ਖਰੜ,(ਰਣਬੀਰ, ਅਮਰਦੀਪ)- ਆਪਣੇ ਇਕ ਪਾਸੜ ਪਿਆਰ ਨੂੰ ਪ੍ਰਵਾਨ ਨਾ ਚੜ੍ਹਦਿਆਂ ਵੇਖ ਇਕ ਨੌਜਵਾਨ ਨੇ ਅੱਜ ਸ਼ਾਮ ਇਥੋਂ ਦੇ ਨਜ਼ਦੀਕੀ ਪਿੰਡ ਭਜੌਲੀ-ਰਡਿਆਲਾ ਦਰਮਿਆਨ ਰਾਹ ਵਿਚ ਇਕ ਤਲਾਕਸ਼ੁਦਾ ਲੜਕੀ 'ਤੇ ਕਿਰਚ ਨਾਲ ਹਮਲਾ ਕਰਕੇ ਉਸਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਖੁਦ 'ਤੇ ਵੀ ਕਿਰਚ ਨਾਲ ਵਾਰ ਕਰਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਅੱਧਮਰੀ ਹਾਲਤ 'ਚ ਦੋਵਾਂ ਦਾ ਪਤਾ ਜਿਵੇਂ ਹੀ ਉਥੋਂ ਲੰਘ ਰਹੇ ਰਾਹਗੀਰਾਂ ਨੂੰ ਲੱਗਾ ਤਾਂ ਇਸਦੀ ਸੂਚਨਾ ਦੋਹਾਂ ਦੇ ਘਰਦਿਆਂ ਨੂੰ ਦਿੱਤੀ, ਜਿਨ੍ਹਾਂ ਫੌਰਨ ਉਨ੍ਹਾਂ ਨੂੰ ਸਿਵਲ ਹਸਪਤਾਲ ਖਰੜ ਪੁੱਜਦਾ ਕੀਤਾ ਪਰ ਹਸਪਤਾਲ ਪੁੱਜਦਿਆਂ ਹੀ ਡਾਕਟਰਾਂ ਵਲੋਂ ਲੜਕੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ, ਜਦੋਂਕਿ ਹਮਲਾਵਰ ਦੀ ਹਾਲਤ ਨੂੰ ਨਾਜ਼ੁਕ ਦੇਖਦਿਆਂ ਉਸਨੂੰ ਸਰਕਾਰੀ ਮੈਡੀਕਲ ਕਾਲਜ ਸੈਕਟਰ-32 ਲਈ ਰੈਫਰ ਕਰ ਦਿੱਤਾ ਗਿਆ। ਇਸ ਵਾਰਦਾਤ ਦੀ ਸੂਚਨਾ ਜਿਵੇਂ ਹੀ ਪੁਲਸ ਨੂੰ ਲੱਗੀ ਤਾਂ ਐੱਸ. ਐੱਚ. ਓ. ਸਦਰ ਭਗਵੰਤ ਸਿੰਘ ਪੁਲਸ ਫੋਰਸ ਸਮੇਤ ਮੌਕੇ 'ਤੇ ਪੁੱਜ ਗਏ ਅਤੇ ਇਸ ਘਟਨਾ ਦੀ ਆਪਣੇ ਵਲੋਂ ਜਾਂਚ ਸ਼ੁਰੂ ਕਰ ਦਿੱਤੀ।
ਪੁਲਸ ਨੂੰ ਦਿੱਤੇ ਆਪਣੇ ਬਿਆਨਾਂ 'ਚ ਮ੍ਰਿਤਕਾ ਜਸਵੀਰ ਕੌਰ (32) ਵਾਸੀ ਪਿੰਡ ਭਜੌਲੀ ਦੇ ਭਰਾ ਅਵਤਾਰ ਸਿੰਘ ਨੇ ਦੱਸਿਆ ਕਿ ਉਸਦੀਆਂ 2 ਭੈਣਾਂ ਅਤੇ ਇਕ ਭਰਾ ਹੈ। ਜਸਵੀਰ ਕੌਰ ਤਲਾਕਸ਼ੁਦਾ ਸੀ ਤੇ ਆਪਣੇ ਪਤੀ ਨਾਲ ਤਲਾਕ ਤੋਂ ਬਾਅਦ ਉਹ ਉਨ੍ਹਾਂ ਕੋਲ ਹੀ ਪਿੰਡ 'ਚ ਰਹਿ ਰਹੀ ਸੀ। ਉਸਦੇ ਕੋਲ ਇਕ 11 ਸਾਲਾ ਲੜਕੀ ਅਤੇ 9 ਸਾਲਾ ਲੜਕਾ ਹੈ, ਜੋ ਕਿ ਮੋਹਾਲੀ ਵਿਖੇ ਇਕ ਨਿੱਜੀ ਕੰਪਨੀ 'ਚ ਕੰਮ ਕਰਦੀ ਸੀ। ਅੱਜ ਸ਼ਾਮੀਂ ਜਦੋਂ ਉਹ ਆਪਣੀ ਡਿਊਟੀ ਖਤਮ ਕਰਕੇ ਕਰੀਬ ਪੌਣੇ 6 ਵਜੇ ਸਕੂਟਰ 'ਤੇ ਵਾਪਸ ਘਰ ਪਰਤ ਰਹੀ ਸੀ ਤਾਂ ਉਕਤ ਥਾਂ 'ਤੇ ਉਨ੍ਹਾਂ ਦੇ ਗੁਆਂਢੀ ਜਸਵਿੰਦਰ ਸਿੰਘ (31) ਜੋ ਕਿ ਖਰੜ ਦੇ ਇਕ ਨਿੱਜੀ ਵਿਦਿਅਕ ਅਦਾਰੇ ਦੀ ਮੈੱਸ ਅੰਦਰ ਕੁੱਕ ਸੀ, ਨੇ ਆਪਣੇ ਮੋਟਰਸਾਈਕਲ ਉਤੇ ਉਸਦਾ ਪਿੱਛਾ ਕਰਕੇ ਉਸਨੂੰ ਰਾਹ 'ਚ ਰੋਕ ਲਿਆ ਅਤੇ ਕਿਰਚ ਨਾਲ ਉਸ ਉਤੇ ਕਈ ਵਾਰ ਕੀਤੇ, ਜਿਸ ਨਾਲ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ।
ਖੁਦ ਵੀ ਸ਼ਾਦੀਸ਼ੁਦਾ ਹੈ ਹਮਲਾਵਰ-ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਕਾਤਲ ਜਸਵਿੰਦਰ ਸਿੰਘ ਦਾ ਕਰੀਬ 2 ਸਾਲ ਪਹਿਲਾਂ ਵਿਆਹ ਹੋਇਆ ਸੀ ਪਰ ਇਸਦੇ ਬਾਵਜੂਦ ਉਹ ਜਸਵੀਰ ਕੌਰ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਜਸਵੀਰ ਕੌਰ ਆਪਣੇ ਪੇਕੇ ਪਰਿਵਾਰ ਅਤੇ ਦੋਵੇਂ ਬੱਚਿਆਂ ਨਾਲ ਠੀਕ-ਠਾਕ ਜ਼ਿੰਦਗੀ ਬਤੀਤ ਕਰ ਰਹੀ ਸੀ। ਉਸਨੇ ਜਸਵਿੰਦਰ ਸਿੰਘ ਦੀ ਕਿਸੇ ਗੱਲ ਵੱਲ ਕੋਈ ਤਵੱਜੋ ਨਾ ਦਿੱਤੀ ਤਾਂ ਇਸੇ ਖੁੰਦਕ 'ਚ ਦੋਸ਼ੀ ਨੇ ਜਸਵੀਰ ਕੌਰ ਦਾ ਕਤਲ ਕਰ ਦਿੱਤਾ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਫਿਲਹਾਲ ਇਸ ਪੂਰੀ ਵਾਰਦਾਤ ਦੀ ਜਾਂਚ ਜਾਰੀ ਹੈ। ਮੌਕਾ ਵਾਰਦਾਤ ਤੋਂ ਕਾਤਲ ਵਲੋਂ ਵਰਤੀ ਕਿਰਚ ਤੋਂ ਇਲਾਵਾ ਦੋਵੇਂ ਵਾਹਨ ਮ੍ਰਿਤਕਾ ਦਾ ਐਕਟਿਵਾ ਸਕੂਟਰ ਅਤੇ ਕਾਤਲ ਦਾ ਮੋਟਰਸਾਈਕਲ ਬਰਾਮਦ ਕਰ ਲਏ ਗਏ ਹਨ। ਜਸਵਿੰਦਰ ਸਿੰਘ ਖਿਲਾਫ ਆਈ. ਪੀ. ਸੀ. ਦੀ ਧਾਰਾ 302 ਅਧੀਨ ਦਰਜ ਕਰ ਲਿਆ ਗਿਆ ਹੈ, ਜਿਸਦੇ ਖਿਲਾਫ ਹਸਪਤਾਲ 'ਚੋਂ ਛੁੱਟੀ ਕਰਨ ਮਗਰੋਂ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
ਬੋਰਡ ਪ੍ਰੀਖਿਆਵਾਂ 'ਚ ਨਹੀਂ ਰੁਕ ਰਹੀ ਨਕਲ
NEXT STORY