ਚੰਡੀਗੜ੍ਹ, (ਰੋਹਿਲਾ)- ਮੰਗਲਵਾਰ ਨੂੰ ਸੀ. ਸੈ. ਸਕੂਲ ਸੈਕਟਰ-22 'ਚ ਖੂਬ ਹੰਗਾਮਾ ਹੋਇਆ, ਜੋ ਲਗਾਤਾਰ ਚਾਰ ਘੰਟੇ ਚਲਦਾ ਰਿਹਾ। ਅਸਲ 'ਚ ਸੋਮਵਾਰ ਨੂੰ ਕੁਝ ਵਿਦਿਆਰਥੀਆਂ ਵਲੋਂ ਦੁਪਹਿਰ ਲਗਭਗ 1 ਵਜੇ ਪਟਾਕੇ ਚਲਾਏ ਗਏ, ਜਿਸਦਾ ਇਲਜ਼ਾਮ ਦਸਵੀਂ ਕਲਾਸ ਦੇ ਚਾਰ ਬੱਚਿਆਂ 'ਤੇ ਲਾ ਦਿੱਤਾ ਗਿਆ। ਉਨ੍ਹਾਂ ਚਾਰ ਬੱਚਿਆਂ 'ਚੋਂ ਦੋ ਦੇ ਮਾਪਿਆਂ ਨੇ ਸਕੂਲ ਪ੍ਰਸ਼ਾਸਨ ਖਿਲਾਫ ਖੂਬ ਨਾਅਰੇਬਾਜ਼ੀ ਕੀਤੀ।
ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੱਚੇ ਨਿਰਦੋਸ਼ ਹਨ। ਉਥੇ ਹੀ ਸਕੂਲ ਪ੍ਰਸ਼ਾਸਨ ਵਲੋਂ ਦੋਸ਼ੀ ਪਾਏ ਗਏ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਪਟਾਕੇ 9ਵੀਂ ਦੇ ਵਿਦਿਆਰਥੀਆਂ ਵਲੋਂ ਚਲਾਏ ਗਏ ਸਨ, ਜਿਨ੍ਹਾਂ ਦੀ ਪਛਾਣ ਉਨ੍ਹਾਂ ਨੇ ਸਕੂਲ ਟੀਚਰ ਨੂੰ ਕਰਵਾ ਦਿੱਤੀ ਹੈ ਪਰ ਉਸਦੇ ਬਾਵਜੂਦ ਸਕੂਲ ਪ੍ਰਸ਼ਾਸਨ ਮੰਨਣ ਲਈ ਤਿਆਰ ਨਹੀਂ ਹੈ।
ਵਿਦਿਆਰਥੀਆਂ ਨੇ ਦੱਸਿਆ ਕਿ 9ਵੀਂ ਕਲਾਸ ਦੇ ਵਿਦਿਆਰਥੀ ਸਕੂਲ 'ਚ ਪਟਾਕੇ ਚਲਾ ਕੇ ਭੱਜ ਗਏ ਸਨ ਤੇ ਅਸੀਂ ਇਹ ਵੇਖਣ ਲਈ ਉਥੇ ਗਏ ਸੀ ਕਿ ਪਟਾਕੇ ਕੌਣ ਚਲਾ ਰਿਹਾ ਹੈ ਜੇਕਰ ਸਾਨੂੰ ਪਤਾ ਹੁੰਦਾ ਕਿ ਉਲਟਾ ਅਸੀਂ ਹੀ ਇਸ ਮਾਮਲੇ 'ਚ ਫਸ ਜਾਵਾਂਗੇ ਤਾਂ ਅਸੀਂ ਕਦੇ ਵੀ ਉਥੇ ਨਾ ਜਾਂਦੇ। ਇਸਦੇ ਬਾਅਦ ਸਕੂਲ ਵਲੋਂ ਪੁਲਸ ਵੀ ਬੁਲਾਈ ਗਈ। ਪੁਲਸ ਵਲੋਂ ਪੁੱਛੇ ਜਾਣ 'ਤੇ ਅਸੀਂ ਪੁਲਸ ਨੂੰ ਸਾਰੀ ਸੱਚਾਈ ਦੱਸੀ, ਜਿਸਦੇ ਬਾਅਦ ਪੁਲਸ ਵਾਲੇ ਸਾਨੂੰ ਪਿਆਰ ਨਾਲ ਸਮਝਾ ਕੇ ਚਲੇ ਗਏ ਪਰ ਮੰਗਲਵਾਰ ਨੂੰ ਜਦੋਂ ਅਸੀਂ ਸਕੂਲ ਗਏ ਤਾਂ ਸਕੂਲ ਟੀਚਰ ਨੇ ਸਾਡੇ ਚਾਰਾਂ 'ਚੋਂ ਦੋ ਵਿਦਿਆਰਥੀਆਂ ਨੂੰ ਪ੍ਰਾਥਨਾ ਸਭਾ 'ਚੋਂ ਕਾਲਰ ਫੜ ਕੇ ਬਾਹਰ ਕੱਢਿਆ ਤੇ ਬੋਲਣਾ ਸ਼ੁਰੂ ਕਰ ਦਿੱਤਾ, ਜਿਸਦੇ ਬਾਅਦ ਅਸੀਂ ਸਕੂਲ ਆਫਿਸ ਤੋਂ ਆਪਣੇ ਮਾਪਿਆਂ ਨੂੰ ਫੋਨ ਕਰਕੇ ਬੁਲਾਇਆ।
ਬੱਚਿਆਂ ਦੇ ਮਾਪਿਆਂ ਦੀ ਮੰਨੀਏ ਤਾਂ ਇਸ ਬਾਰੇ ਉਨ੍ਹਾਂ ਨੇ ਸਕੂਲ ਪ੍ਰਿੰਸੀਪਲ ਨਾਲ ਗੱਲ ਕਰਨ ਦਾ ਯਤਨ ਕੀਤਾ ਪਰ ਉਨ੍ਹਾਂ ਨੇ ਇਹ ਕਹਿ ਕੇ ਕਮਰੇ ਤੋਂ ਬਾਹਰ ਕੱਢ ਦਿੱਤਾ ਕਿ ਬਾਹਰ ਜਾ ਕੇ ਟੀਚਰ ਨਾਲ ਗੱਲ ਕਰੋ। ਇਹ 'ਹਾਈ ਵੋਲਟੇਜ ਡਰਾਮਾ' ਸਵੇਰੇ ਸਾਢੇ 10 ਵਜੇ ਸ਼ੁਰੂ ਹੋਇਆ ਸੀ, ਜੋ ਲਗਾਤਾਰ ਦੁਪਹਿਰ 2 ਵਜੇ ਤਕ ਜਾਰੀ ਰਿਹਾ। ਇਸਦੇ ਬਾਅਦ ਸਕੂਲ ਪ੍ਰਸ਼ਾਸਨ ਵਲੋਂ ਮਾਪਿਆਂ ਨੂੰ ਦੋ ਦਿਨਾਂ ਬਾਅਦ ਆਉਣ ਲਈ ਕਿਹਾ ਗਿਆ। ਸਕੂਲ ਪ੍ਰਸ਼ਾਸਨ ਨੇ ਮੌਕੇ 'ਤੇ ਜ਼ਿਲਾ ਸਿੱਖਿਆ ਅਧਿਕਾਰੀ ਰਾਜਿੰਦਰ ਕੌਰ ਨੂੰ ਵੀ ਬੁਲਾਇਆ, ਜਿਨ੍ਹਾਂ ਨੇ ਸਕੂਲ ਨੂੰ ਬੱਚਿਆਂ ਦੀ ਕਾਊਂਸਲਿੰਗ ਕਰਨ ਦੇ ਨਿਰਦੇਸ਼ ਦਿੱਤੇ।
ਉਥੇ ਹੀ ਸਕੂਲ ਦੇ ਪ੍ਰਿੰਸੀਪਲ ਦਲਜੀਤ ਸਿੰਘ ਚੀਮਾ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਕੋਲੋਂ ਇਕ ਬੱਚਾ ਸਕੂਲ 'ਚ ਅਨੁਸ਼ਾਸਨ 'ਚ ਨਹੀਂ ਆਉਂਦਾ, ਉਸਦੇ ਕੰਨਾਂ 'ਚ ਵਾਲੀਆਂ ਤੇ ਵੱਡੇ-ਵੱਡੇ ਵਾਲ ਹਨ। ਪੜ੍ਹਾਈ 'ਚ ਵੀ ਬੱਚਾ ਕੋਈ ਧਿਆਨ ਨਹੀਂ ਦਿੰਦਾ ਹੈ। ਇਸ ਤੋਂ ਪਹਿਲਾਂ ਬੱਚੇ ਦੀ ਪੜ੍ਹਾਈ ਸਬੰਧੀ ਗੱਲ ਕਰਨ ਲਈ ਕਈ ਵਾਰ ਮਾਪਿਆਂ ਨੂੰ ਸਕੂਲ 'ਚ ਬੁਲਾਇਆ ਗਿਆ ਪਰ ਉਹ ਕਦੇ ਨਹੀਂ ਆਏ। ਮੰਗਲਵਾਰ ਨੂੰ ਉਨ੍ਹਾਂ ਨੇ ਆ ਕੇ ਹੰਗਾਮਾ ਕੀਤਾ, ਜਿਸ 'ਤੇ ਡੀ. ਈ. ਓ. ਨੇ ਸਮਝਾ ਕੇ ਮਾਮਲੇ ਨੂੰ ਖਤਮ ਕਰ ਦਿੱਤਾ।
ਚੰਡੀਗੜ੍ਹ 'ਚ ਆਏ ਦਿਨ ਚੋਰੀ ਹੋ ਰਹੇ ਨੇ ਵਾਹਨ
NEXT STORY