ਮੋਹਾਲੀ (ਨਿਆਮੀਆਂ) : ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਵਾਸੀ ਮੋਹਾਲੀ ਦਾ ਟੀ-20 ਵਿਸ਼ਵ ਕੱਪ ਜਿੱਤ ਕੇ ਸ਼ਹਿਰ ਪਰਤਣ ’ਤੇ ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਪੰਜਾਬ ਰਾਜ ਦੇ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ, ਮੋਹਾਲੀ ਦੇ ਐੱਸ.ਐੱਸ.ਪੀ. ਡਾਕਟਰ ਸੰਦੀਪ ਗਰਗ, ਚੰਡੀਗੜ੍ਹ ਯੂਨੀਵਰਸਿਟੀ ਦੇ ਖੇਡ ਨਿਰਦੇਸ਼ਕ ਦੀਪਕ ਕੁਮਾਰ ਨੇ ਅਰਸ਼ਦੀਪ ਦਾ ਹਵਾਈ ਅੱਡੇ ’ਤੇ ਫੁੱਲਾਂ ਨਾਲ ਸਵਾਗਤ ਕੀਤਾ।

ਅਰਸ਼ਦੀਪ ਸਿੰਘ ਨੂੰ ਲੈਣ ਲਈ ਉਸ ਦੇ ਕੋਚ ਜਸਵੰਤ ਰਾਏ, ਪਿਤਾ ਦਰਸ਼ਨ ਸਿੰਘ, ਉਸ ਦੀ ਮਾਤਾ ਬਲਜੀਤ ਕੌਰ ਅਤੇ ਭੈਣ ਪਹੁੰਚੇ ਹੋਏ ਸਨ। ਇਸ ਮੌਕੇ ਗੱਲਬਾਤ ਕਰਦਿਆਂ ਅਰਸ਼ਦੀਪ ਸਿੰਘ ਨੇ ਕਿਹਾ ਕਿ ਇਹ ਮੇਰੇ ਲਈ ਖੁਸ਼ਕਿਸਮਤੀ ਵਾਲੀ ਗੱਲ ਹੈ ਕਿ ਮੈਂ ਭਾਰਤ ਦੀ ਜਿੱਤ ਵਿਚ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਮੈਂ ਇੰਨਾ ਖੁਸ਼ ਹਾਂ ਕਿ ਬਿਆਨ ਨਹੀਂ ਕਰ ਸਕਦਾ।
ਓਪਨ ਜੀਪ ’ਤੇ ਹੋਇਆ ਸਵਾਰ
ਅਰਸ਼ਦੀਪ ਸਿੰਘ ਦਾ ਏਅਰਪੋਰਟ ’ਤੇ ਨਿੱਘਾ ਸਵਾਗਤ ਕੀਤਾ ਗਿਆ। ਓਪਨ ਜੀਪ ਨੂੰ ਪਰਿਵਾਰਕ ਮੈਂਬਰਾਂ ਵੱਲੋਂ ਪੂਰੀ ਤਰ੍ਹਾਂ ਸਜਾਇਆ ਗਿਆ ਸੀ, ਜਿਸ ’ਤੇ ਸਵਾਰ ਹੋਏ ਅਰਸ਼ਦੀਪ ਨੂੰ ਫੁੱਲਾਂ ਦੇ ਹਾਰ ਪਾਏ ਗਏ। ਅਰਸ਼ਦੀਪ ਦੇ ਪਿਤਾ ਦਰਸ਼ਨ ਸਿੰਘ ਦੇ ਨਾਲ ਉਨ੍ਹਾਂ ਦੇ ਕੋਚ ਜਸਵੰਤ ਰਾਏ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਜਦੋਂ ਉਨ੍ਹਾਂ ਦੇ ਸਮਰਥਕਾਂ ਸਮੇਤ ਪਰਿਵਾਰਕ ਮੈਂਬਰਾਂ ਦਾ ਕਾਫਲਾ ਹਵਾਈ ਅੱਡੇ ਤੋਂ ਖਰੜ ਸਥਿਤ ਅਰਸ਼ਦੀਪ ਸਿੰਘ ਦੇ ਘਰ ਵੱਲ ਰਵਾਨਾ ਹੋਇਆ ਤਾਂ ਸੜਕ ’ਤੇ ਖੜ੍ਹੇ ਲੋਕਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਲੋਕ ਆਪਣੇ ਮੋਬਾਇਲ ਫੋਨ ’ਤੇ ਆਪਣੇ ਪਸੰਦੀਦਾ ਖਿਡਾਰੀ ਦੀ ਫੋਟੋ ਖਿੱਚਣ ਲਈ ਖੜ੍ਹੇ ਦਿਖਾਈ ਦਿੱਤੇ। ਇਸ ਤੋਂ ਬਾਅਦ ਕਾਰਾਂ ਦਾ ਕਾਫਲਾ ਸਿੱਧਾ ਅਰਸ਼ਦੀਪ ਸਿੰਘ ਦੇ ਘਰ ਰੰਧਾਵਾ ਰੋਡ ਖਰੜ ਐੱਨ.ਆਰ.ਆਈ. ਕਾਲੋਨੀ ਵੱਲ ਚਲਾ ਗਿਆ।

ਕ੍ਰਿਕਟ ਪ੍ਰਸ਼ੰਸਕਾਂ ਦੀ ਉਮੜੀ ਭੀੜ
ਟੀ-20 ਵਿਸ਼ਵ ਕੱਪ ਦੇ ਸਰਵੋਤਮ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦੀ ਸ਼ਹਿਰ ਵਾਪਸੀ ਦੌਰਾਨ ਏਅਰਪੋਰਟ ’ਤੇ ਕ੍ਰਿਕਟ ਪ੍ਰੇਮੀਆਂ ਦੀ ਭੀੜ ਇਕੱਠੀ ਹੋ ਗਈ। ਇਸ ਦੌਰਾਨ ਭੀੜ ਨੂੰ ਕਾਬੂ ਕਰਨ ਲਈ ਪੁਲਸ ਨੂੰ ਕਾਫੀ ਮੁਸ਼ੱਕਤ ਕਰਨੀ ਪਈ। ਇਸ ਦੌਰਾਨ ਪ੍ਰਸ਼ੰਸਕ ਭਾਰਤ ਮਾਤਾ ਦੀ ਜੈ ਅਤੇ ਅਰਸ਼ਦੀਪ ਦੇ ਨਾਅਰੇ ਲਗਾਉਂਦੇ ਨਜ਼ਰ ਆਏ। ਇਸ ਦੇ ਨਾਲ ਹੀ ਅਰਸ਼ਦੀਪ ਸਿੰਘ ਦੇ ਪਰਿਵਾਰਕ ਮੈਂਬਰ, ਕੋਚ ਅਤੇ ਰਿਸ਼ਤੇਦਾਰ ਪੰਜਾਬੀ ਢੋਲ ’ਤੇ ਨੱਚਦੇ ਨਜ਼ਰ ਆਏ। ਅਰਸ਼ਦੀਪ ਦੇ ਸਵਾਗਤ ਲਈ ਹਵਾਈ ਅੱਡੇ ’ਤੇ ਸੈਂਕੜੇ ਪ੍ਰਸ਼ੰਸਕ ਇਕੱਠੇ ਹੋਏ, ਜਦਕਿ ਪੰਜਾਬ ਕਿੰਗਜ਼ ਦੇ ਅਧਿਕਾਰੀਆਂ ਨੇ ਉਸ ਨੂੰ ਹਾਰ ਪਹਿਨਾਏ ਅਤੇ ਮਠਿਆਈਆਂ ਵੰਡੀਆਂ।

ਏਅਰਪੋਰਟ ’ਤੇ ਅਰਸ਼ਦੀਪ ਸਿੰਘ ਦਾ ਸਵਾਗਤ ਕਰਨ ਲਈ ਪੰਜਾਬ ਕਿੰਗਜ਼ ਦੇ ਸੀ.ਈ.ਓ. ਸਤੀਸ਼ ਮੈਨਨ, ਸੀ.ਐੱਫ.ਓ.ਐੱਲ.ਸੀ. ਗੁਪਤਾ, ਸੀ.ਸੀ.ਓ. ਏਅਰਪੋਰਟ ’ਤੇ ਸੌਰਭ ਅਰੋੜਾ ਅਤੇ ਆਸ਼ੀਸ਼ ਤੁਲੀ (ਜਨਰਲ ਮੈਨੇਜਰ ਕ੍ਰਿਕਟ ਸੰਚਾਲਨ) ਨੇ ਵੀ ਸਟਾਰ ਗੇਂਦਬਾਜ਼ ਦਾ ਦਿਲੋਂ ਸਵਾਗਤ ਕੀਤਾ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਪੰਜਾਬ ਨੂੰ ਅਰਸ਼ਦੀਪ ਸਿੰਘ ’ਤੇ ਮਾਣ ਹੈ ਅਤੇ ਉਸ ਨੇ ਭਾਰਤ ਨੂੰ ਵਿਸ਼ਵ ਕੱਪ ਜਿਤਾਉਣ ’ਚ ਅਹਿਮ ਭੂਮਿਕਾ ਨਿਭਾਈ ਹੈ। ਨੌਜਵਾਨਾਂ ਨੇ ਅਰਸ਼ਦੀਪ ਦੇ ਪਰਿਵਾਰ ਨੂੰ ਵੀ ਜਿੱਤ ਲਈ ਵਧਾਈ ਦਿੱਤੀ। ਅਰਸ਼ਦੀਪ ਸਿੰਘ ਦੇ ਪਿਤਾ ਦਰਸ਼ਨ ਸਿੰਘ ਨੇ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਲੜਕੇ ਨੇ ਦੇਸ਼ ਦੀ ਜਿੱਤ ਵਿਚ ਸ਼ਾਨਦਾਰ ਭੂਮਿਕਾ ਨਿਭਾਈ ਹੈ।

ਅਰਸ਼ਦੀਪ ਆਈ.ਪੀ.ਐੱਲ. ਵਿਚ ਡੈੱਥ ਓਵਰਾਂ ਵਿਚ ਗੇਂਦਬਾਜ਼ੀ ਕਰਨ ਵਿਚ ਮਾਹਿਰ ਹੈ ਤੇ ਪੰਜਾਬ ਕਿੰਗਜ਼ ਲਈ ਖੇਡਦੇ ਹੋਏ ਉਸ ਨੇ ਕਈ ਟੂਰਨਾਮੈਂਟਾਂ ’ਚ ਕਿੰਗਜ਼ ਨੂੰ ਜਿੱਤ ਦਿਵਾਈ ਹੈ। ਦੱਖਣੀ ਅਫਰੀਕਾ ਖਿਲਾਫ਼ ਫਾਈਨਲ ਮੈਚ ਵਿਚ ਅਰਸ਼ਦੀਪ ਨੇ ਚਾਰ ਓਵਰਾਂ ਵਿਚ ਪੰਜ ਦੀ ਔਸਤ ਨਾਲ 20 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਚੋਣ ਪ੍ਰਚਾਰ ਦੌਰਾਨ CM ਮਾਨ ਦਾ ਵੱਡਾ ਐਲਾਨ, ਕਿਹਾ- 'ਔਰਤਾਂ ਨੂੰ ਜਲਦ ਮਿਲਣਗੇ ਹਰ ਮਹੀਨੇ 1000 ਰੁਪਏ'
NEXT STORY