ਜਲੰਧਰ (ਚੋਪੜਾ)— 5 ਸੂਬਿਆਂ ਦੇ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ 'ਚ ਜਿਸ ਤਰ੍ਹਾਂ ਭਾਜਪਾ ਦਾ ਸੂਪੜਾ ਸਾਫ ਹੋਇਆ ਹੈ ਅਤੇ ਰਾਜਸਥਾਨ, ਐੱਮ. ਪੀ. ਅਤੇ ਛੱਤੀਸਗੜ੍ਹ 'ਚ ਕਾਂਗਰਸ ਨੇ ਫਿਰ ਤੋਂ ਸੱਤਾ 'ਚ ਵਾਪਸੀ ਕੀਤੀ, ਉਸ ਨਾਲ ਕਾਂਗਰਸ ਦੇ ਨੇਤਾ ਅਤੇ ਵਰਕਰ ਕਾਫੀ ਖੁਸ਼ ਦਿਖਾਈ ਦੇ ਰਹੇ ਹਨ। ਕਾਂਗਰਸੀ ਨੇਤਾ ਕੇਂਦਰ ਦੀ ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਜੰਮ ਕੇ ਕੋਸਦੇ ਦਿਖਾਈ ਦੇ ਰਹੇ ਹਨ ਅਤੇ ਅਗਲੀਆਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਦੀ ਜਿੱਤ ਦਾ ਦਾਅਵਾ ਕਰ ਰਹੇ ਹਨ। ਇਸੇ ਸਬੰਧ 'ਚ ਕਾਂਗਰਸ ਦੇ ਪ੍ਰਮੁੱਖ ਨੇਤਾਵਾਂ ਨੇ ਆਪਣੇ-ਆਪਣੇ ਢੰਗ ਨਾਲ ਪ੍ਰਤੀਕਿਰਿਆਵਾਂ ਦਿੱਤੀਆਂ।
2019 'ਚ ਰਾਹੁਲ ਗਾਂਧੀ ਬਣਨਗੇ ਦੇਸ਼ ਦੇ ਪ੍ਰਧਾਨ ਮੰਤਰੀ : ਅਵਤਾਰ ਹੈਨਰੀ
ਪੰਜਾਬ ਪ੍ਰਦੇਸ਼ ਦੇ ਉਪ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਅਵਤਾਰ ਹੈਨਰੀ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਜਨਤਾ 'ਚ ਭਾਜਪਾ ਖਿਲਾਫ ਪੈਦਾ ਹੋਏ ਗੁੱਸੇ ਦਾ ਪ੍ਰਮਾਣ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਭਾਜਪਾ ਨੂੰ ਦੇਸ਼ ਦੀ ਜਨਤਾ ਨਕਾਰ ਚੁੱਕੀ ਹੈ। ਉਨ੍ਹਾਂ ਦਾਅਵਾ ਕੀਤਾ ਕਿ 2019 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਰਾਹੁਲ ਗਾਂਧੀ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਬਣਨਗੇ।
ਮੋਦੀ ਦੇ ਤਾਨਾਸ਼ਾਹੀ ਰਵੱਈਏ ਨੇ ਡੁਬੋਈ ਭਾਜਪਾ ਦੀ ਬੇੜੀ : ਵਿਧਾਇਕ ਰਾਜਿੰਦਰ ਬੇਰੀ
ਵਿਧਾਇਕ ਰਾਜਿੰਦਰ ਬੇਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤਾਨਾਸ਼ਾਹੀ ਰਵੱਈਏ ਨੇ ਭਾਜਪਾ ਦੀ ਬੇੜੀ ਡੁਬੋ ਦਿੱਤੀ ਹੈ। ਹੁਣ 2019 'ਚ ਕੇਂਦਰ 'ਚ ਵੀ ਭਾਜਪਾ ਦਾ ਬਿਸਤਰਾ ਗੋਲ ਹੋਣਾ ਤੈਅ ਹੈ। ਉਨ੍ਹਾਂ ਦੱਸਿਆ ਕਿ ਨਫਰਤ ਦੀ ਰਾਜਨੀਤੀ ਅੱਜ ਹਾਰ ਗਈ ਹੈ ਕਿਉਂਕਿ ਭਾਜਪਾ ਅਤੇ ਆਰ. ਐੱਸ. ਐੱਸ. ਨੇ ਹਮੇਸ਼ਾ ਹੀ ਦੇਸ਼ 'ਚ ਸੰਪ੍ਰਦਾਇਕਤਾ ਦੀ ਅੱਗ ਫੈਲਾਈ। ਜਨਤਾ ਨੇ ਮੋਦੀ ਦੇ ਝੂਠੇ ਵਾਅਦਿਆਂ ਅਤੇ ਜੁਮਲੇਬਾਜ਼ੀ ਨੂੰ ਠੱਲ੍ਹ ਪਾਉਣੀ ਸ਼ੁਰੂ ਕਰ ਦਿੱਤੀ ਹੈ।
ਵਿਧਾਨ ਸਭਾ ਚੋਣ ਨਤੀਜੇ ਤਾਂ ਟ੍ਰੇਲਰ, ਫਿਲਮ ਅਜੇ ਬਾਕੀ : ਵਿਧਾਇਕ ਰਿੰਕੂ
ਵਿਧਾਇਕ ਸੁਸ਼ੀਲ ਰਿੰਕੂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤਾਂ ਅਜੇ ਟ੍ਰੇਲਰ ਹੈ, ਫਿਲਮ ਤਾਂ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਦੇਖਣ ਨੂੰ ਮਿਲੇਗੀ, ਜਦ ਦੇਸ਼ ਨੂੰ ਕਾਂਗਰਸ ਮੁਕਤ ਵੇਖਣ ਵਾਲੀ ਮੋਦੀ ਸਰਕਾਰ ਖੁਦ ਦੇਸ਼ ਨੂੰ ਭਾਜਪਾ ਮੁਕਤ ਹੁੰਦਾ ਵੇਖੇਗੀ। ਉਨ੍ਹਾਂ ਨੇ ਕਿਹਾ ਕਿ ਭਾਜਪਾ ਨੇਤਾਵਾਂ ਨੂੰ ਆਪਣੀ ਜ਼ਮੀਨੀ ਹਕੀਕਤ ਦਾ ਅਹਿਸਾਸ ਹੋ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਮੋਦੀ ਨੂੰ ਆਪਣੇ ਗਲਤ ਫੈਸਲਿਆਂ ਨੂੰ ਲੈ ਕੇ ਦੇਸ਼ ਦੀ ਜਨਤਾ ਤੋਂ ਮੁਆਫੀ ਮੰਗਣੀ ਚਾਹੀਦੀ ਹੈ।
ਜਨਤਾ ਨੇ ਮੋਦੀ ਸਰਕਾਰ ਨੂੰ ਪੂਰੀ ਤਰ੍ਹਾਂ ਨਾਲ ਨਕਾਰਿਆ : ਬਾਵਾ ਹੈਨਰੀ
ਵਿਧਾਇਕ ਹੈਨਰੀ ਨੇ ਕਿਹਾ ਕਿ ਦੇਸ਼ ਦੀ ਜਨਤਾ ਨੇ ਮੋਦੀ ਸਰਕਾਰ ਨੂੰ ਪੂਰੀ ਤਰ੍ਹਾਂ ਨਾਲ ਨਕਾਰ ਦਿੱਤਾ ਹੈ। ਪ੍ਰਧਾਨ ਮੰਤਰੀ ਮੋਦੀ ਤੋਂ ਲੈ ਕੇ ਕਈ ਕੇਂਦਰੀ ਮੰਤਰੀਆਂ ਅਤੇ ਭਾਜਪਾ ਸ਼ਾਸਤ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਚੋਣ ਪ੍ਰਚਾਰ 'ਚ ਆਪਣੀ ਪੂਰੀ ਤਾਕਤ ਲਗਾ ਰੱਖੀ ਸੀ। ਇਸ ਦੇ ਬਾਵਜੂਦ ਵੀ ਨਤੀਜੇ ਭਾਜਪਾ ਦੇ ਵਿਰੋਧ 'ਚ ਆਏ ਹਨ ਅਤੇ ਜਨਤਾ ਨੇ ਸਾਬਤ ਕਰ ਦਿੱਤਾ ਹੈ ਕਿ ਹੁਣ ਉਹ ਮੋਦੀ ਦੇ ਝੂਠੇ ਬਹਿਕਾਵੇ 'ਚ ਨਹੀਂ ਆਏਗੀ।
ਸੱਤਾ ਦਾ ਹੰਕਾਰ ਹੀ ਭਾਜਪਾ ਦੇ ਪਤਨ ਦਾ ਕਾਰਨ ਬਣਿਆ : ਮੇਅਰ ਜਗਦੀਸ਼ ਰਾਜਾ
ਮੇਅਰ ਜਗਦੀਸ਼ ਰਾਜ ਰਾਜਾ ਨੇ ਕਿਹਾ ਕਿ 2014 ਦੀਆਂ ਚੋਣਾਂ 'ਚ ਮੋਦੀ ਸਰਕਾਰ ਬਣਨ 'ਤੇ ਭਾਜਪਾ ਦੇ ਨੇਤਾ ਸੱਤਾ ਦੇ ਹੰਕਾਰ ਵਿਚ ਆ ਗਏ ਸਨ, ਜੋ ਕਿ ਭਾਜਪਾ ਦੇ ਪਤਨ ਦਾ ਕਾਰਨ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਸੱਤਾ ਦੇ ਸੁੱਖ ਵਿਚ ਚੂਰ ਮੋਦੀ ਤੋਂ ਲੈ ਕੇ ਭਾਜਪਾ ਦਾ ਜ਼ਿਲਾ ਪੱਧਰ ਦਾ ਨੇਤਾ ਵੀ ਇਨਸਾਨ ਨੂੰ ਇਨਸਾਨ ਨਹੀਂ ਸਮਝਦਾ ਸੀ। ਲੋਕ ਸਭਾ ਚੋਣਾਂ ਵਿਚ ਰਾਮ ਮੰਦਰ ਬਣਾਉਣ, ਕਸ਼ਮੀਰ ਵਿਚ ਧਾਰਾ 370 ਖਤਮ ਕਰਨ, ਹਰੇਕ ਦੇ ਖਾਤੇ ਵਿਚ 15-15 ਲੱਖ ਰੁਪਏ ਜਮ੍ਹਾ ਕਰਵਾਉਣ, ਵਿਦੇਸ਼ਾਂ ਤੋਂ ਕਾਲਾ ਧਨ ਵਾਪਸ ਲਿਆਉਣ ਵਰਗਾ ਕੋਈ ਵੀ ਵਾਅਦਾ ਭਾਜਪਾ ਪੂਰਾ ਨਹੀਂ ਕਰ ਸਕੀ।
ਮੋਦੀ ਗੰਗਾ ਕਿਨਾਰੇ ਬੈਠ ਕੇ ਆਤਮ ਚਿੰਤਨ ਕਰਨ : ਡਾ. ਜਸਲੀਨ ਸੇਠੀ
ਪੰਜਾਬ ਪ੍ਰਦੇਸ਼ ਕਾਂਗਰਸ ਦੀ ਬੁਲਾਰਨ ਅਤੇ ਜ਼ਿਲਾ ਮਹਿਲਾ ਕਾਂਗਰਸ ਦੀ ਪ੍ਰਧਾਨ ਡਾ. ਜਸਲੀਨ ਸੇਠੀ ਨੇ ਕਿਹਾ ਕਿ ਹੁਣ ਪ੍ਰਧਾਨ ਮੰਤਰੀ ਮੋਦੀ ਨੂੰ ਚਾਹੀਦਾ ਹੈ ਕਿ ਹੁਣ ਉਹ ਆਪਣਾ ਅਹੁਦਾ ਛੱਡ ਕੇ ਗੰਗਾ ਕਿਨਾਰੇ ਬੈਠ ਕੇ ਆਤਮ ਚਿੰਤਨ ਕਰਨ ਕਿ ਅੱਜ 5 ਸੂਬਿਆਂ ਦੀ ਜਨਤਾ ਨੇ ਉਸ ਨੂੰ ਕਿਨ੍ਹਾਂ ਕੰਮਾਂ ਦੀ ਸਜ਼ਾ ਦਿੱਤੀ ਹੈ। ਡਾ. ਜਸਲੀਨ ਨੇ ਕਿਹਾ ਕਿ ਮਹਿਲਾ ਸਸ਼ਕਤੀਕਰਨ ਦਾ ਦਾਅਵਾ ਕਰਨ ਵਾਲੇ ਮੋਦੀ ਨੇ ਖੁਦ ਆਪਣੀ ਪਤਨੀ ਨੂੰ ਛੱਡ ਰੱਖਿਆ ਹੈ। ਮੋਦੀ ਨੂੰ ਆਖਿਰਕਾਰ ਜਨਤਾ ਦੀ ਅਦਾਲਤ ਵਿਚ ਜਾਣਾ ਹੀ ਪਵੇਗਾ, ਜਿੱਥੇ ਉਸ ਦੇ ਝੂਠੇ ਵਾਅਦਿਆਂ ਦਾ ਇਨਸਾਫ ਲੋਕ ਸਭਾ ਚੋਣਾਂ ਦੌਰਾਨ ਹੋਵੇਗਾ।
ਕੇਂਦਰ 'ਚ ਵੀ ਭਾਜਪਾ ਦੀ ਉਲਟੀ ਗਿਣਤੀ ਸ਼ੁਰੂ : ਰਾਣਾ ਰੰਧਾਵਾ
ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਰਾਣਾ ਰੰਧਾਵਾ ਨੇ ਦੱਸਿਆ ਕਿ ਕੇਂਦਰ ਵਿਚ ਵੀ ਭਾਜਪਾ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਰਾਣਾ ਰੰਧਾਵਾ ਨੇ ਦੱਸਿਆ ਕਿ ਵਿਜੇ ਮਾਲਿਆ ਅਤੇ ਨੀਰਵ ਮੋਦੀ ਵਰਗੇ ਉਦਯੋਗਪਤੀ ਬੈਂਕਾਂ ਦਾ ਕਰੋੜਾਂ ਰੁਪਏ ਲੈ ਕੇ ਦੇਸ਼ ਦੀ ਚੌਕੀਦਾਰ ਦੀ ਨੱਕ ਹੇਠੋਂ ਫਰਾਰ ਹੋ ਗਏ। ਮੋਦੀ ਸਰਕਾਰ ਦੇ ਵਿਕਾਸ ਦੇ ਦਾਅਵਿਆਂ ਦਾ ਬੁਲਬੁਲਾ ਫਟ ਚੁੱਕਿਆ ਹੈ। ਅਜੇ ਤਾਂ ਕੁਝ ਸੂਬਿਆਂ ਵਿਚ ਹੀ ਭਾਜਪਾ ਦਾ ਪਤਨ ਸ਼ੁਰੂ ਹੋਇਆ ਹੈ, ਜਲਦ ਹੀ ਪੂਰੇ ਦੇਸ਼ ਵਿਚੋਂ ਭਾਜਪਾ ਦਾ ਬਿਸਤਰਾ ਗੋਲ ਹੋ ਜਾਵੇਗਾ।
ਆਖਿਰਕਾਰ ਜਨਤਾ ਨੇ ਦਿਖਾਈ ਆਪਣੀ ਤਾਕਤ : ਸਤਨਾਮ ਬਿੱਟਾ
ਮਨ ਕੀ ਬਾਤ ਨਾਲ ਲੋਕਾਂ ਨੂੰ ਬਹਿਲਾਉਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਖਿਰਕਾਰ ਜਨਤਾ ਨੇ ਆਪਣੀ ਤਾਕਤ ਵਿਖਾ ਹੀ ਦਿੱਤੀ ਹੈ। ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਸਤਨਾਮ ਬਿੱਟਾ ਨੇ ਉਕਤ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਨੌਜਵਾਨਾਂ ਨੂੰ ਹਰ ਸਾਲ 2 ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕਰਨ ਵਾਲੇ ਪ੍ਰਧਾਨ ਮੰਤਰੀ ਨੇ ਸੱਤਾ ਵਿਚ ਆ ਕੇ ਨੌਜਵਾਨਾਂ ਨੂੰ ਪਕੌੜੇ ਅਤੇ ਚਾਹ ਵੇਚਣ ਦੀ ਸਲਾਹ ਦੇ ਕੇ ਉਨ੍ਹਾਂ ਨਾਲ ਭੱਦਾ ਮਜ਼ਾਕ ਕੀਤਾ। ਅੱਜ ਦੇਸ਼ ਦਾ ਹਰ ਇਕ ਨੌਜਵਾਨ ਭਾਜਪਾ ਦੇ ਖਿਲਾਫ ਖੜ੍ਹਾ ਹੈ, ਕਿਉਂਕਿ ਨੌਕਰੀ ਅਤੇ ਰੋਜ਼ਗਾਰ ਦੇ ਮੌਕੇ ਦੇਣੇ ਤਾਂ ਦੂਰ ਨੋਟਬੰਦੀ ਵਰਗੇ ਆਤਮਘਾਤੀ ਫੈਸਲਿਆਂ ਨੇ ਉਲਟਾ ਦੇਸ਼ ਦੇ ਹਜ਼ਾਰਾਂ ਨੌਜਵਾਨਾਂ ਦੀਆਂ ਨੌਕਰੀਆਂ ਖੋਹ ਲਈਆਂ ਹਨ। ਉਨ੍ਹਾਂ ਕਿਹਾ ਕਿ ਹੁਣ ਸਹੀ ਮਾਇਨੇ ਵਿਚ ਭਾਜਪਾ ਨੂੰ ਸੱਤਾ ਤੋਂ ਦੂਰ ਕਰ ਕੇ ਜਨਤਾ ਦੇ ਅੱਛੇ ਦਿਨ ਆਉਣ ਵਾਲੇ ਹਨ।
ਪੰਜਾਬ ਪੈਸ਼ਨਰ ਯੂਨੀਅਨ ਵਲੋਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ
NEXT STORY