ਤਲਵੰਡੀ ਸਾਬੋ(ਮੁਨੀਸ਼)-ਹਲਕਾ ਤਲਵੰਡੀ ਸਾਬੋ ਦੇ ਪਿੰਡ ਫੁੱਲੋਖਾਰੀ 'ਚ ਬਣੀ ਗੁਰੂ ਗੋਬਿੰਦ ਸਿੰਘ ਰਿਫਾਈਨਰੀ 'ਚ ਟਰਾਂਸਪੋਰਟ ਮਾਫੀਆ ਵੱਲੋਂ ਕਥਿਤ ਤੌਰ 'ਤੇ ਸੱਤਾਧਾਰੀ ਧਿਰ ਦੀ ਹਿਮਾਇਤ ਸਦਕਾ ਗੁੰਡਾ ਟੈਕਸ ਵਸੂਲਣ ਦੀਆਂ ਮੀਡੀਆ 'ਚ ਪ੍ਰਕਾਸ਼ਿਤ ਰਿਪੋਰਟਾਂ 'ਚ ਹਲਕੇ ਦੀ 'ਆਪ' ਵਿਧਾਇਕਾ ਵੱਲੋਂ ਚੁੱਪੀ ਸਾਧਣ ਸਬੰਧੀ ਲਾਏ ਗਏ ਕਥਿਤ ਇਲਜ਼ਾਮਾਂ ਬਾਰੇ ਅੱਜ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਬਾਬਤ ਪ੍ਰਕਾਸ਼ਿਤ ਰਿਪੋਰਟਾਂ ਸੱਚਾਈ ਤੋਂ ਕੋਹਾਂ ਦੂਰ ਹਨ ਜਦੋਂ ਕਿ ਰਿਫਾਈਨਰੀ 'ਚ ਗੁੰਡਾ ਟੈਕਸ ਸਬੰਧੀ ਮਾਮਲਾ ਸਭ ਤੋਂ ਪਹਿਲਾਂ ਉਨ੍ਹਾਂ ਵੱਲੋਂ ਹੀ ਉਠਾਇਆ ਗਿਆ ਸੀ। ਇੱਥੋਂ ਜਾਰੀ ਪ੍ਰੈੱਸ ਬਿਆਨ 'ਚ ਵਿਧਾਇਕਾ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਦੇ ਹੋਂਦ 'ਚ ਆਉਂਦਿਆਂ ਹੀ ਗੁੰਡਾ ਟੈਕਸ ਸਬੰਧੀ ਮਾਮਲਾ ਜਨਤਕ ਹੁੰਦਿਆਂ ਹੀ ਸਭ ਤੋਂ ਪਹਿਲਾਂ ਉਨ੍ਹਾਂ ਨੇ ਇਸ ਖਿਲਾਫ ਆਵਾਜ਼ ਉਠਾਈ ਸੀ ਤੇ ਵਿਧਾਨ ਸਭਾ ਦੇ ਪਹਿਲੇ ਸੈਸ਼ਨ 'ਚ ਉਨ੍ਹਾਂ ਨੇ ਇਹ ਮੁੱਦਾ ਜ਼ੋਰ-ਸ਼ੋਰ ਨਾਲ ਚੁੱਕਿਆ ਸੀ। ਉਨ੍ਹਾਂ ਕਿਹਾ ਕਿ ਮੀਡੀਆ ਵਿਚ ਉਨ੍ਹਾਂ ਦੇ ਗੁੰਡਾ ਟੈਕਸ ਸਬੰਧੀ ਮਾਮਲੇ 'ਤੇ ਚੁੱਪੀ ਸਾਧਣ ਸਬੰਧੀ ਪ੍ਰਕਾਸ਼ਿਤ ਖਬਰਾਂ ਉਨ੍ਹਾਂ ਦੀ ਸਿਆਸੀ ਸਾਖ ਨੂੰ ਖਰਾਬ ਕਰਨ ਦੀ ਕੋਸ਼ਿਸ਼ ਹਨ ਜਦਕਿ ਸਭ ਤੋਂ ਵੱਧ ਉਨ੍ਹਾਂ ਵੱਲੋਂ ਇਸ ਮਸਲੇ 'ਤੇ ਰੌਲਾ ਪਾਇਆ ਗਿਆ। ਵਿਧਾਇਕਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਮਸਲੇ 'ਤੇ ਕੁਝ ਸਮਾਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਜਾਣੂ ਕਰਵਾਇਆ ਗਿਆ ਸੀ। ਵਿਧਾਇਕਾ ਨੇ ਕਿਹਾ ਕਿ ਰਿਫਾਈਨਰੀ 'ਚੋਂ ਗੁੰਡਾ ਟੈਕਸ ਦੀ ਵਸੂਲੀ ਦਾ ਮੁੱਦਾ ਉਸ ਸਮੇਂ ਹੀ ਸੁਰਖੀਆਂ 'ਚ ਆਉਂਦਾ ਹੈ ਜਦੋਂ ਕਾਂਗਰਸ ਦੇ ਵੱਖ-ਵੱਖ ਧੜਿਆਂ 'ਚ ਇਸ ਦੀ ਵਸੂਲੀ ਨੂੰ ਲੈ ਕੇ ਵਿਵਾਦ ਪੈਦਾ ਹੁੰਦਾ ਹੈ ਜਦ ਕਿ ਉਹ ਤਾਂ ਨਿਰੰਤਰ ਇਨ੍ਹਾਂ ਕੋਸ਼ਿਸ਼ਾਂ ਵਿਚ ਲੱਗੇ ਹੋਏ ਹਨ ਕਿ ਗੁੰਡਾ ਟੈਕਸ ਬੰਦ ਹੋਣਾ ਚਾਹੀਦਾ ਹੈ ਪਰ ਉਨ੍ਹਾਂ ਵੱਲੋਂ ਵਾਰ-ਵਾਰ ਰੌਲਾ ਪਾਉਣ ਦੇ ਬਾਵਜੂਦ ਇਸ ਨੂੰ ਬੰਦ ਨਹੀਂ ਕੀਤਾ ਜਾ ਰਿਹਾ ਕਿਉਂਕਿ ਇਸ ਵਿਚ ਸੱਤਾਧਾਰੀ ਧਿਰ ਦੇ ਵੱਡੇ ਆਗੂਆਂ ਦੀ ਸ਼ਮੂਲੀਅਤ ਹੈ। ਵਿਧਾਇਕਾ ਨੇ ਕਿਹਾ ਕਿ ਉਹ ਗੁੰਡਾ ਟੈਕਸ ਦਾ ਵਿਰੋਧ ਕਰਦੇ ਰਹੇ ਹਨ ਤੇ ਅੱਗੋਂ ਵੀ ਕਰਦੇ ਰਹਿਣਗੇ।
16 ਕਰੋੜ ਰੁਪਏ ਦੇ ਲੋਨ ਘਪਲੇ 'ਚ ਸ਼ਾਮਲ ਸਾਬਕਾ ਕੌਂਸਲਰ ਗ੍ਰਿਫਤਾਰ
NEXT STORY