ਨਵਾਂਸ਼ਹਿਰ (ਤ੍ਰਿਪਾਠੀ)— ਥਾਣਾ ਸਦਰ ਬਲਾਚੌਰ ਦੀ ਪੁਲਸ ਵੱਲੋਂ ਬੀਤੇ ਫਰਵਰੀ 'ਚ ਬੱਬਰ ਖਾਲਸਾ ਇੰਟਰਨੈਸ਼ਨਲ ਜਥੇਬੰਦੀ ਦੇ ਅੱਤਵਾਦੀ ਅਰਵਿੰਦਰ ਸਿੰਘ ਉਰਫ ਮਿੱਠਾ ਅਤੇ ਗੈਂਗਸਟਰ ਗੁਰਦੀਪ ਸਿੰਘ ਉਰਫ ਛੋਟਾ ਕੁਤਰਾ ਸਣੇ 4 ਲੋਕਾਂ 'ਤੇ ਅਨਲਾਅਫੁਲ ਐਕਟੀਵਿਟੀਜ਼ ਪ੍ਰਵੈਸ਼ਨ ਐਕਟ ਅਤੇ ਆਰਮਜ਼ ਐਕਟ ਤਹਿਤ ਦਰਜ ਮਾਮਲੇ 'ਚ ਨਾਮਜ਼ਦ ਇਕ ਹੋਰ ਮੁਲਜ਼ਮ ਧਰਮਿੰਦਰ ਸਿੰਘ ਬਾਜੀ ਨੂੰ ਪੁਲਸ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਪੁੱਛ-ਪੜਤਾਲ ਸ਼ੁਰੂ ਕੀਤੀ ਹੈ।
ਬਾਜੀ ਜੋ ਹੱਤਿਆ ਦੇ ਇਕ ਮਾਮਲੇ 'ਚ ਪਟਿਆਲਾ 'ਚ ਬੰਦ ਸੀ ਦੀ ਉਕਤ ਅੱਤਵਾਦੀਆਂ ਦੇ ਵਟਸਐਪ 'ਤੇ ਹੋਈ ਫੋਨ ਕਾਲ ਦੇ ਤਹਿਤ ਨਾਮਜ਼ਦ ਕੀਤਾ ਗਿਆ ਹੈ। ਪੁਲਸ ਨੇ ਬਾਜੀ ਨੂੰ ਸੋਮਵਾਰ ਨੂੰ ਬਲਾਚੌਰ 'ਚ ਐਡੀਸ਼ਨਲ ਸਿਵਲ ਜੱਜ ਸੀਨੀਅਰ ਡਿਵੀਜ਼ਨ ਦੀ ਅਦਾਲਤ 'ਚ ਪੇਸ਼ ਕਰਕੇ 3 ਦਿਨ ਦੇ ਪੁਲਸ ਰਿਮਾਂਡ 'ਤੇ ਲਿਆ ਹੈ। ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਜ਼ਿਲਾ ਮੋਗਾ ਦੇ ਪਿੰਡ ਦੋਸਾਂਝ ਵਾਸੀ ਧਰਮਿੰਦਰ ਸਿੰਘ ਬਾਜੀ ਵੱਲੋਂ ਉਕਤ ਅੱਤਵਾਦੀਆਂ ਨਾਲ ਵਟਸਐਪ 'ਤੇ ਹੋਈਆਂ ਕਾਲਾਂ ਕਾਰਨ ਪੁਲਸ ਬਾਜੀ ਦੀ ਉਕਤ ਅੱਤਵਾਦੀਆਂ ਨਾਲ ਭੂਮਿਕਾ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਸਬੰਧ 'ਚ ਕਿਸੇ ਕਿਸਮ ਦੀ ਰਿਕਵਰੀ ਤੋਂ ਵੀ ਪੁਲਸ ਨੇ ਇਨਕਾਰ ਨਹੀਂ ਕੀਤਾ ਹੈ।
ਗੈਂਗਸਟਰ ਗੁਰਦੀਪ ਤੇ ਅੱਤਵਾਦੀ ਅਰਵਿੰਦਰ ਦੇ ਖੁਲਾਸੇ 'ਤੇ ਹੋਈ ਸੀ ਪਿਸਤੌਲ ਅਤੇ ਜ਼ਿੰਦਾ ਕਾਰਤੂਸਾਂ ਦੀ ਬਰਾਮਦਗੀ
ਦੱਸਣਯੋਗ ਹੈ ਕਿ ਬਲਾਚੌਰ ਪੁਲਸ ਨੇ ਰੋਪੜ ਅਤੇ ਨਾਭਾ ਜੇਲ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦੇ ਗਏ ਗੈਂਗਸਟਰ ਗੁਰਦੀਪ ਸਿੰਘ ਉਰਫ ਛੋਟਾ ਕੁਤਰਾ ਅਤੇ ਬੀ. ਕੇ. ਆਈ ਦੇ ਅੱਤਵਾਦੀ ਅਰਵਿੰਦਰ ਸਿੰਘ ਦੇ ਖੁਲਾਸੇ ਦੇ ਉਪਰੰਤ ਗੁਰਦੀਪ ਸਿੰਘ ਖੇਤਾਂ 'ਚ ਦੱਬੀ 1 ਪਿਸਤੌਲ ਅਤੇ 6 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਸਨ। ਬਲਾਚੌਰ ਸਦਰ 'ਚ ਦਰਜ ਐੱਫ. ਆਰ. ਆਈ. ਨੰਬਰ 7 'ਚ ਮੁਲਜ਼ਮ ਜਸਪ੍ਰੀਤ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਕੋਲਗੜ੍ਹ (ਬਲਾਚੌਰ) ਅਤੇ ਹਰਸ਼ਦੀਪ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਬਛੌੜੀ (ਬਲਾਚੌਰ) ਨੂੰ ਗ੍ਰਿਫਤਾਰ ਕਰਨ 'ਚ ਪੁਲਸ ਹੁਣ ਤੱਕ ਅਸਫਲ ਰਹੀ ਹੈ। ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਹਰਸ਼ਦੀਪ ਮੌਜੂਦਾ ਸਮੇਂ 'ਚ ਦੁਬਈ 'ਚ ਹੋ ਸਕਦਾ ਹੈ ਜਦੋਂ ਕਿ ਜਸਪ੍ਰੀਤ ਸਿੰਘ ਸਬੰਧੀ ਪੁਲਸ ਨੂੰ ਕੋਈ ਜਾਣਕਾਰੀ ਨਹੀਂ ਹੈ।
ਇਥੇ ਇਹ ਵੀ ਦੱਸਣਯੋਗ ਹੈ ਕਿ ਗੁਰਦੀਪ ਸਿੰਘ ਨੇ ਪੁਲਸ ਜਾਂਚ 'ਚ ਦÎੱਸਿਆ ਕਿ ਉਸ ਦੇ ਸਾਥੀ ਅਰਵਿੰਦਰ ਸਿੰਘ ਉਰਫ ਮਿੱਠਾ ਵੱਲੋਂ ਦੱਸੇ ਗਏ ਇਕ ਵਿਅਕਤੀ ਨੇ ਦਿੱਲੀ 'ਚ ਉਸ ਨੂੰ ਪਿਸਤੌਲ ਅਤੇ 1.80 ਲੱਖ ਰੁਪਏ ਉਪਲੱਬਧ ਕਰਵਾਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਮਾਰਨ ਦੀ ਜ਼ਿੰਮੇਵਾਰੀ ਸੌਂਪੀ ਸੀ।
ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀ ਨੈੱਟਵਰਕ ਦਾ ਖੁਲਾਸਾ ਨਸ਼ਾ ਤਸਕਰ ਗੁਰਪ੍ਰੀਤ ਸਿੰਘ ਉਰਫ ਕਾਲੀ ਜਿਸ ਨੂੰ ਪੁਲਸ ਨੇ ਐੱਨ. ਡੀ. ਪੀ. ਐੱਸ. ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਸੀ ਤੋਂ ਹੋ ਸਕਿਆ ਹੈ। ਉਕਤ ਕਾਲੀ ਨੇ ਵੀ ਪੁਲਸ ਜਾਂਚ ਵਿਚ ਮੰਨ ਲਿਆ ਸੀ ਕਿ ਉਹ ਗੁਰਦੀਪ ਸਿੰਘ ਦੀਪ ਨੂੰ ਨਸ਼ੇ ਦੀ ਸਪਲਾਈ ਕਰਦਾ ਹੈ, ਜਿਸ ਨੂੰ ਪੁਲਸ ਨੇ ਐੱਨ. ਡੀ. ਪੀ. ਐੱਸ. ਦਾ ਮੁਲਜ਼ਮ ਮੰਨ ਕੇ ਜੇਲ ਭੇਜ ਦਿੱਤਾ ਸੀ। ਨਾਭਾ ਦੀ ਸਖਤ ਸਕਿਓਰਿਟੀ ਵਾਲੀ ਜੇਲ 'ਚ ਬੰਦ ਬੀ. ਕੇ. ਆਈ. ਦੇ ਅੱਤਵਾਦੀ ਅਰਵਿੰਦਰ ਸਿੰਘ ਉਰਫ ਮਿੱਠਾ ਦੇ ਨਾਲ ਵਟਸਐਪ ਕਾਲਾਂ ਦੀ ਡਿਟੇਲ ਨਾਲ ਉਪਰੋਕਤ ਗੁਰਦੀਪ ਸਿੰਘ ਨਾਲ ਸਬੰਧਾਂ ਦਾ ਖੁਲਾਸਾ ਹੋਇਆ ਸੀ। ਇਸੇ ਤਰ੍ਹਾਂ ਪੁਲਸ ਵੱਲੋਂ ਨਾਮਜ਼ਦ ਕੀਤੇ ਗਏ 5ਵੇਂ ਮੁਲਜ਼ਮ ਧਰਮਿੰਦਰ ਸਿੰਘ ਬਾਜੀ ਦਾ ਖੁਲਾਸਾ ਹੋਇਆ, ਜਿਸ ਨੂੰ ਪੁਲਸ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਆਈ ਹੈ ਅਤੇ ਪੁਲਸ ਨੂੰ ਉਮੀਦ ਹੈ ਕਿ 3 ਦਿਨ ਦੇ ਪੁਲਸ ਰਿਮਾਂਡ ਦੌਰਾਨ ਉਸ ਤੋਂ ਹੋਰ ਵੀ ਖੁਲਾਸੇ ਹੋ ਸਕਦੇ ਹਨ।
ਵੜਿੰਗ ਦੇ ਸ਼ਮਸ਼ਾਨਘਾਟ ਵਾਲੇ ਬਿਆਨ 'ਤੇ ਭਗਵੰਤ ਮਾਨ ਦਾ ਤਿੱਖਾ ਹਮਲਾ
NEXT STORY