ਤਲਵੰਡੀ ਸਾਬੋ (ਮੁਨੀਸ਼) : ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਤਿਉਣਾ ਪੁਜਾਰੀਆਂ ਵਿਖੇ ਪੁਰਾਣੀ ਰੰਜਿਸ਼ ਕਾਰਨ ਇਕ ਪਰਿਵਾਰ ’ਤੇ ਰਾਤ ਸਮੇਂ ਕਰੀਬ ਕੁੱਝ ਹਮਲਾਵਰਾਂ ਨੇ ਹਮਲਾ ਕਰ ਦਿੱਤਾ। ਇਸ ਦੌਰਾਨ ਹਮਲੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦੋਂਕਿ 4 ਦੇ ਗੰਭੀਰ ਜ਼ਖਮੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਜ਼ਖਮੀਆਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ 'ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ, ਜਦੋਂਕਿ ਤਲਵੰਡੀ ਸਾਬੋ ਪੁਲਸ ਨੇ ਨਵੇਂ ਕਾਨੂੰਨਾਂ ਤਹਿਤ ਇਕ ਦਰਜਨ ਦੇ ਕਰੀਬ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਆਰੰਭ ਦਿੱਤੀ ਹੈ।
ਪਿੰਡ ਤਿਓਣਾ ਪੁਜਾਰੀਆਂ ਦੇ ਜਗਰੂਪ ਸਿੰਘ ਨੇ ਪੁਲਸ ਕੋਲ ਦਰਜ ਕਰਵਾਏ ਬਿਆਨਾਂ 'ਚ ਦੱਸਿਆ ਕਿ ਉਸ ਦਾ ਅਤੇ ਉਸ ਦੇ ਭਰਾ ਦਾ ਪਰਿਵਾਰ ਆਪਣੇ ਨਾਲ ਲੱਗਦੇ ਘਰਾਂ 'ਚ ਰਾਤ ਸਮੇਂ ਸੁੱਤੇ ਪਏ ਸਨ ਕਿ ਕਰੀਬ 12 ਵਜੇ ਆਪਣੀ ਭਰਜਾਈ ਹਰਪ੍ਰੀਤ ਕੌਰ ਦੀਆਂ ਚੀਕਾਂ ਸੁਣ ਕੇ ਜਦੋਂ ਉਹ ਆਪਣੇ ਮਾਤਾ ਅਤੇ ਪਿਤਾ ਸਮੇਤ ਭਰਾ ਦੇ ਘਰ ਪੁੱਜਾ ਤਾਂ ਪਿੰਡ ਦੇ ਕੁੱਝ ਲੋਕ ਤੇਜ਼ਧਾਰ ਹਥਿਆਰਾਂ ਨਾਲ ਉਸ ਦੇ ਭਰਾ ਸਮਸ਼ੇਰ ਸਿੰਘ ਉਰਫ ਸ਼ੇਰੂ, ਉਸ ਦੀ ਪਤਨੀ ਹਰਪ੍ਰੀਤ ਕੌਰ ’ਤੇ ਹਮਲੇ ਕਰ ਰਹੇ ਸਨ। ਜਦੋਂ ਉਨ੍ਹਾਂ ਨੇ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਭਰਾ ਅਤੇ ਭਰਜਾਈ ਦੇ ਨਾਲ ਮੇਰੀ ਅਤੇ ਮੇਰੇ ਮਾਤਾ-ਪਿਤਾ ਦੀ ਕੁੱਟਮਾਰ ਵੀ ਕੀਤੀ।
ਪੀੜਤ ਨੇ ਦੱਸਿਆ ਕਿ ਉਸ ਦੇ ਭਰਾ ਸ਼ਮਸ਼ੇਰ ਸਿੰਘ ਨੇ ਪਿੰਡ ਦੀ ਹੀ ਔਰਤ ਹਰਪ੍ਰੀਤ ਕੌਰ ਨਾਲ ਵਿਆਹ ਕਰਵਾਇਆ ਸੀ, ਜਿਸ ਕਰ ਕੇ ਉਕਤ ਔਰਤ ਦੇ ਵਿਹੜੇ ਨਾਲ ਸਬੰਧਿਤ ਕਥਿਤ ਦੋਸ਼ੀ ਪਿਛਲੇ ਸਮੇਂ ਤੋਂ ਉਨ੍ਹਾਂ ਨਾਲ ਰੰਜਿਸ਼ ਰੱਖਦੇ ਸਨ। ਪੀੜਤ ਦੇ ਦੱਸਣ ਅਨੁਸਾਰ ਹਮਲੇ ’ਚ ਜ਼ਖਮੀ ਉਸ ਦੇ ਭਰਾ ਸ਼ਮਸ਼ੇਰ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ, ਜਦੋਂ ਕਿ ਬਾਕੀ 4 ਜ਼ਖਮੀ ਜ਼ੇਰੇ ਇਲਾਜ ਹਨ।
ਹਮਲੇ ਦੀ ਸੂਚਨਾ ਮਿਲਦਿਆਂ ਹੀ ਡੀ. ਐੱਸ. ਪੀ. ਤਲਵੰਡੀ ਸਾਬੋ ਰਾਜੇਸ਼ ਸਨੇਹੀ ਅਤੇ ਥਾਣਾ ਮੁਖੀ ਪਰਬਤ ਸਿੰਘ ਘਟਨਾ ਸਥਾਨ ’ਤੇ ਪੁੱਜੇ ਅਤੇ ਡੂੰਘਾਈ ਨਾਲ ਘਟਨਾ ਸਥਾਨ ਦਾ ਨਿਰੀਖਣ ਕੀਤਾ। ਮ੍ਰਿਤਕ ਸ਼ਮਸ਼ੇਰ ਸਿੰਘ ਦੇ ਭਰਾ ਜਗਰੂਪ ਸਿੰਘ ਦੇ ਬਿਆਨ ’ਤੇ ਤਲਵੰਡੀ ਸਾਬੋ ਪੁਲਸ ਨੇ ਨਵੇਂ ਕਾਨੂੰਨਾਂ ਅਧੀਨ ਗੁਰਜੀਵਨ ਸਿੰਘ ਉਰਫ਼ ਜੀਵਨ, ਜਸਵੀਰ ਸਿੰਘ ਉਰਫ਼ ਗੱਗੂ, ਰੇਸ਼ਮ ਸਿੰਘ, ਬੱਬੂ ਸਿੰਘ ਅਤੇ 5-6 ਅਣਪਛਾਤੇ ਲੋਕਾਂ ਖ਼ਿਲ਼ਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਲੰਧਰ 'ਚ ਕਾਂਗਰਸ ਨੂੰ ਵੱਡਾ ਝਟਕਾ! CM ਮਾਨ ਨੇ 3 ਉੱਘੇ ਆਗੂਆਂ ਨੂੰ 'ਆਪ' 'ਚ ਕੀਤਾ ਸ਼ਾਮਲ
NEXT STORY