ਜਲੰਧਰ/ਕਪੂਰਥਲਾ (ਸੋਨੂੰ) — ਖਾਕੀ ਵਰਦੀ ਧਾਰੀ ਏ. ਐੱਸ. ਆਈ. ਨੇ ਫਿਰ ਤੋਂ ਪੰਜਾਬ ਪੁਲਸ ਨੂੰ ਸ਼ਰਮਸਾਰ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਫਗਵਾੜਾ ਦੇ ਥਾਣਾ ਸਦਰ 'ਚ ਤਾਇਨਾਤ ਇਕ ਏ. ਐੱਸ. ਆਈ. ਨੂੰ ਪੁਲਸ ਨੇ ਨਹੀਂ ਸਗੋਂ ਸਥਾਨਕ ਲੋਕਾਂ ਨੇ ਉਸ ਦੇ ਕੁਝ ਨਸ਼ੇੜੀਆਂ ਦੇ ਨਾਲ ਰੰਗੇ ਹੱਥੀਂ ਕਾਬੂ ਕੀਤਾ। ਹਾਲਾਂਕਿ ਮੁਲਾਜ਼ਮ ਦੇ ਸਾਥੀ ਨਸ਼ੇੜੀ ਮੌਕਾ ਦੇਖ ਕੇ ਫਰਾਰ ਹੋਣ 'ਚ ਕਾਮਯਾਬ ਰਹੇ। ਦੱਸ ਦੇਈਏ ਕਿ ਪੰਜਾਬ 'ਚ ਨਸ਼ੇ ਦੇ 6ਵੇਂ ਦਰਿਆ ਨੂੰ ਖਤਮ ਨੂੰ ਕਰਨ ਲਈ ਪੰਜਾਬ ਸਰਕਾਰ ਅਤੇ ਪੁਲਸ ਦੇ ਉੱਚ ਅਧਿਕਾਰੀ ਵੱਡੇ-ਵੱਡੇ ਦਾਅਵੇ ਕਰਦੇ ਹਨ ਪਰ ਜ਼ਮੀਨੀ ਹਕੀਕਤ ਕੁਝ ਹੋਰ ਵੀ ਬਿਆਨ ਕਰ ਰਹੀ ਹੈ। ਜੋ ਲੋਕ ਏ. ਐੱਸ. ਆਈ. ਦੇ ਨਾਲ ਨਸ਼ੀਲੇ ਪਦਾਰਥਾਂ ਦਾ ਸੇਵਨ ਕਰ ਰਹੇ ਸਨ, ਉਨ੍ਹਾਂ 'ਤੇ ਪਹਿਲਾਂ ਤੋਂ ਮਾਮਲੇ ਦਰਜ ਹਨ। ਲੋਕਾਂ ਨੇ ਤੁਰੰਤ ਉਕਤ ਏ. ਐੱਸ. ਆਈ. ਬਾਰੇ ਥਾਣਾ ਸਦਰ 'ਚ ਜਾਣਕਾਰੀ ਦਿੱਤੀ।

ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਮਨਮੋਹਨ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਪੱਲਾ ਝਾੜਨਾ ਸ਼ੁਰੂ ਕਰ ਦਿੱਤਾ। ਉਥੇ ਹੀ ਜਦੋਂ ਪੁਲਸ ਦੀ ਕਾਰਗੁਜ਼ਾਰੀ ਸਹੀ ਨਾ ਪਾਈ ਗਈ ਤਾਂ ਲੋਕ ਭੜਕ ਗਏ ਅਤੇ ਉਕਤ ਏ.ਐੱਸ.ਆਈ. ਨੂੰ ਮੈਡੀਕਲ ਲਈ ਹਸਪਤਾਲ ਲੈ ਕੇ ਆਏ, ਜਿੱਥੇ ਉਸ ਦਾ ਮੈਡੀਕਲ ਕੀਤਾ ਗਿਆ। ਲੋਕਾਂ ਦਾ ਦੋਸ਼ ਹੈ ਕਿ ਪੁਲਸ ਦੀ ਮਿਲੀ ਭੁਗਤ ਦੇ ਕਾਰਨ ਨਸ਼ਾ ਵਿੱਕ ਰਿਹਾ ਹੈ।

ਉਥੇ ਹੀ ਥਾਣਾ ਸਦਰ ਦੇ ਇੰਚਾਰਜ ਮਨਮੋਹਨ ਨੇ ਦੱਸਿਆ ਕਿ ਫੜੇ ਗਏ ਏ. ਐੱਸ. ਆਈ. ਦਾ ਨਾਂ ਕਰਮਜੀਤ ਸਿੰਘ ਹੈ ਅਤੇ ਉਹ ਥਾਣਾ ਸਦਰ 'ਚ ਤਾਇਨਾਤ ਹੈ। ਉਨ੍ਹਾਂ ਨੇ ਕਿਹਾ ਕਿ ਉਸ ਦੀ ਨਾਕੇ 'ਤੇ ਡਿਊਟੀ ਲੱਗੀ ਹੋਈ ਸੀ, ਜਿਸ ਦੌਰਾਨ ਉਹ ਵਰਦੀ 'ਚ ਸੀ। ਰਾਤ ਨਾਕੇ ਤੋਂ ਡਿਊਟੀ ਖਤਮ ਹੋਣ ਤੋਂ ਬਾਅਦ ਉਹ ਸਿਵਲ ਡਰੈੱਸ 'ਚ ਕੁਆਰਟਰ 'ਤੇ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਉਕਤ ਮੁਲਾਜ਼ਮ ਨੂੰ ਸਰਪੰਚ ਸਮੇਤ ਪਿੰਡ ਵਾਸੀ ਫੜ ਕੇ ਲਿਆਏ ਹਨ। ਉਨ੍ਹਾਂ ਨੇ ਕਿਹਾ ਕਿ ਪਿੰਡ ਵਾਲਿਆਂ ਦੇ ਕਹਿਣ 'ਤੇ ਉਕਤ ਮੁਲਾਜ਼ਮ ਖਿਲਾਫ ਜਾਂਚ ਕੀਤੀ ਜਾ ਰਹੀ ਹੈ।

Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ ਵੱਡੀਆਂ ਖਬਰਾਂ
NEXT STORY