ਨਵੀਂ ਦਿੱਲੀ- ਦੁਨੀਆ ਭਰ ਦੇ ਕਈ ਦੇਸ਼ਾਂ ਵਿਚ ਜ਼ਮੀਨ ਹੇਠਲੇ ਪਾਣੀ ਵਿਚ ਆਰਸੈਨਿਕ ਹੋਣਾ ਇਕ ਵੱਡੀ ਸਮੱਸਿਆ ਹੈ। ਆਰਸੈਨਿਕ ਇਕ ਕੁਦਰਤੀ ਧਾਤੂ ਹੈ। ਰੰਗਹੀਣ ਅਤੇ ਗੰਧਹੀਣ ਸੁਭਾਅ ਦੇ ਕਾਰਨ ਲੋਕ ਆਰਸੈਨਿਕ ਯੁਕਤ ਪਾਣੀ ਪੀਂਦੇ ਰਹਿੰਦੇ ਹਨ। ਲੰਬੇ ਸਮੇਂ ਤੱਕ ਆਰਸੈਨਿਕ ਦੇ ਸੰਪਰਕ ਵਿਚ ਰਹਿਣ ਨਾਲ ਫੇਫੜਿਆਂ, ਬਲੈਡਰ ਅਤੇ ਗੁਰਦੇ ਦੇ ਕੈਂਸਰ ਦਾ ਖ਼ਤਰਾ ਵਧ ਜਾਂਦਾ ਹੈ।
ਇਸ ਤੋਂ ਇਲਾਵਾ ਚਮੜੀ ਵਿਚ ਹਾਈਪਰਕੇਰਾਟੋਸਿਸ ਅਤੇ ਪਿਗਮੈਂਟੇਸ਼ਨ ’ਚ ਬਦਲਾਅ ਹੋ ਸਕਦੇ ਹਨ। ਹਾਲਾਂਕਿ ਹਾਲ ਹੀ ਵਿਚ ਛਪੇ ਇਕ ਅਧਿਐਨ ਤੋਂ ਸਾਬਿਤ ਹੋਇਆ ਹੈ ਕਿ ਜੇਕਰ ਲੋਕ ਆਰਸੈਨਿਕ ਯੁਕਤ ਪਾਣੀ ਪੀਣਾ ਬੰਦ ਕਰ ਦੇਣ ਤਾਂ ਮੌਤ ਦਾ ਖ਼ਤਰਾ 50 ਫੀਸਦੀ ਤੱਕ ਘੱਟ ਹੋ ਸਕਦਾ ਹੈ, ਭਾਵੇਂ ਉਹ ਕਈ ਸਾਲਾਂ ਤੋਂ ਇਸ ਦੇ ਸੰਪਰਕ ਵਿਚ ਰਹੇ ਹੋਣ। ਇਕ ਰਿਪੋਰਟ ਦੇ ਅਨੁਸਾਰ ਦੇਸ਼ ਭਰ ਦੇ 25 ਸੂਬਿਆਂ ਵਿਚ ਲੱਗਭਗ 230 ਜ਼ਿਲੇ ਜ਼ਮੀਨ ਹੇਠਲੇ ਪਾਣੀ ਵਿਚ ਵਧ ਰਹੇ ਆਰਸੈਨਿਕ ਦੇ ਪੱਧਰ ਤੋਂ ਪੀੜਤ ਹਨ। ਵਿਸ਼ਵ ਪੱਧਰ ’ਤੇ ਲੱਗਭਗ 500 ਮਿਲੀਅਨ ਲੋਕ ਧਰਤੀ ਹੇਠਲੇ ਪਾਣੀ ਵਿਚ ਆਰਸੈਨਿਕ ਦੀ ਸਮੱਸਿਆ ਨਾਲ ਜੂਝ ਰਹੇ ਹਨ।

11,000 ਬਾਲਗਾਂ ’ਤੇ 20 ਸਾਲਾਂ ਤੱਕ ਕੀਤੀ ਖੋਜ
ਇਸ ਸੰਬੰਧੀ ਕੋਲੰਬੀਆ ਯੂਨੀਵਰਸਿਟੀ, ਕੋਲੰਬੀਆ ਮੇਲਮੈਨ ਸਕੂਲ ਆਫ਼ ਪਬਲਿਕ ਹੈਲਥ ਅਤੇ ਨਿਊਯਾਰਕ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਬੰਗਲਾਦੇਸ਼ ਵਿਚ ਲੱਗਭਗ 11,000 ਬਾਲਗਾਂ ’ਤੇ 20 ਸਾਲਾਂ ਤੱਕ ਖੋਜ ਕੀਤੀ ਹੈ। ‘ਜਨਰਲ ਆਫ਼ ਦ ਅਮੈਰੀਕਨ ਮੈਡੀਕਲ ਐਸੋਸੀਏਸ਼ਨ’ ਵਿਚ ਛਪੇ ਇਸ ਅਧਿਐਨ ਨੂੰ ਹੁਣ ਤੱਕ ਦਾ ਸਭ ਤੋਂ ਮਜ਼ਬੂਤ ਅਤੇ ਲੰਬੇ ਸਮੇਂ ਦਾ ਅਧਿਐਨ ਮੰਨਿਆ ਜਾ ਰਿਹਾ, ਜਿਸ ਨੇ ਸਿੱਧੇ ਤੌਰ ’ਤੇ ਆਰਸੈਨਿਕ-ਮੁਕਤ ਪਾਣੀ ਦੇ ਸਿਹਤ ਸੰਬੰਧੀ ਲਾਭਾਂ ਨੂੰ ਇਕ-ਇਕ ਵਿਅਕਤੀ ’ਤੇ ਮਾਪਿਆ।
‘ਡਾਊਨ ਟੂ ਅਰਥ’ ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਮਰੀਕਾ ਸਮੇਤ ਦੁਨੀਆ ਭਰ ਦੇ ਕਈ ਦੇਸ਼ਾਂ ਵਿਚ ਲੱਖਾਂ ਲੋਕ ਅਜੇ ਵੀ ਜ਼ਮੀਨ ਹੇਠਲੇ ਪਾਣੀ ’ਤੇ ਨਿਰਭਰ ਕਰਦੇ ਹਨ, ਜਿਸ ਵਿਚ ਆਰਸੈਨਿਕ ਪੱਧਰ ਤੈਅ ਹੱਦ ਤੋਂ ਵੱਧ ਹੋ ਸਕਦਾ ਹੈ। ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) 10 ਮਾਈਕ੍ਰੋਗ੍ਰਾਮ ਪ੍ਰਤੀ ਲੀਟਰ ਤੋਂ ਉੱਪਰ ਆਰਸੈਨਿਕ ਪੱਧਰ ਨੂੰ ਅਸੁਰੱਖਿਅਤ ਮੰਨਦਾ ਹੈ। ਬੰਗਲਾਦੇਸ਼ ਵਿਚ ਇਹ ਸਮੱਸਿਆ ਇੰਨੀ ਵਿਆਪਕ ਹੈ ਕਿ ਡਬਲਿਊ. ਐੱਚ. ਓ. ਇਸ ਨੂੰ ‘ਮਨੁੱਖੀ ਇਤਿਹਾਸ ਵਿਚ ਸਭ ਤੋਂ ਵੱਡਾ ਸਮੂਹਿਕ ਜ਼ਹਿਰ’ ਕਹਿੰਦਾ ਹੈ।

ਬੰਗਲਾਦੇਸ਼ ਦੇ ਅਰਾਈਜ਼ਰ ਇਲਾਕੇ ’ਚ ਕੀਤਾ ਗਿਆ ਅਧਿਐਨ
ਇਹ ਅਧਿਐਨ ਬੰਗਲਾਦੇਸ਼ ਦੇ ਅਰਾਈਜ਼ਰ ਇਲਾਕੇ ਵਿਚ ਕੀਤਾ ਗਿਆ ਸੀ, ਜਿੱਥੇ ਹਜ਼ਾਰਾਂ ਪਰਿਵਾਰ ਪੀਣ ਵਾਲੇ ਪਾਣੀ ਲਈ ਟਿਊਬਵੈੱਲਾਂ ’ਤੇ ਨਿਰਭਰ ਕਰਦੇ ਹਨ। ਇਨ੍ਹਾਂ ਟਿਊਬਵੈੱਲਾਂ ਵਿਚ ਆਰਸੈਨਿਕ ਦਾ ਪੱਧਰ ਇਕ ਖੂਹ ਤੋਂ ਦੂਜੇ ਖੂਹ ਤੱਕ ਬਹੁਤ ਵੱਖ ਹੈ। ਖੋਜੀਆਂ ਦਾ ਕਹਿਣਾ ਹੈ ਕਿ 10,000 ਤੋਂ ਵੱਧ ਖੂਹਾਂ ਦੀ ਜਾਂਚ ਕੀਤੀ ਗਈ ਅਤੇ ਅਧਿਐਨ ’ਚ ਸ਼ਾਮਲ ਹਿੱਸੇਦਾਰਾਂ ਦੇ ਪਿਸ਼ਾਬ ਵਿਚ ਆਰਸੈਨਿਕ ਦੇ ਪੱਧਰ ਨੂੰ ਵਾਰ-ਵਾਰ ਮਾਪਿਆ ਗਿਆ। ਹਰੇਕ ਵਿਅਕਤੀ ਦੇ 20 ਸਾਲਾਂ ਤੱਕ ਸਿਹਤ ਸੰਬੰਧੀ ਅੰਕੜੇ ਇਕੱਠੇ ਕੀਤੇ ਗਏ ਹਨ।
ਫਿਰ ਮੌਤ ਦੇ ਕਾਰਨਾਂ ਨੂੰ ਰਿਕਾਰਡ ਕੀਤਾ ਗਿਆ। ਇਸ ਵਿਧੀ ਨੂੰ ਬਹੁਤ ਭਰੋਸੇਯੋਗ ਮੰਨਿਆ ਜਾਂਦਾ ਹੈ ਕਿਉਂਕਿ ਪਿਸ਼ਾਬ ਦੀ ਜਾਂਚ ਸਰੀਰ ਵਿਚ ਅਸਲ ਆਰਸੈਨਿਕ ਦੇ ਪੱਧਰ ਨੂੰ ਦਰਸਾਉਂਦੀ ਹੈ। ਅਧਿਐਨ ਦੇ ਨਤੀਜੇ ਦਰਸਾਉਂਦੇ ਹਨ ਕਿ ਜਿਨ੍ਹਾਂ ਲੋਕਾਂ ਨੇ ਉੱਚ ਪੱਧਰੀ ਆਰਸੈਨਿਕ ਪਾਣੀ ਨੂੰ ਘੱਟ-ਆਰਸੈਨਿਕ ਪਾਣੀ ਵਿਚ ਬਦਲਿਆ, ਉਨ੍ਹਾਂ ਦੀ ਮੌਤ ਦਾ ਜ਼ੋਖਮ 50 ਫੀਸਦੀ ਘਟ ਗਿਆ। ਜਿਨ੍ਹਾਂ ਲੋਕਾਂ ਦੇ ਪਿਸ਼ਾਬ ਵਿਚ ਆਰਸੈਨਿਕ ਦਾ ਪੱਧਰ ਉੱਚ ਤੋਂ ਹੇਠਲੇ ਪੱਧਰ ਤੱਕ ਘਟਿਆ, ਉਨ੍ਹਾਂ ਦੀ ਮੌਤ ਦਰ ਉਨ੍ਹਾਂ ਲੋਕਾਂ ਦੇ ਸਮਾਨ ਸੀ, ਜੋ ਕਦੇ ਵੀ ਆਰਸੈਨਿਕ ਦੇ ਉੱਚ ਪੱਧਰ ਦੇ ਸੰਪਰਕ ਵਿਚ ਨਹੀਂ ਆਏ ਸਨ।

ਐਪ ਰਾਹੀਂ ਸੁਰੱਖਿਅਤ ਖੂਹਾਂ ਬਾਰੇ ਜਾਣਕਾਰੀ
ਖੋਜ ’ਚ ਦੱਸਿਆ ਗਿਆ ਹੈ ਕਿ ਜਦੋਂ ਲੋਕਾਂ ਕੋਲ ਆਰਸੈਨਿਕ-ਮੁਕਤ ਪਾਣੀ ਦੀ ਪਹੁੰਚ ਹੁੰਦੀ ਹੈ, ਤਾਂ ਉਹ ਨਾ ਸਿਰਫ਼ ਭਵਿੱਖ ’ਚ ਲੱਗਣ ਵਾਲੀਆਂ ਬਿਮਾਰੀਆਂ ਤੋਂ ਬਚਦੇ ਹਨ, ਸਗੋਂ ਪਿਛਲੇ ਸਮੇਂ ’ਚ ਲੱਗੀਆਂ ਬਿਮਾਰੀਆਂ ਕਾਰਨ ਹੋਏ ਨੁਕਸਾਨ ਤੋਂ ਵੀ ਉਭਰਨਾ ਸ਼ੁਰੂ ਕਰ ਦਿੰਦੇ ਹਨ। ਇਹ ਅਧਿਐਨ ਅੱਜ ਤੱਕ ਦਾ ਸਭ ਤੋਂ ਠੋਸ ਸਬੂਤ ਪ੍ਰਦਾਨ ਕਰਦਾ ਹੈ ਕਿ ਆਰਸੈਨਿਕ ਘਟਾਉਣ ਨਾਲ ਮੌਤ ਦੇ ਜ਼ੋਖਮ ਨੂੰ ਘਟਾਇਆ ਜਾ ਸਕਦਾ ਹੈ।
ਖੋਜਕਰਤਾਵਾਂ ਨੇ ਬੰਗਲਾਦੇਸ਼ ਸਰਕਾਰ ਦੇ ਸਹਿਯੋਗ ਨਾਲ ‘ਨਲਕੂਪ’ ਨਾਂ ਦੀ ਇਕ ਐਪ ਵੀ ਵਿਕਸਤ ਕੀਤੀ ਹੈ, ਜੋ ਲੱਖਾਂ ਖੂਹਾਂ ਦਾ ਆਰਸੈਨਿਕ ਡਾਟਾ ਪ੍ਰਦਾਨ ਕਰਦੀ ਹੈ। ਲੋਕ ਐਪ ’ਤੇ ਆਪਣੇ ਨੇੜੇ ਸੁਰੱਖਿਅਤ ਖੂਹਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ, ਜਿਸ ਨਾਲ ਸਰਕਾਰੀ ਅਧਿਕਾਰੀ ਇਹ ਤੈਅ ਕਰ ਸਕਦੇ ਹਨ ਕਿ ਕਿਹੜੇ ਇਲਾਕਿਆਂ ਨੂੰ ਨਵੇਂ ਡੂੰਘੇ ਖੂਹਾਂ ਦੀ ਸਭ ਤੋਂ ਵੱਧ ਲੋੜ ਹੈ।
ਪੰਜਾਬ ਦੇ 12 ਜ਼ਿਲਿਆਂ ਵਿਚ ਪਾਣੀ ’ਚ ਆਰਸੈਨਿਕ ਦਾ ਪੱਧਰ ਬਹੁਤ ਜ਼ਿਆਦਾ
ਜਲ ਸਰੋਤ ਮੰਤਰਾਲੇ ਦੀ ਇਕ ਰਿਪੋਰਟ ਦੇ ਅਨੁਸਾਰ ਪੰਜਾਬ ਦੇ 12 ਜ਼ਿਲਿਆਂ ਵਿਚ ਪਾਣੀ ’ਚ ਆਰਸੈਨਿਕ ਦਾ ਪੱਧਰ ਤੈਅ ਹੱਦ ਤੋਂ ਵੱਧ ਪਾਇਆ ਗਿਆ ਹੈ। ਇਹ ਰਿਪੋਰਟ ਇਸ ਸਾਲ ਮਾਰਚ ਵਿਚ ਲੋਕ ਸਭਾ ’ਚ ਪੇਸ਼ ਕੀਤੀ ਗਈ ਸੀ। ਰਿਪੋਰਟ ਦੇ ਅਨੁਸਾਰ ਅੰਮ੍ਰਿਤਸਰ, ਫਾਜ਼ਿਲਕਾ, ਫਿਰੋਜ਼ਪੁਰ, ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ, ਸ੍ਰੀ ਮੁਕਤਸਰ ਸਾਹਿਬ, ਪਠਾਨਕੋਟ, ਪਟਿਆਲਾ, ਰੂਪਨਗਰ, ਮੋਹਾਲੀ ਅਤੇ ਤਰਨਤਾਰਨ ਜ਼ਿਲਿਆਂ ਵਿਚ ਪਾਣੀ ’ਚ ਆਰਸੈਨਿਕ ਦਾ ਪੱਧਰ 10 ਪੀ. ਪੀ. ਬੀ. ਤੋਂ ਵੱਧ ਪਾਇਆ ਗਿਆ। ਸੂਬੇ ਵਿਚ 908 ਨਮੂਨਿਆਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿਚੋਂ 4.8 ਫੀਸਦੀ ਫੇਲ੍ਹ ਹੋ ਗਏ।
ਕੇਂਦਰ ਸਰਕਾਰ ਨੇ ਕਿਹਾ ਕਿ ਇਸ ਸਮੱਸਿਆ ਨੂੰ ਹੱਲ ਕਰਨ ਲਈ ਤੁਰੰਤ ਕਾਰਵਾਈ ਦੀ ਲੋੜ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸੂਬੇ ਦੇ 20 ਜ਼ਿਲਿਆਂ ਵਿਚ ਨਾਈਟ੍ਰੇਟ ਦਾ ਪੱਧਰ 45 ਮਿਲੀਗ੍ਰਾਮ ਪ੍ਰਤੀ ਲੀਟਰ ਤੋਂ ਵਧ ਹੈ। ਬਠਿੰਡਾ ਜ਼ਿਲਾ ਨਾਈਟ੍ਰੇਟ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੈ। ਨਾਈਟ੍ਰੇਟ ਦੇ ਪੱਧਰ ਨੂੰ ਨਿਰਧਾਰਤ ਕਰਨ ਲਈ ਲਏ ਗਏ 922 ਨਮੂਨਿਆਂ ਵਿਚੋਂ 116 (12.58 ਫੀਸਦੀ) ਟੈਸਟ ਵਿਚ ਫੇਲ ਹੋਏ, ਜੋ ਕਿ ‘ਬਲੂ ਬੇਬੀ ਸਿੰਡਰੋਮ’ ਅਤੇ ਨਵਜੰਮੇ ਬੱਚਿਆਂ ਵਿਚ ਹੋਰ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ।

ਕਾਰਨ
ਭੂ-ਵਿਗਿਆਨਕ ਸਰੋਤ
ਚੱਟਾਨਾਂ ਅਤੇ ਖਣਿਜਾਂ (ਜਿਵੇਂ ਕਿ ਆਰਸਨੋਪਾਇਰਾਈਟ, ਰੀਅਲਗਰ) ਵਿਚ ਕੁਦਰਤੀ ਤੌਰ ’ਤੇ ਮੌਜੂਦ ਆਰਸੈਨਿਕ ਜ਼ਮੀਨ ਹੇਠਲੇ ਪਾਣੀ ਵਿਚ ਘੁਲ ਜਾਂਦਾ ਹੈ।
ਜਵਾਲਾਮੁਖੀ ਗਤੀਵਿਧੀਆਂ
ਕੁਝ ਜਵਾਲਾਮੁਖੀ ਪ੍ਰਭਾਵਿਤ ਖੇਤਰਾਂ ਵਿਚ ਥਰਮਲ ਸਪ੍ਰਿੰਗਸ ਅਤੇ ਭੂ-ਵਿਗਿਆਨਕ ਪ੍ਰਕਿਰਿਆਵਾਂ ਸਤ੍ਹਾ ਅਤੇ ਜ਼ਮੀਨ ਹੇਠਲੇ ਪਾਣੀ ਵਿਚ ਆਰਸੈਨਿਕ ਦੇ ਉੱਚ ਪੱਧਰ ਦਾ ਕਾਰਨ ਬਣ ਸਕਦੀਆਂ ਹਨ।
ਜੈਵਿਕ ਰਹਿੰਦ-ਖੂੰਹਦ
ਆਰਸੈਨਿਕ ਯੁਕਤ ਸਲਫਾਈਡਾਂ ਦਾ ਆਕਸੀਕਰਨ ਵੀ ਇਕ ਕੁਦਰਤੀ ਪ੍ਰਕਿਰਿਆ ਹੈ, ਜੋ ਜ਼ਮੀਨ ਹੇਠਲੇ ਪਾਣੀ ਵਿਚ ਆਰਸੈਨਿਕ ਛੱਡਦੀ ਹੈ।
ਮਾਈਨਿੰਗ
ਸੋਨੇ ਅਤੇ ਹੋਰ ਖਣਿਜਾਂ ਲਈ ਮਾਈਨਿੰਗ ਗੰਦੇ ਪਾਣੀ ਵਿਚ ਆਰਸੈਨਿਕ ਛੱਡ ਸਕਦੀ ਹੈ, ਜੋ ਜ਼ਮੀਨ ਹੇਠਲੇ ਪਾਣੀ ਨੂੰ ਦੂਸ਼ਿਤ ਕਰ ਸਕਦੀ ਹੈ।
ਉਦਯੋਗਿਕ ਰਹਿੰਦ-ਖੂੰਹਦ
ਵੱਖ-ਵੱਖ ਉਦਯੋਗ, ਜਿਵੇਂ ਕਿ ਰਸਾਇਣਕ ਅਤੇ ਰੰਗਾਈ ਉਦਯੋਗ ਆਰਸੈਨਿਕ ਯੁਕਤ ਗੰਦਾ ਪਾਣੀ ਛੱਡ ਸਕਦੇ ਹਨ, ਜੋ ਜ਼ਮੀਨ ਹੇਠਲੇ ਪਾਣੀ ਵਿਚ ਰਿਸ ਸਕਦਾ ਹੈ।
ਖੇਤੀਬਾੜੀ ਅਭਿਆਸ
ਆਰਸੈਨਿਕ ਯੁਕਤ ਕੀਟਨਾਸ਼ਕਾਂ ਅਤੇ ਖਾਦਾਂ ਦੀ ਵਰਤੋਂ ਜ਼ਮੀਨ ਹੇਠਲੇ ਪਾਣੀ ਦੇ ਪ੍ਰਦੂਸ਼ਣ ਦਾ ਕਾਰਨ ਬਣ ਸਕਦੀ ਹੈ।
ਧਰਤੀ ਹੇਠੋਂ ਬਹੁਤ ਜ਼ਿਆਦਾ ਪਾਣੀ ਕੱਢਣਾ
ਜ਼ਮੀਨ ਹੇਠਲੇ ਪਾਣੀ ਬਹੁਤ ਜ਼ਿਆਦਾ ਮਾਤਰਾ ਵਿਚ ਕੱਢਣ ਨਾਲ ਡੂੰਘਾਈ ਤੋਂ ਆਰਸੈਨਿਕ ਯੁਕਤ ਪਾਣੀ ਸਤ੍ਹਾ ’ਤੇ ਆ ਸਕਦਾ ਹੈ।
ਆਰਸੈਨਿਕ ਤੋਂ ਬਚਣ ਲਈ ਕੀ ਕਰੀਏ ਉਪਾਅ
ਸੁਰੱਖਿਅਤ ਪਾਣੀ ਪੀਓ
ਯਕੀਨੀ ਬਣਾਓ ਕਿ ਤੁਸੀਂ ਫਿਲਟਰ ਕੀਤਾ ਜਾਂ ਸ਼ੁੱਧ ਕੀਤਾ ਹੋਇਆ ਪਾਣੀ ਪੀਓ। ਆਰ.ਓ. ਵਾਟਰ ਪਿਓਰੀਫਾਇਰ ਵਰਗੇ ਫਿਲਟਰ ਆਰਸੈਨਿਕ ਨੂੰ ਹਟਾਉਣ ਵਿਚ ਪ੍ਰਭਾਵਸ਼ਾਲੀ ਹੋ ਸਕਦੇ ਹਨ।
ਆਰਸੈਨਿਕ ਹਟਾਉਣਾ
ਪਾਣੀ ਵਿਚੋਂ ਆਰਸੈਨਿਕ ਨੂੰ ਹਟਾਉਣ ਲਈ ਆਕਸੀਕਰਨ-ਫਿਲਟਰੇਸ਼ਨ ਵਰਗੀ ਤਕਨੀਕ ਦੀ ਵਰਤੋਂ ਕਰੋ, ਜੋ ਆਰਸੈਨਿਕ ਨੂੰ ਇਕ ਅਜਿਹੇ ਰੂਪ ’ਚ ਬਦਲਦੀ ਹੈ, ਜਿਸ ਨੂੰ ਆਸਾਨੀ ਨਾਲ ਫਿਲਟਰ ਕੀਤਾ ਜਾ ਸਕਦਾ ਹੈ।
ਬਾਇਓਸੈਂਡ ਫਿਲਟਰ ਦੀ ਵਰਤੋਂ ਕਰੋ
ਬਾਇਓਸੈਂਡ ਫਿਲਟਰ ਵਰਗੇ ਘੱਟ ਲਾਗਤ ਵਾਲੇ ਹੱਲ ਆਰਸੈਨਿਕ ਨੂੰ ਹਟਾਉਣ ਵਿਚ ਪ੍ਰਭਾਵਸ਼ਾਲੀ ਹੋ ਸਕਦੇ ਹਨ।
ਮੀਂਹ ਦੇ ਪਾਣੀ ਦੀ ਸੰਭਾਲ
ਮੀਂਹ ਦੇ ਪਾਣੀ ਦੀ ਸੰਭਾਲ ਅਤੇ ਵਾਟਰਸ਼ੈੱਡ ਪ੍ਰਬੰਧਨ ਤਕਨੀਕਾਂ ਨੂੰ ਅਪਣਾਉਣ ਨਾਲ ਆਰਸੈਨਿਕ-ਮੁਕਤ ਪਾਣੀ ਦੀ ਸਪਲਾਈ ਯਕੀਨੀ ਬਣਾਉਣ ’ਚ ਮਦਦ ਮਿਲ ਸਕਦੀ ਹੈ।
Punjab : RSS ਆਗੂ ਦੇ ਪੁੱਤ ਦਾ ਕਤਲ ਕਰਨ ਵਾਲੇ ਮਾਸਟਰਮਾਈਂਡ ਦਾ ਐਨਕਾਊਂਟਰ, ਚੱਲੀਆਂ ਗੋਲੀਆਂ (ਵੀਡੀਓ)
NEXT STORY