ਅੰਮ੍ਰਿਤਸਰ (ਨੀਰਜ) : ਸਮੱਗਲਰਾਂ ਦੇ ਇਰਾਦਿਆਂ ਨੂੰ ਨਾਕਾਮ ਕਰਦੇ ਹੋਏ ਕਸਟਮ ਵਿਭਾਗ ਦੀ ਟੀਮ ਨੇ ਆਈ. ਸੀ. ਪੀ. ਅਟਾਰੀ ਬਾਰਡਰ 'ਤੇ ਪਾਕਿਸਤਾਨ ਭੇਜੇ ਜਾ ਰਹੇ 100 ਪੀਸ ਪਾਬੰਦੀਸ਼ੁਦਾ ਸ਼ਹਿਤੂਸ਼ ਦੇ ਸ਼ਾਲ ਜ਼ਬਤ ਕੀਤੇ ਹਨ। ਜਾਣਕਾਰੀ ਅਨੁਸਾਰ ਇਸ ਪਾਬੰਦੀਸ਼ੁਦਾ ਸ਼ਾਲ ਦੀ ਖੇਪ ਨੂੰ ਦਿੱਲੀ ਦੇ ਇਕ ਵਪਾਰੀ ਨੇ ਆਪਣੇ ਕੈਰੀਅਰ (ਪਾਂਡੀ) ਦੇ ਜ਼ਰੀਏ ਆਈ. ਸੀ. ਪੀ. ਦੇ ਲੈਂਡ ਰੂਟ (ਬੈਗੇਜ ਦੇ ਜ਼ਰੀਏ) ਪਾਕਿਸਤਾਨ ਭੇਜਣ ਦੀ ਕੋਸ਼ਿਸ਼ ਕੀਤੀ ਪਰ ਕਸਟਮ ਵਿਭਾਗ ਦੀ ਤਿੱਖੀ ਨਜ਼ਰ ਤੋਂ ਬਚ ਨਹੀਂ ਸਕਿਆ।
ਭਰੋਸੇਯੋਗ ਸੂਤਰਾਂ ਅਨੁਸਾਰ ਕਸਟਮ ਵਿਭਾਗ ਨੇ ਜ਼ਬਤ ਕੀਤੇ ਗਏ ਸ਼ਾਲ ਦੇ ਸੈਂਪਲ ਦੇਹਰਾਦੂਨ ਸਥਿਤ ਲੈਬਾਰਟਰੀ ਭੇਜ ਦਿੱਤੇ ਹਨ ਤਾਂ ਕਿ ਇਸ ਦੀ ਸਪੱਸ਼ਟ ਜਾਣਕਾਰੀ ਮਿਲ ਸਕੇ। ਇਸ ਮਾਮਲੇ 'ਚ ਕਸਟਮ ਵਿਭਾਗ ਨੇ ਸ਼ਾਲ ਲਿਜਾਣ ਵਾਲੇ ਕੈਰੀਅਰ ਨੂੰ ਵੀ ਗ੍ਰਿਫਤਾਰ ਕਰ ਲਿਆ ਪਰ ਜ਼ਰੂਰੀ ਦਸਤਾਵੇਜ਼ ਲੈ ਕੇ ਜ਼ਮਾਨਤ ਵੀ ਦੇ ਦਿੱਤੀ ਕਿਉਂਕਿ ਕੈਰੀਅਰ ਵਲੋਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਜ਼ਬਤ ਕੀਤੇ ਗਏ ਸ਼ਾਲ ਸ਼ਹਿਤੂਸ਼ ਦੇ ਨਹੀਂ, ਸਗੋਂ ਪਸ਼ਮੀਨਾ ਸ਼ਾਲ ਹਨ। ਜੇਕਰ ਦੇਹਰਾਦੂਨ ਲੈਬਾਰਟਰੀ 'ਚ ਸ਼ਹਿਤੂਸ਼ ਦੇ ਸ਼ਾਲ ਸਾਬਤ ਹੋ ਜਾਂਦੇ ਹਨ ਤਾਂ ਵਿਭਾਗ ਵੱਲੋਂ ਸ਼ਾਲ ਲਿਜਾਣ ਵਾਲੇ ਕੈਰੀਅਰ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਇਕ ਸ਼ਾਲ ਬਣਾਉਣ ਲਈ ਮਾਰਨੇ ਪੈਂਦੇ ਹਨ 4-5 ਜੰਗਲੀ ਜੀਵ ਚੀਰੂ
ਸ਼ਹਿਤੂਸ਼ ਦੀ ਸ਼ਾਲ ਭਾਰਤ ਵਿਚ ਸਾਲ 1975 ਤੋਂ ਪਾਬੰਦੀਸ਼ੁਦਾ ਹੈ ਕਿਉਂਕਿ ਇਸ ਸ਼ਾਲ ਨੂੰ ਬਣਾਉਣ ਲਈ ਹਿਮਾਲੀਅਨ ਰੇਂਜ ਦੇ ਅਨੋਖੇ ਜੰਗਲੀ ਜੀਵ ਤਿੱਬਤੀਅਨ ਐਂਟੀਲੋਬ ਚੀਰੂ ਨੂੰ ਮਾਰਨਾ ਪੈਂਦਾ ਹੈ। ਜਾਣਕਾਰਾਂ ਅਨੁਸਾਰ ਇਕ ਸ਼ਾਲ ਨੂੰ ਬਣਾਉਣ ਲਈ 4-5 ਚੀਰੂ ਮਾਰਨੇ ਪੈਂਦੇ ਹਨ। ਜੰਗਲੀ ਜੀਵ ਚੀਰੂ ਤਿੱਬਤ ਦੇ ਪਹਾੜੀ ਇਲਾਕਿਆਂ ਅਤੇ ਲੱਦਾਖ ਵਿਚ ਮਾਈਨਸ 40 ਡਿਗਰੀ ਤਾਪਮਾਨ ਵਾਲੇ ਇਲਾਕੇ 'ਚ ਰਹਿੰਦਾ ਹੈ ਅਤੇ ਬਹੁਤ ਘੱਟ ਵਿਖਾਈ ਦਿੰਦਾ ਹੈ। ਹਾਲਾਂਕਿ ਇਸ ਮਾਮਲੇ 'ਚ ਸਾਲਾਂ ਤੋਂ ਸ਼ਾਲ ਬਣਾਉਣ ਵਾਲੇ ਵਪਾਰੀਆਂ ਦਾ ਕਹਿਣਾ ਹੈ ਕਿ ਉਹ ਚੀਰੂ ਨੂੰ ਮਾਰਦੇ ਨਹੀਂ ਹਨ, ਸਗੋਂ ਜ਼ਿੰਦਾ ਰੱਖਦੇ ਹਨ। ਮੰਗੋਲੀਆ ਅਤੇ ਚੀਨ ਵਿਚ ਚੀਰੂ ਦੀ ਇਸ ਅਨੋਖੀ ਪ੍ਰਜਾਤੀ ਨੂੰ ਵਧੀਆ ਕੁਆਲਿਟੀ ਦੀ ਉਨ ਬਣਾਉਣ ਲਈ ਪਾਲਿਆ ਜਾਂਦਾ ਹੈ। ਫਿਲਹਾਲ ਭਾਰਤ ਸਰਕਾਰ ਵਲੋਂ ਸ਼ਹਿਤੂਸ਼ ਦੀ ਸ਼ਾਲ 'ਤੇ ਬੈਨ ਹੈ। ਫਿਰ ਵੀ ਚੋਰੀ-ਛੁਪੇ ਗ਼ੈਰ-ਕਾਨੂੰਨੀ ਰੂਪ ਨਾਲ ਇਹ ਤਿਆਰ ਕੀਤੇ ਜਾ ਰਹੇ ਹਨ।
ਹੁਣ ਛੋਟੇ ਢੀਂਡਸਾ ਦੀ ਪਤਨੀ ਵੀ ਆਈ ਮੈਦਾਨ 'ਚ, ਅਕਾਲੀ ਦਲ ਨੂੰ ਦਿੱਤੀ ਚੁਣੌਤੀ
NEXT STORY