ਲੁਧਿਆਣਾ (ਰਾਜ): ਕਮਿਸ਼ਨਰੇਟ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਵਿਸ਼ੇਸ਼ ਨਾਕਾਬੰਦੀ ਦੌਰਾਨ ਡਕੈਤੀ ਦੀ ਯੋਜਨਾ ਬਣਾ ਰਹੇ ਇਕ ਅੰਤਰਰਾਜੀ ਗਿਰੋਹ ਦੇ 5 ਮੈਂਬਰਾਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ। ਮੁਲਜ਼ਮ ਗੈਸ ਕਟਰ ਰਾਹੀਂ ਫੈਕਟਰੀਆਂ ਅਤੇ ਏ.ਟੀ.ਐਮ. (ATM) ਨੂੰ ਨਿਸ਼ਾਨਾ ਬਣਾਉਣ ਦੀ ਫਿਰਾਕ ਵਿਚ ਸਨ।
ਜਾਣਕਾਰੀ ਅਨੁਸਾਰ, ਐੱਸ.ਆਈ. ਸਤਵੀਰ ਸਿੰਘ ਸਮੇਤ ਪੁਲਸ ਪਾਰਟੀ ਮਿਤੀ 26 ਅਪ੍ਰੈਲ ਨੂੰ ਪਿੰਡ ਬੁੱਢੇਵਾਲ ਦੇ ਟੀ-ਪੁਆਇੰਟ 'ਤੇ ਵਿਸ਼ੇਸ਼ ਚੈਕਿੰਗ ਲਈ ਮੌਜੂਦ ਸੀ। ਇਸੇ ਦੌਰਾਨ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਕੁਝ ਅਪਰਾਧੀ ਇਕ ਮਹਿੰਦਰਾ ਸੂਪਰ ਪ੍ਰੋਫਿਟ ਮਿੰਨੀ ਟਰੱਕ (ਪਿਕਅੱਪ) ਵਿਚ ਸਵਾਰ ਹੋ ਕੇ ਡਾਕਾ ਮਾਰਨ ਦੀ ਨੀਅਤ ਨਾਲ ਪਿੰਡ ਖਾਸੀ ਕਲਾਂ ਦੇ ਰਸਤੇ ਬੁੱਢੇਵਾਲ ਵੱਲ ਆ ਰਹੇ ਹਨ। ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ 100 ਫੁੱਟਾ ਰੋਡ 'ਤੇ ਘੇਰਾਬੰਦੀ ਕੀਤੀ ਅਤੇ ਉਕਤ ਗੱਡੀ ਨੂੰ ਰੋਕ ਲਿਆ। ਪੁਲਸ ਵੱਲੋਂ ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਤਾਜਪੁਰ, ਲੁਧਿਆਣਾ ਨਿਵਾਸੀ ਚੰਦਨ ਪੁੱਤਰ ਮੁਨੀ ਲਾਲ, ਪ੍ਰਦੀਪ ਗੁਪਤਾ ਪੁੱਤਰ ਰਾਮ ਨਾਰਾਇਣ, ਰੋਹਿਤ ਪੁੱਤਰ ਰਾਮ ਕ੍ਰਿਸ਼ਨ, ਪੱਪੂ ਪੁੱਤਰ ਚੰਦਨ ਕੁਮਾਰ ਅਤੇ ਨੀਰਜ ਕੁਮਾਰ ਪੁੱਤਰ ਦੇਵ ਚੰਦ ਵਜੋਂ ਹੋਈ ਹੈ।
ਤਲਾਸ਼ੀ ਦੌਰਾਨ ਮੁਲਜ਼ਮਾਂ ਕੋਲੋਂ ਡਾਕੇ ਵਿਚ ਵਰਤਿਆ ਜਾਣ ਵਾਲਾ ਭਾਰੀ ਸਾਮਾਨ ਅਤੇ ਨਾਜਾਇਜ਼ ਹਥਿਆਰ ਬਰਾਮਦ ਹੋਏ ਹਨ। ਉਨ੍ਹਾਂ ਕੋਲੋਂ ਇਕ ਦੇਸੀ ਪਿਸਤੌਲ 32 ਬੋਰ, ਇਕ ਜ਼ਿੰਦਾ ਕਾਰਤੂਸ (7.65 MM K.F), ਇਕ ਲੋਹੇ ਦਾ ਦਾਤ, ਇਕ ਕਿਰਪਾਨ ਅਤੇ ਦੋ ਲੋਹੇ ਦੀਆਂ ਰਾਡਾਂ (ਸੱਬਲ), ਇਕ ਆਕਸੀਜਨ ਗੈਸ ਸਿਲੰਡਰ (4.26 ਕਿਲੋ), 5 ਕਿੱਲੋ ਦਾ ਐੱਲ.ਪੀ.ਜੀ. ਸਿਲੰਡਰ, ਰੈਗੂਲੇਟਰ, ਗੈਸ ਕਟਰ, ਪਿੱਤਲ ਦਾ ਕੋਹਿਨੂਰ ਮਾਰਕ ਰੈਗੂਲੇਟਰ ਅਤੇ ਪਾਈਪ ਸਮੇਤ 2 ਛੋਟੇ ਆਕਸੀਜਨ ਮੀਟਰ ਮਿਲੇ ਹਨ। ਇਸ ਤੋਂ ਇਲਾਵਾ ਮਹਿੰਦਰਾ ਮਿੰਨੀ ਟਰੱਕ (PB10JA-0950) ਅਤੇ ਇਕ ਵੀਵੋ (VIVO V40e) ਮੋਬਾਈਲ ਫ਼ੋਨ ਵੀ ਬਰਾਮਦ ਹੋਇਆ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਸ਼ਹਿਰ ਦੀਆਂ ਵੱਡੀਆਂ ਫੈਕਟਰੀਆਂ ਅਤੇ ਏ.ਟੀ.ਐੱਮ. ਨੂੰ ਗੈਸ ਕਟਰ ਨਾਲ ਕੱਟ ਕੇ ਲੁੱਟਣ ਦੀ ਯੋਜਨਾ ਬਣਾ ਰਹੇ ਸਨ। ਇਨ੍ਹਾਂ ਦੇ ਫੜੇ ਜਾਣ ਨਾਲ ਚੋਰੀ ਅਤੇ ਡਕੈਤੀ ਦੀਆਂ ਕਈ ਵੱਡੀਆਂ ਵਾਰਦਾਤਾਂ ਟਲ ਗਈਆਂ ਹਨ। ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਰਿਮਾਂਡ ਦੌਰਾਨ ਹੋਰ ਵਾਰਦਾਤਾਂ ਦੇ ਖੁੱਲ੍ਹਣ ਦੀ ਵੀ ਉਮੀਦ ਹੈ।
ਰੀਤੂ ਨੂਰਾਂ ਤੇ ਐਕਸ ਪਤੀ ਵਿਚਾਲੇ ਛਿੜਿਆ ਵਿਵਾਦ! ਵੀਡੀਓ ਜਾਰੀ ਕਰਕੇ ਦਿੱਤੀ ਵੱਡੀ ਚਿਤਾਵਨੀ
NEXT STORY