ਬਰੇਟਾ (ਸੰਦੀਪ ਮਿੱਤਲ) : ਜੇਕਰ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਮਜੀਠੀਆ ਨੂੰ ਕਾਂਗਰਸ ਸਰਕਾਰ ਬਣਨ ਦੇ ਤੁਰੰਤ ਬਾਅਦ ਜੇਲ ਵਿਚ ਸੁੱਟਿਆ ਹੁੰਦਾ ਤਾਂ ਅੱਜ ਇਹ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਚੰਗਾ ਮੁੱਖ ਮੰਤਰੀ ਕਹਿਣ ਤੋਂ ਸੰਕੋਚ ਨਾ ਕਰਦੇ ਪਰ ਅੱਜ ਇਹ ਸਭ ਤੋਂ ਵਧੀਆ ਕੰਮ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਨੂੰ ਨਿਕੰਮਾ ਮੁੱਖ ਮੰਤਰੀ ਆਖ ਕੇ ਪੰਜਾਬੀਆਂ ਵਿਚ ਆਪਣਾ ਅਕਸ ਖਰਾਬ ਕਰ ਰਹੇ ਹਨ ਕਿਉਂਕਿ ਪੰਜਾਬ ਦੇ ਲੋਕ ਹੁਣ ਭਲੀਭਾਂਤ ਜਾਣ ਚੁੱਕੇ ਹਨ ਕਿ ਅਕਾਲੀ ਸਰਕਾਰ ਸਮੇਂ ਬਾਦਲ ਪਰਿਵਾਰ ਨੇ ਪੰਜਾਬ ਨੂੰ ਲੁੱਟ ਕੇ ਕੰਗਾਲ ਕਰ ਦਿੱਤਾ। ਇਸ ਗੱਲ ਦਾ ਪ੍ਰਗਟਾਵਾ ਅੱਜ ਗਰੀਨਲੈਂਡ ਡੇ ਬੋਰਡਿੰਗ ਪਬਲਿਕ ਸਕੂਲ ਬਰੇਟਾ ਦੇ ਸਾਲਾਨਾ ਇਨਾਮ ਵੰਡ ਸਮਾਰੋਹ ਵਿਚ ਭਾਗ ਲੈਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਆਪਣੇ ਰਾਜ ਸਮੇਂ ਭੂ-ਮਾਫੀਆ, ਮਾਈਨਿੰਗ, ਟਰਾਂਸਪੋਰਟ ਮਾਫੀਆ, ਕੇਬਲ ਮਾਫੀਆ ਆਦਿ ਦੇ ਗਿਰੋਹ ਬਣਾ ਕੇ ਪੰਜਾਬ ਨੂੰ ਲੁੱਟ ਕੇ ਕੰਗਾਲ ਕਰ ਦਿੱਤਾ ਜਿਸ ਕਾਰਨ ਲੋਕਾਂ ਨੇ ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤੀ ਚੋਣਾਂ ਵਿਚ ਵੀ ਅਕਾਲੀ ਦਲ ਨੂੰ ਨਕਾਰ ਦਿੱਤਾ।
ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਐੱਚ. ਐੱਸ. ਫੂਲਕਾ ਨੇ ਪਹਿਲਾਂ ਵਿਧਾਇਕੀ ਤੋਂ ਅਸਤੀਫਾ ਦੇ ਕੇ ਆਪਣੇ ਹਲਕੇ ਦੇ ਲੋਕਾਂ ਨਾਲ ਪੂਰੀ ਤਰ੍ਹਾਂ ਧੋਖਾ ਕੀਤਾ ਹੈ ਅਤੇ ਹੁਣ ਫੂਲਕਾ ਅਤੇ ਸੁਖਪਾਲ ਸਿੰਘ ਖਹਿਰਾ ਵਲੋਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਨਾਲ ਪੰਜਾਬ ਵਿਚ 'ਆਪ' ਦਾ ਝਾੜੂ ਖੇਰੂੰ-ਖੇਰੂੰ ਹੋ ਗਿਆ ਅਤੇ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਦੇ ਲੋਕ 'ਆਪ' ਅਤੇ ਅਕਾਲੀ ਦਲ ਨੂੰ ਨਕਾਰਦੇ ਹੋਏ ਕਾਂਗਰਸ ਨੂੰ ਸਾਰੀਆਂ ਸੀਟਾਂ ਉਪਰ ਜਿੱਤ ਦਿਵਾ ਕੇ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਬਣਾਉਣ ਲਈ ਮੋਹਰੀ ਰੋਲ ਅਦਾ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸੱਤਾ ਸੰਭਾਲਦੇ ਹੀ ਕਾਂਗਰਸ ਸਰਕਾਰ ਵਲੋਂ ਨਸ਼ਿਆਂ ਦਾ ਖਾਤਮਾ ਕਰਨ ਦੇ ਨਾਲ-ਨਾਲ ਵਿਕਾਸ ਪੱਖੋਂ ਵੀ ਪੰਜਾਬ ਨੂੰ ਮੁੜ ਪਹਿਲੇ ਨੰਬਰ 'ਤੇ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਵਿਕਾਸ ਪੱਖੋਂ ਸਮੁੱਚੇ ਭਾਰਤ 'ਚੋਂ ਪਹਿਲੇ ਨੰਬਰ 'ਤੇ ਹੋਵੇਗਾ। ਇਸ ਮੌਕੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਕਾਂਗਰਸ ਦੀ ਹਲਕਾ ਮਾਨਸਾ ਦੀ ਇੰਚਾਰਜ ਡਾ. ਮਨੋਜ ਬਾਲਾ ਬਾਂਸਲ, ਆਲ ਇੰਡੀਆ ਕਾਂਗਰਸ ਕਮੇਟੀ ਮੈਂਬਰ ਕੁਲਵੰਤ ਰਾਏ ਸਿੰਗਲਾ ਤੋਂ ਇਲਾਵਾ ਵੱਡੀ ਗਿਣਤੀ 'ਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।
ਤੁਰੰਤ ਨਹੀਂ ਜਾਵੇਗੀ ਖਹਿਰਾ ਦੀ ਵਿਧਾਇਕੀ, ਇਹ ਹੋਵੇਗੀ ਪ੍ਰਕਿਰਿਆ
NEXT STORY