ਗੁਰਦਾਸਪੁਰ (ਗੁਰਪ੍ਰੀਤ ਸਿੰਘ) : ਬਟਾਲਾ ਦੇ ਪਿੰਡ ਥਾਰੀਏਵਾਲ 'ਚ ਮਾਹੌਲ ਉਸ ਸਮੇਂ ਤਣਾਅਪੂਰਨ ਬਣ ਗਿਆ, ਜਦੋਂ ਪਿੰਡ ਦੇ ਗੁਰਦੁਆਰਾ ਕਲਗੀਧਰ ਸਾਹਿਬ 'ਚੋਂ ਬਾਬਾ ਜੀ ਦੇ ਸਰੂਪ ਅਤੇ ਹੋਰ ਸਾਰਾ ਸਾਮਾਨ ਲਿਜਾ ਕੇ ਨਵੇਂ ਬਣਾਏ ਗਏ ਗੁਰਦੁਆਰਾ ਸਾਹਿਬ ਵਿੱਚ ਸਥਾਪਿਤ ਕਰ ਦਿੱਤੇ ਗਏ। ਉਥੇ ਹੀ ਪਿੰਡ ਦੇ ਸਰਪੰਚ ਅਤੇ ਪਿੰਡ ਵਾਸੀਆਂ ਤੇ ਕੁਝ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ਪਿੰਡ ਵਾਸੀਆਂ ਨੇ ਕਿਹਾ ਕਿ ਇਹ ਗੁਰਦੁਆਰਾ ਸਾਹਿਬ ਪਿੰਡ ਦੀ ਸਹਿਮਤੀ ਨਾਲ ਬਣਾਇਆ ਗਿਆ ਹੈ ਪਰ ਅੱਜ ਇਕ ਸਮਾਜ ਸੇਵੀ ਵੱਲੋਂ ਜਥੇਬੰਦੀਆਂ ਨੂੰ ਲਿਆ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਇਹ ਵੀ ਪੜ੍ਹੋ : ਮਿੰਨੀ ਬੱਸ ਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ 'ਚ ਫੌਜੀ ਜਵਾਨ ਦੀ ਮੌਤ, ਦਰਜਨ ਤੋਂ ਵੱਧ ਸਵਾਰੀਆਂ ਜ਼ਖ਼ਮੀ
ਉਥੇ ਹੀ ਨਵੇਂ ਸਥਾਪਿਤ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਅਤੇ ਪਿੰਡ ਵਾਸੀਆਂ ਧਰਮ ਸਿੰਘ, ਨੱਥਾ ਸਿੰਘ, ਸਰਬਜੀਤ ਸਿੰਘ ਤੇ ਕੰਵਲਜੀਤ ਕੌਰ ਨੇ ਕਿਹਾ ਕਿ ਸਾਡੀ ਪ੍ਰਸ਼ਾਸਨ ਅਤੇ ਸਿੱਖ ਜਥੇਬੰਦੀਆਂ ਅੱਗੇ ਅਪੀਲ ਹੈ ਕਿ ਅਜਿਹੇ ਸਮਾਜ ਸੇਵਕਾਂ ਦਾ ਪਿਛੋਕੜ ਦੇਖਿਆ ਜਾਵੇ ਤੇ ਅਜਿਹੇ ਢੌਂਗੀ ਸਮਾਜ ਸੇਵਕਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਪੁਰਾਣੇ ਗੁਰਦੁਆਰਾ ਸਾਹਿਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਨਿਹੰਗ ਜਥੇਬੰਦੀਆਂ ਵੱਲੋਂ ਸਮਾਜ ਸੇਵਕ ਨੂੰ ਸਿਰੋਪਾਓ ਪਾ ਕੇ ਜ਼ਿੰਮੇਵਾਰੀ ਸੌਂਪੀ ਗਈ।
ਇਹ ਵੀ ਪੜ੍ਹੋ : ਗੰਨ ਕਲਚਰ 'ਤੇ ਪਾਬੰਦੀ ਦਾ ਨਹੀਂ ਹੋ ਰਿਹਾ ਅਸਰ, ਅੰਮ੍ਰਿਤਸਰ 'ਚ ਫਿਰ ਚੱਲੀ ਗੋਲ਼ੀ, CCTV ਫੁਟੇਜ ਆਈ ਸਾਹਮਣੇ
ਜਦੋਂ ਨਿਹੰਗ ਜਥੇਬੰਦੀਆਂ ਸ਼ਹੀਦ ਬਾਬਾ ਦੀਪ ਸਿੰਘ ਖਾਲਸਾ ਫੌਜ ਅਤੇ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਟਕਸਾਲ ਨੂੰ ਪੁੱਛਿਆ ਗਿਆ ਕਿ ਕੁਝ ਬਹਿਰੂਪੀਏ ਤੁਹਾਡਾ ਚੋਲਾ ਪਾ ਕੇ ਲੋਕਾਂ ਨਾਲ ਠੱਗੀ ਕਰਦੇ ਹਨ ਤਾਂ ਉਨ੍ਹਾਂ ਕਿਹਾ ਕਿ ਜੇ ਕੋਈ ਅਜਿਹਾ ਕਰਦਾ ਹੈ ਤਾਂ ਉਨ੍ਹਾਂ ਲੋਕਾਂ ਨੂੰ ਸੌਦਾ ਲਗਾਇਆ ਜਾਵੇਗਾ। ਉਥੇ ਹੀ ਜਦੋਂ ਮੌਜੂਦਾ ਸਰਪੰਚ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਡੇ ਪਿੰਡ ਦਾ ਗੁਰਦੁਆਰਾ ਸਾਹਿਬ 70 ਸਾਲ ਪੁਰਾਣਾ ਹੈ ਅਤੇ ਜੋ ਬਾਬਾ ਜੀ ਦੇ ਸਰੂਪ ਉਥੋਂ ਚੁੱਕੇ ਗਏ ਹਨ, ਇਹ ਬਹੁਤ ਨਿੰਦਣਯੋਗ ਕਾਰਵਾਈ ਹੈ। ਇਸ ਵਿੱਚ ਸਾਡੀ ਕੋਈ ਸਹਿਮਤੀ ਨਹੀਂ ਸੀ। ਉਥੇ ਹੀ ਦੂਜੇ ਪਾਸੇ ਜਦੋਂ ਸਮਾਜ ਸੇਵਕ ਠਿਕਰੀਵਾਲ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਕੈਮਰੇ ਅੱਗੇ ਬੋਲਣ ਤੋਂ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ : ਕੈਪਟਨ ਦੇ ਮੀਡੀਆ ਸਲਾਹਕਾਰ ਭਰਤਇੰਦਰ ਚਾਹਲ ਦੇ ਘਰ ਪੁਲਸ ਨੇ ਮਾਰਿਆ ਛਾਪਾ, ਅਫ਼ਸਰਾਂ ਨੇ ਧਾਰੀ ਚੁੱਪ
ਇਸ ਬਾਰੇ ਜਦੋਂ ਰੰਗੜ ਨੰਗਲ ਦੇ ਥਾਣਾ ਮੁਖੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਪਿੰਡ ਵਿੱਚ ਗੁਰਦੁਆਰਾ ਸਾਹਿਬ ਦਾ ਮਸਲਾ ਚੱਲ ਰਿਹਾ ਸੀ ਪਰ ਹੁਣ ਮਾਹੌਲ ਸ਼ਾਂਤ ਹੈ, ਜੋ ਵੀ ਸਾਨੂੰ ਲਿਖਤੀ ਦਿੱਤਾ ਜਾਵੇਗਾ, ਉਸੇ ਅਧਾਰ 'ਤੇ ਕਾਰਵਾਈ ਕੀਤੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਮਿੰਨੀ ਬੱਸ ਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ 'ਚ ਫੌਜੀ ਜਵਾਨ ਦੀ ਮੌਤ, ਦਰਜਨ ਤੋਂ ਵੱਧ ਸਵਾਰੀਆਂ ਜ਼ਖ਼ਮੀ
NEXT STORY