਰਕਮ ਤੈਅ ਕਰ ਲਈ।
ਉਨ੍ਹਾਂ ਨੇ ਦੱਸਿਆ ਕਿ ਉਕਤ ਫ਼ਿਰੌਤੀ ਦੀ ਫੋਨ ਕਾਲ ਸਬੰਧੀ ਡਾਕਟਰ ਨੇ ਥਾਣਾ ਮੌੜ ਪੁਲਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਸ ਨੇ ਡਾਕਟਰ ਦੇ ਬਿਆਨਾਂ ’ਤੇ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਦੌਰਾਨ ਪਤਾ ਲੱਗਾ ਕਿ ਵਿਦੇਸ਼ੀ ਨੰਬਰ ਤੋਂ ਕਾਲ ਕਰਨ ਵਾਲੇ ਵਿਅਕਤੀ ਦੇ ਸਾਥੀ ਫ਼ਿਰੌਤੀ ਦੀ ਰਕਮ ਵਸੂਲਣ ਲਈ ਬਠਿੰਡਾ ਆਏ ਸਨ। ਇਸ ਤੋਂ ਬਾਅਦ ਸੀ.ਆਈ.ਏ.-2 ਦੇ ਇੰਸਪੈਕਟਰ ਕਰਨਦੀਪ ਸਿੰਘ ਦੀ ਅਗਵਾਈ ਹੇਠਲੀ ਪੁਲਸ ਟੀਮ ਨੇ ਯੋਜਨਾ ਤਹਿਤ ਕਾਰ ਸਵਾਰਾਂ ਮਨਿੰਦਰ ਸਿੰਘ ਉਰਫ਼ ਅਮਨ, ਮਨਪ੍ਰੀਤ ਸਿੰਘ ਉਰਫ਼ ਮਨੀ ਅਤੇ ਜਸਕਰਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਐੱਸ. ਐੱਸ. ਪੀ. ਨੇ ਦੱਸਿਆ ਕਿ ਮਾਮਲੇ ਦੀ ਜਾਂਚ ਅਜੇ ਜਾਰੀ ਹੈ। ਜਾਂਚ ਪੂਰੀ ਹੋਣ ਤਕ ਕੋਈ ਹੋਰ ਖ਼ੁਲਾਸਾ ਨਹੀਂ ਕੀਤਾ ਜਾ ਸਕਦਾ। ਪੁਲਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਤਾਂ ਜੋ ਮੁਲਜ਼ਮਾਂ ਦੇ ਵਿਦੇਸ਼ੀ ਸਬੰਧਾਂ ਦਾ ਵੀ ਪਤਾ ਲਗਾਇਆ ਜਾ ਸਕੇ।
ਜਲੰਧਰ 'ਚ ਅਕਾਲੀ ਦਲ ਨੂੰ ਝਟਕਾ, ਸੀਨੀਅਰ ਆਗੂ ਪਾਰਟੀ ਨੂੰ ਅਲਵਿਦਾ ਕਹਿ 'ਆਪ' ਹੋਇਆ ਸ਼ਾਮਲ
NEXT STORY