ਜਲੰਧਰ(ਮਨੋਜ)— ਇਥੋਂ ਦੀ 120 ਫੁੱਟੀ ਰੋਡ 'ਤੇ ਪੈਂਦੇ ਬਾਬੂ ਜਗਜੀਵਨ ਰਾਮ ਚੌਂਕ 'ਚ ਆਟੋ ਚਾਲਕਾਂ ਨੇ ਟ੍ਰੈਫਿਕ ਪੁਲਸ ਖਿਲਾਫ ਅੱਜ ਧਰਨ ਪ੍ਰਦਰਸ਼ਨ ਕੀਤਾ। ਸ਼ਹਿਰ ਵਿਚ ਬਿਨਾਂ ਪਰਮਿਟ ਦੇ ਚੱਲਣ ਵਾਲੇ ਆਟੋਜ਼ ਖਿਲਾਫ ਜਦੋਂ ਟ੍ਰੈਫਿਕ ਪੁਲਸ ਨੇ ਕਾਰਵਾਈ ਸ਼ੁਰੂ ਕੀਤੀ ਤਾਂ ਆਟੋ ਚਾਲਕ ਭੜਕ ਉਠੇ। ਦਰਜਨਾਂ ਆਟੋ ਚਾਲਕਾਂ ਨੇ 120 ਫੁੱਟੀ ਰੋਡ 'ਤੇ ਚੱਕਾ ਜਾਮ ਕੀਤਾ। ਭੜਕੇ ਆਟੋ ਚਾਲਕਾਂ ਨੇ ਪੁਲਸ ਪ੍ਰਸ਼ਾਸਨ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਵੀ ਕੀਤੀ। ਇਸ ਤੋਂ ਬਾਅਦ ਰੈਲੀ ਕੱਢਦਿਆਂ ਪ੍ਰਸ਼ਾਸਨਿਕ ਤੇ ਪੁਲਸ ਅਧਿਕਾਰੀਆਂ ਨੂੰ ਮੰਗ-ਪੱਤਰ ਵੀ ਦਿੱਤਾ। ਜ਼ਿਕਰਯੋਗ ਹੈ ਕਿ ਬੀਤੇ ਦਿਨ ਏ. ਡੀ. ਸੀ. ਟ੍ਰੈਫਿਕ ਕੁਲਵੰਤ ਸਿੰਘ ਹੀਰ ਨੇ ਪੀ. ਐੱਨ. ਬੀ. ਚੌਕ ਤੋਂ ਬਸਤੀ ਅੱਡਾ ਚੌਕ ਦਰਮਿਆਨ ਲੱਗਣ ਵਾਲੇ ਟ੍ਰੈਫਿਕ ਜਾਮ ਦੀ ਸਮੱਸਿਆ ਦਾ ਹੱਲ ਕਰਦੇ ਹੋਏ ਸਪੱਸ਼ਟ ਕੀਤਾ ਸੀ ਕਿ ਇਸ ਰਸਤੇ 'ਤੇ ਬਿਨਾਂ ਪਰਮਿਟ ਕੋਈ ਆਟੋ ਨਹੀਂ ਚੱਲੇਗਾ। ਅੱਜ ਸਵੇਰੇ ਟ੍ਰੈਫਿਕ ਸਟਾਫ ਨੇ ਸਖਤੀ ਵਰਤੀ ਤੇ ਕਲਾਕ ਟਾਵਰ ਚੌਕ ਵਿਚ ਤੇ ਬਸਤੀ ਅੱਡਾ ਚੌਕ ਵਿਚ ਨਾਕਾਬੰਦੀ ਕਰ ਦਿੱਤੀ। ਪੁਲਸ ਸਖ਼ਤੀ ਤੋਂ ਭੜਕੇ ਆਟੋ ਚਾਲਕਾਂ ਨੇ 120 ਫੁੱਟੀ ਰੋਡ ਜਾਮ ਕਰ ਦਿੱਤੀ। ਆਟੋ ਚਾਲਕਾਂ ਦੇ ਸਮਰਥਨ ਵਿਚ ਆਏ ਸ਼ਿਵ ਸੈਨਾ ਬਾਲ ਠਾਕਰੇ ਦੇ ਆਸ਼ੀਸ਼ ਅਰੋੜਾ, ਅੰਬੇਡਕਰ ਸੈਨਾ ਦੇ ਰਾਜਨ ਸਹੋਤਾ ਨੇ ਕਿਹਾ ਕਿ ਆਟੋ ਚਾਲਕਾਂ ਨਾਲ ਧੱਕੇਸ਼ਾਹੀ ਹੋ ਰਹੀ ਹੈ। ਜਿਨ੍ਹਾਂ ਲੋਕਾਂ ਕੋਲ ਪਰਮਿਟ ਨਹੀਂ ਹਨ, ਉਨ੍ਹਾਂ ਦੀ ਸ਼ਹਿਰ ਦੇ ਮੁੱਖ ਰਸਤਿਆਂ 'ਤੇ ਐਂਟਰੀ ਬੰਦ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਕਹਿ ਰਹੀ ਹੈ ਕਿ ਡੀਜ਼ਲ ਵਾਲੇ ਸਾਰੇ ਆਟੋ ਬੰਦ ਕਰ ਕੇ ਸੀ. ਐੱਨ. ਜੀ. ਲਏ ਜਾਣ ਜੋ ਸਾਰੇ ਆਟੋ ਚਾਲਕਾਂ ਲਈ ਸੰਭਵ ਨਹੀਂ ਹੈ। ਕਈ ਆਟੋ ਚਾਲਕਾਂ ਦੀਆਂ ਤਾਂ ਅਜੇ ਤੱਕ ਕਿਸ਼ਤਾਂ ਵੀ ਪੂਰੀਆਂ ਨਹੀਂ ਹੋਈਆਂ। ਹੁਣ ਡੀਜ਼ਲ ਆਟੋ ਲਈ ਜ਼ਿਲਾ ਟਰਾਂਸਪੋਰਟ ਵਿਭਾਗ ਵਲੋਂ ਪਰਮਿਟ ਨਹੀਂ ਦਿੱਤਾ ਜਾਂਦਾ। ਆਟੋ ਚਾਲਕਾਂ ਨੇ ਕਿਹਾ ਕਿ ਉਨ੍ਹਾਂ ਲਈ ਸਥਿਤੀ ਬੇਹੱਦ ਖਰਾਬ ਹੈ। ਉਹ ਨਾ ਤਾਂ ਆਟੋ ਨੂੰ ਵੇਚ ਸਕਦੇ ਹਨ ਅਤੇ ਨਾ ਹੀ ਰੱਖ ਸਕਦੇ ਹਨ। ਆਟੋ ਚਾਲਕਾਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਕੁੱਝ ਸਮਾਂ ਦਿੱਤਾ ਜਾਵੇ ਤੇ ਟਰਾਂਸਪੋਰਟ ਵਿਭਾਗ ਵੱਲੋਂ ਖਾਸ ਤੌਰ 'ਤੇ ਕੈਂਪ ਲਾ ਕੇ ਆਟੋ ਚਾਲਕਾਂ ਦੇ ਦਸਤਾਵੇਜ਼ ਪੂਰੇ ਕਰਵਾਏ ਜਾਣ ਤੇ ਨਾਲ ਹੀ ਜੋ ਗੱਡੀਆਂ ਸੇਲ ਲੈਟਰ 'ਤੇ ਹਨ, ਉਨ੍ਹਾਂ ਨੂੰ ਪਰਮਿਟ ਦਿੱਤੇ ਜਾਣ। ਆਟੋ ਚਾਲਕਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀ ਸੁਣਵਾਈ ਨਾ ਹੋਈ ਤਾਂ ਉਹ ਪ੍ਰਦਰਸ਼ਨ ਜਾਰੀ ਰੱਖਣਗੇ। ਆਟੋ ਚਾਲਕਾਂ ਨੇ ਪਹਿਲਾਂ ਕਰੀਬ ਡੇਢ ਘੰਟੇ ਤੱਕ 120 ਫੁੱਟੀ ਰੋਡ ਤੇ ਬਾਅਦ 'ਚ ਪੀ. ਐੱਨ. ਬੀ. ਚੌਕ ਤੋਂ ਜ਼ਿਲਾ ਪ੍ਰਸ਼ਾਸਨਿਕ ਦਫਤਰ ਤੱਕ ਰੋਸ ਮਾਰਚ ਵੀ ਕੱਢਿਆ।
ਆਟੋਜ਼ 'ਤੇ ਸ਼ਿਕੰਜਾ : 204 ਚਲਾਨ, ਪੀ. ਐੱਨ. ਬੀ. ਚੌਕ ਰੋਡ 'ਤੇ ਰੌਂਗ ਪਾਰਕਿੰਗ 33 ਗੱਡੀਆਂ ਜ਼ਬਤ : ਬੀਤੇ ਦਿਨ ਏ. ਡੀ. ਸੀ. ਕੁਲਵੰਤ ਸਿੰਘ ਹੀਰ ਦੇ ਪੀ. ਐੱਨ. ਬੀ. ਚੌਕ, ਜੋਤੀ ਚੌਕ, ਬਸਤੀ ਅੱਡਾ ਤੱਕ ਟ੍ਰੈਫਿਕ ਜਾਮ ਦੀ ਸਮੱਸਿਆ ਨਾਲ ਨਜਿੱਠਣ ਲਈ ਕੀਤੇ ਗਏ ਫੈਸਲੇ ਨੂੰ ਅਮਲੀਜਾਮਾ ਪੁਆ ਦਿੱਤਾ। ਦੇਰ ਸ਼ਾਮ ਏ. ਡੀ. ਸੀ. ਪੀ. ਕੁਲਵੰਤ ਸਿੰਘ ਹੀਰ ਨੇ ਦੱਸਿਆ ਕਿ ਪੁਲਸ ਨੇ ਸਪੈਸ਼ਲ ਡਰਾਈਵ ਦੌਰਾਨ ਸ਼ਹਿਰ ਵਿਚ ਬਿਨਾਂ ਦਸਤਾਵੇਜ਼ਾਂ ਤੇ ਪਰਮਿਟ ਦੇ ਚੱਲਣ ਵਾਲੇ 204 ਆਟੋ ਚਾਲਕਾਂ ਦੇ ਚਲਾਨ ਕੱਟੇ। ਨਾਲ ਹੀ ਪੀ. ਐੱਨ. ਬੀ. ਚੌਕ ਤੋਂ ਬਸਤੀ ਅੱਡਾ ਤੇ ਜੋਤੀ ਚੌਕ ਤੋਂ ਨਕੋਦਰ ਚੌਕ ਤੱਕ ਸੁਚਾਰੂ ਟ੍ਰੈਫਿਕ ਵਿਚ ਰੁਕਾਵਟ ਬਣਨ ਵਾਲੀਆਂ 33 ਗੱਡੀਆਂ ਟੋ-ਅਵੈ ਵੈਨ ਵਲੋਂ ਜ਼ਬਤ ਕੀਤੀਆਂ ਗਈਆਂ। ਏ. ਡੀ. ਸੀ. ਪੀ. ਕੁਲਵੰਤ ਸਿੰਘ ਹੀਰ ਨੇ ਦੱਸਿਆ ਟ੍ਰੈਫਿਕ ਮੁਹਿੰਮ ਲਗਾਤਾਰ ਜਾਰੀ ਰਹੇਗੀ।

ਟ੍ਰੈਫਿਕ ਜਾਮ ਤੋਂ ਮਿਲੀ ਕੁੱਝ ਰਾਹਤ : ਇਕ ਦਿਨ ਪਹਿਲਾਂ ਤੱਕ ਪੀ. ਐੱਨ. ਬੀ. ਚੌਕ ਤੋਂ ਲੈ ਕੇ ਜੋਤੀ ਚੌਕ, ਸਿਵਲ ਹਸਪਤਾਲ ਤੇ ਬਸਤੀ ਅੱਡਾ ਚੌਕ ਤੱਕ ਟ੍ਰੈਫਿਕ ਅਕਸਰ ਜਾਮ ਰਹਿੰਦਾ ਸੀ। ਜ਼ਿਆਦਾ ਸਮੱਸਿਆ ਸਿਵਲ ਹਸਪਤਾਲ ਦੇ ਨੇੜੇ ਤੇੜੇ ਰਹਿੰਦੀ ਸੀ ਕਿਉਂਕਿ ਇਥੇ ਬਹੁਤ ਸਾਰੇ ਆਟੋ ਗੇਟ 'ਤੇ ਖੜ੍ਹੇ ਰਹਿੰਦੇ ਸਨ। ਪੁਲਸ ਦੇ ਬਿਨਾਂ ਪਰਮਿਟ ਦੇ ਇਸ ਰੋਡ 'ਤੇ ਆਟੋ ਚੱਲਣ ਤੋਂ ਰੋਕਣ ਦੇ ਫੈਸਲੇ ਦੇ ਚੰਗੇ ਨਤੀਜੇ ਰਹੇ। ਪੁਲਸ ਅਧਿਕਾਰੀਆਂ ਮੁਤਾਬਕ ਇਸ ਰਸਤੇ 'ਤੇ ਅੱਜ ਰੁਟੀਨ ਨਾਲੋਂ ਲਗਭਗ 60 ਫੀਸਦੀ ਆਟੋ ਘੱਟ ਆਏ, ਜਿਸ ਕਾਰਨ ਦਿਨ ਵੇਲੇ ਟ੍ਰੈਫਿਕ ਜਾਮ ਦੀ ਸਮੱਸਿਆ ਘੱਟ ਰਹੀ। ਏ. ਡੀ. ਸੀ. ਪੀ. ਕੁਲਵੰਤ ਸਿੰਘ ਹੀਰ ਨੇ ਕਿਹਾ ਕਿ ਪੁਲਸ ਦੀ ਸਖ਼ਤੀ ਵੀ ਜਾਰੀ ਰਹੇਗੀ।

ਦੁਕਾਨਦਾਰਾਂ ਨਾਲ ਮੀਟਿੰਗ ਕਰਕੇ ਮੰਗਿਆ ਸਹਿਯੋਗ : ਟ੍ਰੈਫਿਕ ਜਾਮ ਦੀ ਸਮੱਸਿਆ ਨਾਲ ਨਜਿੱਠਣ ਲਈ ਏ. ਡੀ. ਸੀ. ਪੀ. ਕੁਲਵੰਤ ਸਿੰਘ ਹੀਰ ਨੇ ਅੱਜ ਥਾਣਾ ਨੰਬਰ 4 'ਚ ਰੈਣਕ ਬਾਜ਼ਾਰ, ਜੋਤੀ ਚੌਕ ਦੇ ਨੇੜੇ-ਤੇੜੇ ਅਤੇ ਚੌਕ ਕੋਲ ਲੱਗਣ ਵਾਲੀਆਂ ਫਰੂਟ ਰੇਹੜੀਆਂ ਤੇ ਦੁਕਾਨਦਾਰਾਂ ਨੇ ਬੈਠਕ ਕੀਤੀ। ਏ. ਡੀ. ਸੀ. ਪੀ. ਕੁਲਵੰਤ ਸਿੰਘ ਹੀਰ ਨੇ ਦੱਸਿਆ ਕਿ ਟ੍ਰੈਫਿਕ ਜਾਮ ਦੀ ਸਮੱਸਿਆ ਤੋਂ ਜ਼ਿਆਦਾ ਪ੍ਰਭਾਵਿਤ ਇਨ੍ਹਾਂ ਬਾਜ਼ਾਰਾਂ ਦੇ ਦੁਕਾਨਦਾਰ ਵੀ ਹਨ। ਏ. ਡੀ. ਸੀ. ਪੀ. ਨੇ ਕਿਹਾ ਕਿ ਸਾਰਿਆਂ ਦੇ ਨਾਲ ਬੈਠਕ ਕਰਕੇ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਕੋਈ ਵੀ ਦੁਕਾਨਦਾਰ ਆਪਣੀ ਦੁਕਾਨ ਦੇ ਬਾਹਰ ਕਬਜ਼ਾ ਨਾ ਕਰੇ ਤਾਂ ਜੋ ਟ੍ਰੈਫਿਕ ਲਈ ਸੜਕ ਚੌੜੀ ਮਿਲੇ। ਏ. ਡੀ. ਸੀ. ਪੀ. ਨੇ ਦੱਸਿਆ ਕਿ ਸਾਰੇ ਦੁਕਾਨਦਾਰਾਂ ਨੂੰ ਸਪਸ਼ਟ ਚਿਤਾਵਨੀ ਦਿੱਤੀ ਹੈ ਕਿ ਸਾਰੇ ਆਪਣੀ ਹੱਦ 'ਚ ਰਹਿਣ ਅਤੇ ਦੁਕਾਨਾਂ 'ਤੇ ਕੰਮ ਕਰਨ ਵਾਲੇ ਲੜਕਿਆਂ ਦੇ ਵਾਹਨ ਸਿਵਲ ਹਸਪਤਾਲ, ਪੀ. ਐੱਨ. ਬੀ. ਚੌਕ 'ਚ ਬਣੀ ਪਾਰਕਿੰਗ 'ਚ ਲਾਉਣ ਤਾਂ ਜੋ ਬਾਜ਼ਾਰ 'ਚ ਟ੍ਰੈਫਿਕ ਜਾਮ ਨਾ ਹੋਵੇ। ਏ. ਡੀ. ਸੀ. ਪੀ. ਕੁਲਵੰਤ ਹੀਰ ਨੇ ਕਿਹਾ ਕਿ ਜੇਕਰ ਲੋਕ ਸਹਿਯੋਗ ਕਰਨ ਤਾਂ ਟ੍ਰੈਫਿਕ ਜਾਮ ਦੀ ਸਮੱਸਿਆ ਜਲਦੀ ਹੀ ਹੱਲ ਹੋ ਜਾਵੇਗੀ ਨਹੀਂ ਤਾਂ ਆਉਣ ਵਾਲੇ ਦਿਨਾਂ 'ਚ ਨਗਰ ਨਿਗਮ ਦੀ ਟੀਮ ਨੂੰ ਲੈ ਕੇ ਕਬਜ਼ਾ ਕਰਨ ਵਾਲਿਆਂ 'ਤੇ ਵੀ ਸ਼ਿਕੰਜਾ ਕੱਸਿਆ ਜਾਵੇਗਾ।
ਅਕਾਲੀ ਆਗੂ ਡਿੰਪੀ ਢਿੱਲੋਂ ਤੇ ਹੋਰਨਾਂ ਖਿਲਾਫ ਪਰਚਾ ਦਰਜ
NEXT STORY