ਸ੍ਰੀ ਮੁਕਤਸਰ ਸਾਹਿਬ, (ਪਵਨ)- ਆਲ ਇੰਡੀਆ ਭਾਰਤੀ ਲਘੂ ਉਦਯੋਗ ਵਿਕਾਸ ਬੈਂਕ (ਆਈ. ਡੀ. ਬੀ. ਆਈ. ਬੈਂਕ) ਐਸੋਸੀਏਸ਼ਨ ਵੱਲੋਂ ਬੈਂਕ ਦਾ ਨਿੱਜੀਕਰਨ ਕਰਨ ਦੇ ਖਿਲਾਫ਼ ਦਿੱਤੇ ਗਏ ਦੇਸ਼ ਵਿਆਪੀ 2 ਦਿਨਾ ਮੁਕੰਮਲ ਹਡ਼ਤਾਲ ਦੇ ਸੱਦੇ ’ਤੇ ਅੱਜ ਸਥਾਨਕ ਆਈ. ਡੀ. ਬੀ. ਆਈ. ਬੈਂਕ ਦੀ ਸ਼ਾਖਾ ਅੱਗੇ ਰੋਸ ਪ੍ਰਦਰਸ਼ਨ ਕਰਦਿਆਂ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਹਡ਼ਤਾਲ ਵਿਚ ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ, ਮਲੋਟ ਅਤੇ ਕੋਟਕਪੂਰਾ ਦੀਆਂ ਚਾਰਾਂ ਬ੍ਰਾਂਚਾਂ ਦੇ ਅਧਿਕਾਰੀ ਤੇ ਮੁਲਾਜ਼ਮ ਵੱਡੀ ਗਿਣਤੀ ’ਚ ਸ਼ਾਮਲ ਹੋਏ। ਇਸ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਸਰਕਾਰ ਸੰਸਦ ਦੇ ਭਰੋਸੇ ਨੂੰ ਬਰਕਰਾਰ ਰੱਖੇ, ਆਈ. ਡੀ. ਬੀ. ਆਈ. ਬੈਂਕ ਦੀ ਨਿਯਮਾਂਵਲੀ ਦੇ ਅਨੁਛੇਦ 4 ਦਾ ਅਮਲ ਕਰੇ, ਉਕਤ ਬੈਂਕ ’ਚ ਸਰਕਾਰ ਦੀ ਨਿਊਨਤਮ 51 ਫੀਸਦੀ ਹਿੱਸੇਦਾਰੀ ਬਣੀ ਰਹਿਣ ਤੋਂ ਇਲਾਵਾ ਬੈਂਕ ਦਾ ਨਿੱਜੀਕਰਨ ਬੰਦ ਕੀਤਾ ਜਾਵੇ ਅਤੇ ਬਕਾਇਆ ਕਰਜ਼ਾ ਵਸੂਲਣ ਲਈ ਸਖ਼ਤ ਕਦਮ ਚੁੱਕੇ ਜਾਣ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਬੈਂਕ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਸਵੀਕਾਰ ਨਹੀਂ ਕੀਤਾ ਜਾਂਦਾ, ਇਹ ਸੰਘਰਸ਼ ਜਾਰੀ ਰਹੇਗਾ। ਜ਼ਿਕਰਯੋਗ ਹੈ ਕਿ ਬੈਂਕ ਦੀ 2 ਦਿਨਾ ਹਡ਼ਤਾਲ ਕਾਰਨ ਬੈਂਕ ਖਪਤਕਾਰਾਂ ਨੂੰ ਭਾਰੀ ਮੁਸ਼ਕਲਾਂ ਨੂੰ ਸਾਹਮਣਾ ਕਰਨਾ ਪਿਆ, ਜਦਕਿ ਬੈਂਕ ਖਪਤਕਾਰਾਂ ਦੀਆਂ ਪ੍ਰੇਸ਼ਾਨੀਆਂ ਹੋਰ ਵੀ ਵਧਣ ਵਾਲੀਆਂ ਹਨ ਕਿਉਂਕਿ ਵੀਰਵਾਰ ਅਤੇ ਸ਼ੁੱਕਰਵਾਰ ਬੈਂਕ ਦੀ ਹਡ਼ਤਾਲ ਤੋਂ ਬਾਅਦ ਦੂਜੇ ਸ਼ਨੀਵਾਰ ਅਤੇ ਐਤਵਾਰ ਦੀ ਛੁੱਟੀ ਆਉਣ ਕਾਰਨ ਬੈਂਕ ਦਾ ਕੰਮ ਲਗਾਤਾਰ 4 ਦਿਨ ਠੱਪ ਰਹੇਗਾ।
ਬਲਕਾਰ ਸਿੰਘ ਬਣੇ ਏ.ਐੱਸ.ਆਈ
NEXT STORY