ਭਵਾਨੀਗੜ੍ਹ (ਵਿਕਾਸ ਮਿੱਤਲ) : ਪਿੰਡ ਜੌਲੀਆਂ ਵਿਖੇ ਨਸ਼ਾ ਤਸਕਰੀ ਦੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਗਏ ਪੁਲਸ ਮੁਲਾਜ਼ਮਾਂ ’ਤੇ ਲੋਹੇ ਦੀ ਨੁਕੀਲੀ ਪਾਈਪ ਅਤੇ ਡੰਡੇ ਨਾਲ ਹਮਲਾ ਕਰ ਦਿੱਤਾ ਗਿਆ। ਘਟਨਾ ’ਚ ਦੋ ਪੁਲਸ ਮੁਲਾਜ਼ਮ ਜ਼ਖਮੀ ਹੋ ਗਏ। ਮਾਮਲੇ ਸਬੰਧੀ ਪੁਲਸ ਨੇ ਤਿੰਨ ਔਰਤਾਂ ਸਮੇਤ 4 ਜਣਿਆਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਪੁਲਸ ਚੌਕੀ ਜੌਲੀਆਂ ਦੇ ਇੰਚਾਰਜ ਏ. ਐੱਸ. ਆਈ. ਓਮਕਾਰ ਸਿੰਘ ਨੇ ਦੱਸਿਆ ਕਿ ਚੌਕੀ ਦੇ ਏ. ਐੱਸ .ਆਈ. ਸਤਵੰਤ ਸਿੰਘ ਅਤੇ ਦਰਸ਼ਨ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਥਾਣਾ ਭਵਾਨੀਗੜ੍ਹ ’ਚ ਦਰਜ ਨਸ਼ਾ ਤਸਕਰੀ ਦੇ ਦੋ ਮਾਮਲਿਆਂ ’ਚ ਦੋਸ਼ੀ ਸ਼ਤਰੂ ਸਿੰਘ ਵਾਸੀ ਜੌਲੀਆਂ ਆਪਣੇ ਘਰ ਦੇ ਬਾਹਰ ਬੈਠਾ ਤਾਸ਼ ਖੇਡ ਰਿਹਾ ਹੈ ਜਿਸਨੂੰ ਛਾਪੇਮਾਰੀ ਕਰਕੇ ਕਾਬੂ ਕੀਤਾ ਜਾ ਸਕਦਾ ਹੈ। ਜਦੋਂ ਦੋਵੇਂ ਪੁਲਸ ਮੁਲਾਜ਼ਮ ਸ਼ਤਰੂ ਸਿੰਘ ਦੇ ਘਰ ਦੇ ਬਾਹਰ ਪੁੱਜੇ ਤਾਂ ਮੁਲਜ਼ਮ ਭੱਜ ਕੇ ਆਪਣੇ ਘਰ ’ਚ ਦਾਖ਼ਲ ਹੋ ਗਿਆ। ਪੁਲਸ ਮੁਲਾਜ਼ਮ ਪਿੱਛਾ ਕਰਦੇ ਹੋਏ ਗਏ ਤਾਂ ਘਰ ’ਚ ਮੌਜੂਦ ਸ਼ਤਰੂ ਦੀ ਮਾਂ ਮੂਰਤੀ, ਪਤਨੀ ਨਿਸ਼ਾ ਅਤੇ ਭਰਜਾਈ ਕਰਮਜੀਤ ਕੌਰ ਨੇ ਏ. ਐੱਸ. ਆਈ. ਦਰਸ਼ਨ ਸਿੰਘ ਨੂੰ ਫੜ ਕੇ ਪੌੜੀਆਂ ਚੜ੍ਹਨ ਤੋਂ ਰੋਕ ਲਿਆ ਜਦੋਂਕਿ ਸ਼ਤਰੂ ਸਿੰਘ ਨੇ ਲੋਹੇ ਦੀ ਨੁਕੀਲੀ ਪਾਈਪ ਏ. ਐੱਸ. ਆਈ. ਸਤਵੰਤ ਸਿੰਘ ਦੇ ਸਿਰ ’ਤੇ ਮਾਰੀ ਅਤੇ ਮੌਕੇ ਤੋਂ ਭੱਜ ਗਿਆ। ਏ. ਐੱਸ. ਆਈ. ਓਮਕਾਰ ਸਿੰਘ ਨੇ ਦੱਸਿਆ ਕਿ ਸਤਵੰਤ ਸਿੰਘ ਸੱਟ ਲੱਗਣ ਕਾਰਨ ਪੌੜੀਆਂ ਤੋਂ ਹੇਠਾਂ ਉਤਰਿਆ ਤਾਂ ਸ਼ਤਰੂ ਦੀ ਪਤਨੀ ਨਿਸ਼ਾ ਨੇ ਵੀ ਕਥਿਤ ਜਾਨੋਂ ਮਾਰਨ ਦੀ ਨੀਅਤ ਨਾਲ ਉਸ ਉੱਪਰ ਡੰਡੇ ਨਾਲ ਹਮਲਾ ਕਰ ਦਿੱਤਾ ਜੋ ਆਪਣਾ ਬਚਾਅ ਕਰਦੇ ਸਮੇਂ ਸਤਵੰਤ ਸਿੰਘ ਦੇ ਗੁੱਟ ’ਤੇ ਵੱਜਾ।
ਇਹ ਵੀ ਪੜ੍ਹੋ : ਰਾਜਪਾਲ ਦੇ ਭਾਸ਼ਣ ਤੋਂ ਭੱਜ ਜਾਣ ’ਤੇ ਵਿਰੋਧੀ ਧਿਰ ’ਤੇ ਜੰਮ ਕੇ ਵਰ੍ਹੇ ਮੁੱਖ ਮੰਤਰੀ ਭਗਵੰਤ ਮਾਨ
ਏ. ਐੱਸ. ਆਈ. ਓਮਕਾਰ ਨੇ ਦੱਸਿਆ ਕਿ ਘਟਨਾ ’ਚ ਜ਼ਖ਼ਮੀ ਹੋਏ ਦੋਵੇਂ ਪੁਲਸ ਮੁਲਾਜ਼ਮਾਂ ਨੂੰ ਭਵਾਨੀਗੜ੍ਹ ਦੇ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿੱਥੋਂ ਡਾਕਟਰਾਂ ਨੇ ਦੋਵਾਂ ਨੂੰ ਸੰਗਰੂਰ ਰੈਫ਼ਰ ਕਰ ਦਿੱਤਾ। ਇਸ ਮਾਮਲੇ ਸਬੰਧੀ ਏ. ਐੱਸ. ਆਈ. ਸਤਵੰਤ ਸਿੰਘ ਦੇ ਬਿਆਨਾਂ ’ਤੇ ਕਾਰਵਾਈ ਕਰਦਿਆਂ ਪੁਲਸ ਦੇ ਕੰਮ ’ਚ ਵਿਘਨ ਪਾਉਣ, ਇਰਾਦਾ ਕਤਲ ਸਮੇਤ ਵੱਖ-ਵੱਖ ਧਾਰਾਵਾਂ ਅਧੀਨ ਮੁਲਜ਼ਮ ਸ਼ਤਰੂ ਸਿੰਘ, ਉਸਦੀ ਪਤਨੀ ਨਿਸ਼ਾ, ਮਾਂ ਮੂਰਤੀ ਅਤੇ ਭਰਜਾਈ ਕਰਮਜੀਤ ਕੌਰ ਖ਼ਿਲਾਫ਼ ਥਾਣਾ ਭਵਾਨੀਗੜ੍ਹ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਮਾਮਲੇ ’ਚ ਸਾਰੇ ਮੁਲਜ਼ਮ ਫ਼ਰਾਰ ਹਨ।
ਇਹ ਵੀ ਪੜ੍ਹੋ : ਮੁਹਾਲੀ ’ਚ ਸ਼ਾਪਿੰਗ ਮਾਲ ਦੇ ਬਾਹਰ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, 15 ਰਾਊਂਡ ਹੋਏ ਫਾਇਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e
ਵੱਡੀ ਖ਼ਬਰ : MP ਰਵਨੀਤ ਬਿੱਟੂ ਨੂੰ 14 ਦਿਨਾਂ ਲਈ ਜੇਲ੍ਹ 'ਚ ਭੇਜਿਆ, ਖ਼ੁਦ ਦਿੱਤੀ ਸੀ ਗ੍ਰਿਫ਼ਤਾਰੀ
NEXT STORY