ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)-ਨੋਟਬੰਦੀ ਤੋਂ ਬਾਅਦ ਬੈਂਕਾਂ ਦੇ ਏ. ਟੀ. ਐੱਮਜ਼ 'ਚ ਮੁੜ ਨਕਦੀ ਦੀ ਸਮੱਸਿਆ ਆਉਣੀ ਸ਼ੁਰੂ ਹੋ ਗਈ ਹੈ। ਪਹਿਲਾਂ ਇਹ ਸਮੱਸਿਆ ਦੇਸ਼ ਦੇ 5 ਸੂਬਿਆਂ 'ਚ ਹੀ ਸੀ ਪਰ ਹੁਣ ਇਸ ਸਮੱਸਿਆ ਨੇ ਪੰਜਾਬ ਵਿਚ ਆਪਣੇ ਪੈਰ ਪਸਾਰ ਲਏ ਹਨ। ਅੱਜ ਸ਼ਹਿਰ ਦੇ ਜ਼ਿਆਦਾਤਰ ਏ. ਟੀ. ਐੱਮਜ਼ ਬੰਦ ਰਹੇ। ਸਰਕਾਰੀ ਅਤੇ ਪ੍ਰਾਈਵੇਟ ਬੈਂਕਾਂ ਦੇ ਏ. ਟੀ. ਐੱਮਜ਼ ਕੰਮ ਨਹੀਂ ਕਰ ਰਹੇ ਸਨ, ਜਿਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਈ ਲੋਕ ਬੈਂਕਾਂ ਦੇ ਏ. ਟੀ. ਐੱਮਜ਼ 'ਚ ਘੁੰਮਦੇ ਰਹੇ ਪਰ ਪੈਸੇ ਨਹੀਂ ਨਿਕਲੇ। ਜ਼ਿਆਦਾਤਰ ਬੈਂਕ ਮੈਨੇਜਰਾਂ ਦਾ ਕਹਿਣਾ ਸੀ ਕਿ ਏ. ਟੀ. ਐੱਮਜ਼ 'ਚ ਪੈਸਿਆਂ ਦੀ ਕੋਈ ਕਮੀ ਨਹੀਂ ਹੈ। ਸਿਰਫ ਨੈੱਟਵਰਕਿੰਗ ਦੀ ਸਮੱਸਿਆ ਆ ਰਹੀ ਹੈ।
ਪੈਸੇ ਨਾ ਨਿਕਲਣ ਕਾਰਨ ਨਹੀਂ ਕਰ ਸਕੇ ਖਰੀਦਦਾਰੀ
ਪੰਜਾਬ ਨੈਸ਼ਨਲ ਬੈਂਕ ਦੀ ਮੁੱਖ ਬ੍ਰਾਂਚ ਦੇ ਏ. ਟੀ. ਐੱਮ. 'ਚ ਪੈਸੇ ਕਢਵਾਉਣ ਆਏ ਬਿਮਲ, ਰਾਕੇਸ਼, ਸੁਖਪਾਲ ਕੌਰ ਆਦਿ ਨੇ ਕਿਹਾ ਕਿ ਅਸੀਂ 3-4 ਬੈਂਕਾਂ ਦੇ ਏ. ਟੀ. ਐੱਮਜ਼ 'ਚੋਂ ਪੈਸੇ ਕਢਵਾਉਣ ਲਈ ਗਏ ਸੀ ਪਰ ਕਿਸੇ ਵੀ ਏ. ਟੀ. ਐੱਮਜ਼ 'ਚੋਂ ਪੈਸੇ ਨਹੀਂ ਨਿਕਲੇ, ਜਿਸ ਕਾਰਨ ਸਾਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਨੂੰ ਖਰੀਦਦਾਰੀ ਕਰਨ ਲਈ ਪੈਸਿਆਂ ਦੀ ਜ਼ਰੂਰਤ ਸੀ ਪਰ ਪੈਸੇ ਏ. ਟੀ. ਐੱਮਜ਼ 'ਚ ਨਾ ਹੋਣ ਕਾਰਨ ਅਸੀਂ ਖਰੀਦਦਾਰੀ ਕਰਨ ਤੋਂ ਵਾਂਝੇ ਰਹਿ ਗਏ ਹਾਂ।
ਨੈੱਟਵਰਕਿੰਗ ਦੀ ਸਮੱਸਿਆ ਕਾਰਨ ਆ ਰਹੀ ਐ ਮੁਸ਼ਕਲ : ਬੈਂਕ ਅਧਿਕਾਰੀ
ਜਦੋਂ ਪੰਜਾਬ ਨੈਸ਼ਨਲ ਬੈਂਕ ਦੇ ਏ. ਟੀ. ਐੱਮ. 'ਚੋਂ ਪੈਸੇ ਨਾ ਨਿਕਲਣ ਸਬੰਧੀ ਬੈਂਕ ਦੇ ਡਿਪਟੀ ਮੈਨੇਜਰ ਅਕਰਪਿਤ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਬੈਂਕ ਦੇ ਏ. ਟੀ. ਐੱਮ. 'ਚ ਪੈਸਿਆਂ ਦੀ ਕੋਈ ਕਮੀ ਨਹੀਂ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਤਿੰਨ-ਚਾਰ ਨੌਜਵਾਨ ਪੈਸੇ ਕਢਵਾਉਣ ਲਈ ਖੜ੍ਹੇ ਹਨ ਤੇ ਉਨ੍ਹਾਂ ਦੇ ਪੈਸੇ ਨਹੀਂ ਨਿਕਲੇ ਤਾਂ ਉਨ੍ਹਾਂ ਕਿਹਾ ਕਿ ਨੈੱਟਵਰਕਿੰਗ ਦੀ ਸਮੱਸਿਆ ਹੋਣ ਕਾਰਨ ਕੁਝ ਪ੍ਰੇਸ਼ਾਨੀ ਆ ਰਹੀ ਹੈ। ਇਸੇ ਤਰ੍ਹਾਂ ਜਦੋਂ ਸਟੇਟ ਬੈਂਕ ਆਫ ਇੰਡੀਆ ਦੇ ਬੈਂਕ ਮੈਨੇਜਰ ਕੀਮਤੀ ਲਾਲ ਚੁੱਗ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਨੋਟਬੰਦੀ ਤੋਂ ਬਾਅਦ ਬੈਂਕ 'ਚ ਨਵੀਂ ਕਰੰਸੀ ਨਹੀਂ ਆਈ। ਅਸੀਂ ਆਪਣੇ ਵਸੀਲਿਆਂ ਨਾਲ ਹੀ ਪੈਸਿਆਂ ਦਾ ਪ੍ਰਬੰਧ ਕਰ ਰਹੇ ਹਾਂ।
ਨਹੀਂ ਨਿਕਲ ਰਹੇ ਛੋਟੇ ਨੋਟ
ਐੱਸ. ਬੀ. ਆਈ. ਬੈਂਕ ਸਿਵਲ ਹਸਪਤਾਲ ਦੀ ਬ੍ਰਾਂਚ ਨੇੜੇ ਪੈਸੇ ਕਢਵਾਉਣ ਆਏ ਤਰਸੇਮ ਲਾਲ ਨੇ ਕਿਹਾ ਕਿ ਮੈਂ ਏ. ਟੀ. ਐੱਮਜ਼ 'ਚੋਂ 1500 ਰੁਪਏ ਕਢਵਾਉਣੇ ਸਨ ਪਰ ਏ. ਟੀ. ਐੱਮ. ਦੀ ਮਸ਼ੀਨ 'ਚ 100, 200 ਅਤੇ 500 ਰੁਪਏ ਦੇ ਨੋਟ ਹੀ ਨਹੀਂ ਸਨ ਸਿਰਫ 2000 ਦੇ ਨੋਟ ਸਨ। ਛੋਟੇ ਨੋਟ ਨਾ ਹੋਣ ਕਾਰਨ ਹੁਣ ਮੈਂ ਆਪਣੇ ਪੈਸੇ ਵੀ ਨਹੀਂ ਕਢਵਾ ਸਕਦਾ। ਛੋਟੇ ਨੋਟਾਂ ਦੀ ਏ. ਟੀ. ਐੱਮਜ਼ 'ਚ ਭਾਰੀ ਘਾਟ ਹੈ।
ਐੱਸ. ਬੀ. ਆਈ. ਦੀ ਮੁੱਖ ਬ੍ਰਾਂਚ ਦਾ ਏ. ਟੀ. ਐੱਮ. ਵੀ ਬੰਦ
ਛੋਟੇ ਬੈਂਕਾਂ ਦੀ ਗੱਲ ਤਾਂ ਛੱਡੋ ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ ਦੀ ਬਰਨਾਲਾ ਦੀ ਮੁੱਖ ਬ੍ਰਾਂਚ ਦਾ ਏ. ਟੀ. ਐੱਮ. ਵੀ ਬੰਦ ਪਿਆ ਸੀ। ਏ. ਟੀ. ਐੱਮ. 'ਚ ਡਿਊਟੀ 'ਤੇ ਤਾਇਨਾਤ ਕਰਮਚਾਰੀ ਗਿਆਨ ਚੰਦ ਨੇ ਕਿਹਾ ਕਿ ਏ. ਟੀ. ਐੱਮਜ਼ 'ਚ ਨੈੱਟਵਰਕਿੰਗ ਦੀ ਸਮੱਸਿਆ ਚੱਲ ਰਹੀ ਹੈ। ਕੁਝ ਦੇਰ ਪਹਿਲਾਂ ਤਾਂ ਏ. ਟੀ. ਐੱਮ. ਚੱਲ ਰਿਹਾ ਸੀ ਪਰ ਹੁਣ ਇਸ ਵਿਚ ਨੈੱਟਵਰਕਿੰਗ ਦੀ ਸਮੱਸਿਆ ਖੜ੍ਹੀ ਹੋ ਗਈ ਹੈ।
ਘਰ 'ਚੋਂ ਗਹਿਣੇ ਅਤੇ ਨਕਦੀ ਚੋਰੀ
NEXT STORY