ਜਲੰਧਰ, (ਕਮਲੇਸ਼)- ਅੱਜ ਮਹਾਨਗਰ ’ਚ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਅਰੋੜਾ ਪ੍ਰਾਈਮ ਟਾਵਰ ਤੋਂ ਇਕ ਵਿਅਕਤੀ ਕੋਲੋਂ 5 ਲੱਖ ਦੀ ਲੁੱਟ ਦੀ ਸੂਚਨਾ ਸ਼ਹਿਰ ’ਚ ਅੱਗ ਵਾਂਗ ਫੈਲ ਗਈ। ਆਸ਼ੂ ਕੌਸ਼ਲ ਪੁੱਤਰ ਸਰਬਜੀਤ ਪੁੱਤਰ ਸਰਬਜੀਤ ਵਾਸੀ ਗੁਰੂ ਨਾਨਕਪੁਰਾ ਵੈਸਟ ਨੇ ਪੁਲਸ ਨੂੰ ਫੋਨ ਕਰ ਕੇ ਜਾਣਕਾਰੀ ਦਿੱਤੀ ਕਿ ਉਹ ਅਰੋੜਾ ਪ੍ਰਾਈਮ ਟਾਵਰ ਦੀ ਦੂਜੀ ਮੰਜ਼ਿਲ ’ਤੇ ਸਥਿਤ ਸਾਗਰ ਇੰਟਰਨੈਸ਼ਨਲ ਇਮੀਗ੍ਰੇਸ਼ਨ ਕੰਸਲਟੈਂਸੀ ’ਚ ਕੰਮ ਕਰਦਾ ਹੈ ਤੇ ਉਸ ਕੋਲੋਂ ਪ੍ਰਾਈਮ ਟਾਵਰ ’ਚੋਂ ਕੁਝ ਵਿਅਕਤੀ 5 ਲੱਖ ਰੁਪਏ ਲੁੱਟ ਕੇ ਲੈ ਗਏ ਹਨ, ਜਿਸ ਤੋਂ ਬਾਅਦ ਮੌਕੇ ’ਤੇ ਬਾਰਾਂਦਰੀ ਥਾਣੇ ਦੇ ਮੁਖੀ ਬਲਬੀਰ ਸਿੰਘ ਪੁਲਸ ਪਾਰਟੀ ਸਮੇਤ ਪਹੁੰਚੇ, ਜਿਥੇ ਉਨ੍ਹਾਂ ਨੇ ਆਸ਼ੂ ਕੋਲੋਂ ਵਾਰਦਾਤ ਬਾਰੇ ਜਾਣਕਾਰੀ ਮੰਗੀ।
ਆਸ਼ੂ ਦਾ ਕਹਿਣਾ ਸੀ ਕਿ ਉਹ ਦਫਤਰ ਦੇ 5 ਲੱਖ ਰੁਪਏ ਇਕ ਲਿਫਾਫੇ ’ਚ ਪਾ ਕੇ ਬੈਂਕ ’ਚ ਜਮ੍ਹਾ ਕਰਵਾਉਣ ਜਾ ਰਿਹਾ ਸੀ ਤੇ ਜਿਵੇਂ ਹੀ ਉਹ ਦਫਤਰ ਤੋਂ ਨਿਕਲਿਆ ਤਾਂ ਅਚਾਨਕ ਕੁਝ ਲੋਕ ਉਸ ਦੇ ਹੱਥ ’ਚੋਂ ਪੈਸਿਅਾਂ ਵਾਲਾ ਲਿਫਾਫਾ ਖੋਹ ਕੇ ਫਰਾਰ ਹੋ ਗਏ। ਪੁਲਸ ਨੇ ਆਸ਼ੂ ਦੇ ਦਿੱਤੇ ਬਿਆਨਾਂ ’ਤੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਸ ਸਾਹਮਣੇ ਇਹ ਗੱਲ ਆਈ ਕਿ ਦੂਜੀ ਮੰਜ਼ਿਲ ਦੇ ਸਾਰੇ ਸੀ. ਸੀ. ਟੀ. ਵੀ. ਕੈਮਰੇ ਖਰਾਬ ਹਨ, ਜਿਸ ਤੋਂ ਬਾਅਦ ਪੁਲਸ ਨੇ ਪਹਿਲੀ ਮੰਜ਼ਿਲ ’ਤੇ ਸਥਿਤ ਇਕ ਦਫਤਰ ਦੇ ਸੀ. ਸੀ. ਟੀ. ਵੀ. ਕੈਮਰੇ ਖੰਗਾਲੇ ਪਰ ਫੁਟੇਜ ਖੰਗਾਲਣ ਤੋਂ ਬਾਅਦ ਪੁਲਸ ਨੂੰ ਲੁੱਟ ਜਿਹੀ ਕੋਈ ਵਾਰਦਾਤ ਹੁੰਦੀ ਨਜ਼ਰ ਨਹੀਂ ਆਈ।
ਪੁਲਸ ਨੂੰ ਜਦੋਂ ਆਸ਼ੂ ’ਤੇ ਸ਼ੱਕ ਹੋਇਆ ਤਾਂ ਪੁਲਸ ਆਸ਼ੂ ਨੂੰ ਪੁੱਛਗਿੱਛ ਲਈ ਥਾਣੇ ਲੈ ਆਈ। ਐੱਸ. ਐੱਚ. ਓ. ਬਲਬੀਰ ਸਿੰਘ ਨੇ ਦੱਸਿਆ ਕਿ ਆਸ਼ੂ ਵੱਲੋਂ ਲੁੱਟ ਦੀ ਝੂਠੀ ਵਾਰਦਾਤ ਦੀ ਸੂਚਨਾ ਫੈਲਾਈ ਗਈ ਸੀ। ਪੁੱਛਗਿੱਛ ’ਚ ਆਸ਼ੂ ਨੇ ਸੱਚ ਦੱਸ ਦਿੱਤਾ। ਪੁਲਸ ਨੂੰ ਪੁੱਛਗਿੱਛ ਦੌਰਾਨ ਆਸ਼ੂ ਨੇ ਦੱਸਿਆ ਕਿ ਇਮੀਗਰੇਸ਼ਨ ਦਫਤਰ ’ਚ ਕੰਮ ਕਰਦੇ-ਕਰਦੇ ਉਹ ਖੁਦ ਵੀ ਐਜੂਕੇਸ਼ਨ ਵੀਜ਼ਾ ਦੇ ਕੰਮ ’ਚ ਡੀਲ ਕਰਨ ਲੱਗ ਗਿਆ ਸੀ ਤੇ ਇਸ ਦੌਰਾਨ ਇਕ ਵਿਅਕਤੀ ਨੇ ਉਸ ਦੇ 3 ਲੱਖ ਰੁਪਏ ਮਾਰ ਲਏ ਸਨ ਤੇ ਉਹ ਕਰਜ਼ੇ ਹੇਠ ਦੱਬ ਗਿਆ ਸੀ। ਇਸ ਤੋਂ ਇਲਾਵਾ ਵੀ ਉਸ ਨੇ ਹੋਰ ਕਈ ਲੋਕਾਂ ਦੇ ਪੈਸੇ ਦੇਣੇ ਸਨ। ਦਫਤਰ ਮਾਲਕ ਵਿਧਾ ਸਾਗਰ ਅਾਪਣੀ ਫੈਮਿਲੀ ਸਮੇਤ ਘੁੰਮਣ ਲਈ ਯੂ. ਐੱਸ. ਏ. ਗਏ, ਉਦੋਂ ਉਸ ਨੇ ਕੰਪਨੀ ਦੇ ਪੈਸਿਅਾਂ ਨਾਲ ਆਪਣੇ ਕਰਜ਼ੇ ਉਤਾਰਨ ਦੀ ਸੋਚੀ ਤੇ ਉਸ ਕੋਲ ਫਰਮ ਦੀ ਦਸਤਖਤ ਕੀਤੀ ਹੋਈ ਚੈੱਕ ਬੁੱਕ ਸੀ। ਉਸ ਨੇ 19 ਤਰੀਕ ਨੂੰ ਯੂਕੋ ਬੈਂਕ ’ਚੋਂ ਕੰਪਨੀ ਦੇ ਅਕਾਊਂਟ ’ਚੋਂ 3 ਲੱਖ ਰੁਪਏ ਕਢਵਾਏ ਤੇ ਉਥੇ ਉਸ ਦੇ ਕੋਲ ਪਹਿਲਾਂ ਤੋਂ ਹੀ ਦਫਤਰ ਦੇ 2 ਲੱਖ 24 ਹਜ਼ਾਰ ਰੁਪਏ ਮੌਜੂਦ ਸਨ।
ਆਸ਼ੂ ਨੇ ਕਿਹਾ ਕਿ ਉਸ ਨੂੰ ਪਤਾ ਸੀ ਕਿ ਸੋਮਵਾਰ ਨੂੰ ਉਸ ਦੇ ਮਾਲਕ ਯੂ. ਐੱਸ. ਏ. ਤੋਂ ਵਾਪਸ ਆ ਜਾਣਗੇ ਤੇ ਪੈਸਿਅਾਂ ਦਾ ਹਿਸਾਬ ਮੰਗਣਗੇ ਤੇ ਉਹ ਫਸ ਸਕਦਾ ਹੈ। ਇਸ ਲਈ ਉਸ ਨੇ ਝੂਠੀ ਲੁੱਟ ਦੀ ਵਾਰਦਾਤ ਦੀ ਸਾਜ਼ਿਸ਼ ਰਚੀ। ਐੱਸ. ਐੱਚ. ਓ. ਬਲਬੀਰ ਸਿੰਘ ਨੇ ਕਿਹਾ ਕਿ ਸਾਗਰ ਇੰਟਰਨੈਸ਼ਨਲ ਦੇ ਮਾਲਕ ਦੇ ਆਉਣ ਤੋਂ ਬਾਅਦ ਹੀ ਉਹ ਉਨ੍ਹਾਂ ਦੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਰਵਾਈ ਕਰਨਗੇ।
ਕਿਸੇ ਦੇ ਵਾਪਸ ਕੀਤੇ ਪੈਸੇ ਤੇ ਕਈਅਾਂ ਨੂੰ ਦਿੱਤੇ ਮਲੇਸ਼ੀਆ ਦੇ ਪੈਕੇਜ
ਪੁਲਸ ਨੂੰ ਪੁੱਛਗਿੱਛ ’ਚ ਆਸ਼ੂ ਨੇ ਦੱਸਿਆ ਕਿ ਬੈਂਕ ’ਚੋਂ ਕੱਢਵਾਏ ਪੈਸਿਅਾਂ ਨਾਲ ਉਸ ਨੇ ਕਿਸੇ ਨੂੰ ਪੈਸੇ ਦੇ ਕੇ ਆਪਣਾ ਕਰਜ਼ਾ ਉਤਾਰਿਆ ਤੇ ਕਈ ਲੋਕਾਂ ਨੂੰ ਮਲੇਸ਼ੀਆ ਦੇ ਪੈਕੇਜ ਦੇ ਕੇ ਆਪਣਾ ਭਾਰ ਉਤਾਰਿਆ।
5 ਕਰੋੜ ਦੀ ਹੈਰੋਇਨ ਸਣੇ ਔਰਤ ਕਾਬੂ
NEXT STORY