ਬਠਿੰਡਾ, (ਬਲਵਿੰਦਰ)- ਥਾਣਾ ਕੋਤਵਾਲੀ ਪੁਲਸ ਵੱਲੋਂ ਇਕ ਨਾਬਾਲਗ ਬੱਚੇ ਦੀ ਕਥਿਤ ਤੌਰ 'ਤੇ ਕੁੱਟਮਾਰ ਕਰਨ ਅਤੇ ਉਸ ਦੇ ਗੁਪਤ ਅੰਗ 'ਚ ਪੈਟਰੋਲ ਪਾਉਣ ਦੇ ਮਾਮਲੇ 'ਚ ਇਕ ਸਹਾਇਕ ਥਾਣੇਦਾਰ ਨੂੰ ਮੁਅੱਤਲ ਕਰ ਕੇ ਉਸ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ ਹੈ, ਜਦਕਿ ਕੁਝ ਹੋਰ ਲੋਕਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ ਬੱਚੇ ਦੀ ਕੁੱਟਮਾਰ ਕੀਤੀ ਸੀ ਪਰ ਥਾਣਾ ਮੁਖੀ ਤੇ ਇਕ ਹੋਰ ਸਹਾਇਕ ਥਾਣੇਦਾਰ ਨਾਲ ਰਿਆਇਤ ਕਰਦਿਆਂ ਇਨ੍ਹਾਂ ਨੂੰ ਸਿਰਫ ਲਾਈਨ ਹਾਜ਼ਰ ਕੀਤਾ ਹੈ।
ਕੀ ਹੈ ਮਾਮਲਾ
ਜ਼ਿਕਰਯੋਗ ਹੈ ਕਿ ਬੀਤੇ ਦਿਨ ਸਾਬਕਾ ਗਾਇਕਾ ਅਮਨਦੀਪ ਕੌਰ ਪਤਨੀ ਗਾਇਕ ਅਵਤਾਰ ਚਮਕ ਨੇ ਦੋਸ਼ ਲਾਇਆ ਸੀ ਕਿ ਉਸ ਦੇ ਨਾਬਾਲਗ ਬੱਚੇ ਲਖਵਿੰਦਰ ਸਿੰਘ ਨੂੰ ਮਾਤਾ ਰਾਣੀ ਗਲੀ 'ਚ ਕੁਝ ਵਿਅਕਤੀਆਂ ਨੇ ਚੋਰੀ ਦੇ ਦੋਸ਼ ਲਾ ਕੇ ਫੜ ਲਿਆ, ਜਿਸ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ, ਜਦਕਿ ਉਸ ਨੂੰ ਥਾਣਾ ਕੋਤਵਾਲੀ ਪੁਲਸ ਹਵਾਲੇ ਵੀ ਕਰ ਦਿੱਤਾ ਗਿਆ, ਜਿਥੇ ਪੁਲਸ ਨੇ ਨਾ ਸਿਰਫ ਉਸ ਦੀ ਕੁੱਟਮਾਰ ਕੀਤੀ, ਬਲਕਿ ਉਸ ਦੇ ਗੁਪਤ ਅੰਗ 'ਚ ਪੈਟਰੋਲ ਵੀ ਪਾਇਆ। ਇਸ ਮਾਮਲੇ 'ਚ ਥਾਣਾ ਮੁਖੀ ਦਵਿੰਦਰ ਸਿੰਘ, ਸਹਾਇਕ ਥਾਣੇਦਾਰ ਕੁਲਵਿੰਦਰ ਸਿੰਘ ਤੇ ਸਹਾਇਕ ਥਾਣੇਦਾਰ ਰਾਜਦੀਪ ਸਿੰਘ ਨੂੰ ਜ਼ਿੰਮੇਵਾਰ ਕਰਾਰ ਦਿੱਤਾ ਗਿਆ।
ਹੁਣ ਐੱਸ. ਐੱਸ. ਪੀ. ਬਠਿੰਡਾ ਨਵੀਨ ਸਿੰਗਲਾ ਦੇ ਹੁਕਮਾਂ ਅਨੁਸਾਰ ਕੁਲਵਿੰਦਰ ਸਿੰਘ ਨੂੰ ਮੁਅੱਤਲ ਕਰ ਕੇ ਉਸ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ, ਜਦਕਿ ਬਾਕੀ ਦੋਵੇਂ ਅਧਿਕਾਰੀਆਂ ਨੂੰ ਲਾਈਨ ਹਾਜ਼ਰ ਕਰ ਲਿਆ ਹੈ। ਇਸ ਤੋਂ ਇਲਾਵਾ ਨਾਬਾਲਗ ਦੀ ਨਾਜਾਇਜ਼ ਕੁੱਟਮਾਰ ਦੇ ਦੋਸ਼ਾਂ ਤਹਿਤ ਮਾਤਾ ਰਾਣੀ ਗਲੀ ਦੇ ਦਵਿੰਦਰ ਸਿੰਘ ਤੇ ਕੁਝ ਨਾਮਾਲੂਮ ਵਿਅਕਤੀਆਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।
ਦੋ ਪੁਲਸ ਅਧਿਕਾਰੀਆਂ ਨਾਲ ਰਿਆਇਤ
ਚਰਚਾ ਹੈ ਕਿ ਪੁਲਸ ਨੇ ਬੜੀ ਸਫਾਈ ਨਾਲ ਇਕ ਸਹਾਇਕ ਥਾਣੇਦਾਰ ਦੀ ਕੁਰਬਾਨੀ ਦੇ ਕੇ ਥਾਣਾ ਮੁਖੀ ਤੇ ਇਕ ਸਹਾਇਕ ਥਾਣੇਦਾਰ ਨੂੰ ਬਚਾਅ ਲਿਆ ਹੈ, ਜਦਕਿ ਉਹ ਵੀ ਘਟਨਾ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ।
ਇਸ ਸਬੰਧ ਵਿਚ ਐੱਸ. ਐੱਸ. ਪੀ. ਦਾ ਕਹਿਣਾ ਹੈ ਕਿ ਲਾਈਨ ਹਾਜ਼ਰ ਕੀਤੇ ਗਏ ਅਧਿਕਾਰੀਆਂ ਨੂੰ ਕਲੀਨ ਚਿੱਟ ਨਹੀਂ ਦਿੱਤੀ ਗਈ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ, ਜੇਕਰ ਇਹ ਦੋਵੇਂ ਮਾਮਲੇ 'ਚ ਦੋਸ਼ੀ ਨਜ਼ਰ ਆਉਂਦੇ ਹਨ ਤਾਂ ਇਨ੍ਹਾਂ ਵਿਰੁੱਧ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਹ ਮਾਮਲਾ ਵਿਧਾਨ ਸਭਾ 'ਚ ਉੱਠੇਗਾ : ਵਿਧਾਇਕਾ ਰੂਬੀ
ਆਮ ਆਦਮੀ ਪਾਰਟੀ ਦੀ ਵਿਧਾਇਕਾ ਰੂਬੀ ਅੱਜ ਹਸਪਤਾਲ 'ਚ ਬੱਚੇ ਦਾ ਹਾਲਚਾਲ ਪੁੱਛਣ ਲਈ ਆਏ, ਜਿਨ੍ਹਾਂ ਪੁਲਸ ਦੀ ਕਾਰਵਾਈ ਨੂੰ ਦਰਿੰਦਗੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਇਹ ਮਾਮਲਾ ਵਿਧਾਨ ਸਭਾ ਵਿਚ ਵੀ ਉਠਾਉਣਗੇ ਤਾਂ ਕਿ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਹੋ ਸਕੇ। ਉਨ੍ਹਾਂ ਐੱਸ. ਐੱਮ. ਓ. ਨੂੰ ਨਿਰਦੇਸ਼ ਦਿੱਤੇ ਕਿ ਬੱਚੇ ਦਾ ਇਲਾਜ ਜ਼ਿੰਮੇਵਾਰੀ ਨਾਲ ਕੀਤਾ ਜਾਵੇ, ਜਦਕਿ ਮੈਡੀਕਲ ਰਿਪੋਰਟ ਵੀ ਦੋਬਾਰਾ ਬਣਾਈ ਜਾਵੇ ਕਿਉਂਕਿ ਪਹਿਲਾਂ ਵਾਲੀ ਰਿਪੋਰਟ 'ਚ ਬੱਚੇ ਦੇ ਗੁਪਤ ਅੰਗ 'ਚ ਪੈਟਰੋਲ ਪਾਉਣ ਆਦਿ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ।
ਕਿਸਾਨਾਂ ਨੇ ਫੂਕੇ ਕੇਂਦਰ ਤੇ ਸੂਬਾ ਸਰਕਾਰ ਦੇ ਪੁਤਲੇ
NEXT STORY