ਹੁਸ਼ਿਆਰਪੁਰ, (ਘੁੰਮਣ)- ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਪ੍ਰਦੂਸ਼ਣ ਦੀ ਰੋਕਥਾਮ ਲਈ ਇਸ ਵਾਰ ਦੀਵਾਲੀ ਮੌਕੇ ਪਟਾਕੇ ਚਲਾਉਣ ਦਾ ਸਮਾਂ, ਜੋ ਕਿ ਸ਼ਾਮ 6.30 ਤੋਂ 9.30 ਵਜੇ ਤੱਕ ਨਿਸ਼ਚਿਤ ਕੀਤਾ ਗਿਆ ਸੀ, ਦੀਆਂ ਇਥੇ ਸ਼ਰੇਆਮ ਧੱਜੀਆਂ ਉੱਡਦੀਆਂ ਦੇਖੀਆਂ ਗਈਆਂ। ਖਾਸ ਗੱਲ ਇਹ ਹੈ ਕਿ ਇਸ ਦੀ ਰੋਕਥਾਮ ਲਈ ਸ਼ਹਿਰ 'ਚ ਕੋਈ ਵੀ ਪੁਲਸ ਤੇ ਪ੍ਰਸ਼ਾਸਨਿਕ ਅਧਿਕਾਰੀ ਚੌਕਸੀ ਵਰਤਦਾ ਨਹੀਂ ਦੇਖਿਆ ਗਿਆ। ਭਾਵੇਂ ਉਕਤ ਹੁਕਮ ਕਾਰਨ ਕੁਝ ਦਿਨਾਂ ਤੋਂ ਲੋਕਾਂ 'ਚ ਕਾਫੀ ਮਾਯੂਸੀ ਛਾਈ ਹੋਈ ਸੀ ਪਰ ਦੀਵਾਲੀ ਵਾਲੇ ਦਿਨ ਤਾਂ ਜਿਵੇਂ ਉਨ੍ਹਾਂ ਆਪਣੇ ਦਿਲ ਦੇ ਅਰਮਾਨ ਪੂਰੇ ਕੀਤੇ।
ਐੱਸ. ਐੱਸ. ਪੀ. ਜੇ. ਏਲੀਚੇਲਿਅਨ ਵੱਲੋਂ ਬੀਤੀ 13 ਅਕਤੂਬਰ ਨੂੰ ਸਪੱਸ਼ਟ ਕੀਤਾ ਗਿਆ ਸੀ ਕਿ ਮਾਣਯੋਗ ਹਾਈ ਕੋਰਟ ਵੱਲੋਂ ਕੀਤੇ ਹੁਕਮ ਵਿਚ ਜੋ ਪਟਾਕੇ ਚਲਾਉਣ ਦਾ ਸਮਾਂ 6.30 ਤੋਂ 9.30 ਵਜੇ ਤਕ ਨਿਸ਼ਚਿਤ ਕੀਤਾ ਗਿਆ ਹੈ, ਦੀ ਪਾਲਣਾ ਕਰਵਾਉਣ ਲਈ ਕਸਬਿਆਂ, ਪਿੰਡਾਂ ਤੇ ਗਲੀ-ਮੁਹੱਲਿਆਂ 'ਚ ਪੀ. ਸੀ. ਆਰ. ਦੇ 13 ਮੋਟਰਸਾਈਕਲਾਂ 'ਤੇ 26 ਕਰਮਚਾਰੀ ਤੇ 3 ਹਾਈਵੇ ਵਾਹਨਾਂ 'ਤੇ 15 ਕਰਮਚਾਰੀ ਪੈਟਰੋਲਿੰਗ ਕਰਨਗੇ। ਇਸ ਤੋਂ ਇਲਾਵਾ ਜ਼ਿਲੇ ਦੇ ਸਾਰੇ ਪੁਲਸ ਸਟੇਸ਼ਨਾਂ ਤੇ ਚੌਕੀਆਂ ਵਿਚ ਤਾਇਨਾਤ ਕਰਮਚਾਰੀ ਆਪਣੇ-ਆਪਣੇ ਖੇਤਰਾਂ 'ਚ ਪੈਦਲ ਗਸ਼ਤ ਕਰ ਕੇ ਹਾਲਾਤ 'ਤੇ ਨਜ਼ਰ ਰੱਖਣਗੇ, ਜੋ ਕਿ ਯਕੀਨੀ ਬਣਾਉਣਗੇ ਕਿ ਕਿਸੇ ਵੀ ਸਥਾਨ 'ਤੇ ਨਿਸ਼ਚਿਤ ਸਮੇਂ ਤੋਂ ਬਾਅਦ ਪਟਾਕੇ ਨਾ ਚਲਾਏ ਜਾਣ। ਪੁਲਸ ਪ੍ਰਸ਼ਾਸਨ ਦੇ ਇਹ ਸਾਰੇ ਦਾਅਵੇ ਖੋਖਲੇ ਸਾਬਤ ਹੋਏ। ਇੰਨੇ ਅਮਲੇ ਦੀ ਤਾਇਨਾਤੀ ਦੇ ਬਾਵਜੂਦ ਨਿਸ਼ਚਿਤ ਸਮੇਂ ਦੇ 3 ਘੰਟੇ ਬਾਅਦ ਵੀ ਪਟਾਕੇ ਚੱਲਣੇ ਲੋਕਾਂ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਸ਼ਾਰਟ ਸਰਕਟ ਨਾਲ ਬੀਕਾਨੇਰ ਵਰਾਇਟੀ ਸਟੋਰ ਨੂੰ ਲੱਗੀ ਅੱਗ
NEXT STORY