ਬਰਨਾਲਾ (ਪੁਨੀਤ): ਬਰਨਾਲਾ ਦੇ ਵਿਧਾਨ ਸਭਾ ਹਲਕਾ ਭਦੌੜ ਦੇ ਪਿੰਡ ਕਾਲੇਕੇ ਵਿਚ ਇਕ ਬੇਹੱਦ ਦਰਦਨਾਕ ਹਾਦਸਾ ਵਾਪਰ ਗਿਆ। ਇੱਥੇ ਪਿੰਡ ਦੇ ਟੋਭੇ ਵਿਚ ਡੁੱਬਣ ਕਾਰਨ ਇਕ 30 ਸਾਲਾ ਨੌਜਵਾਨ ਹਰਦੀਪ ਸਿੰਘ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹਰਦੀਪ ਸਿੰਘ ਪੁੱਤਰ ਕਾਲਾ ਸਿੰਘ ਵਜੋਂ ਹੋਈ ਹੈ, ਜੋ ਇਕ ਗਰੀਬ ਪਰਿਵਾਰ ਨਾਲ ਸਬੰਧਤ ਸੀ।
ਜਾਣਕਾਰੀ ਮੁਤਾਬਕ, ਹਰਦੀਪ ਸਿੰਘ ਆਪਣੇ ਚਾਚੇ ਨਾਲ ਕੰਮ 'ਤੇ ਜਾ ਰਿਹਾ ਸੀ। ਰਸਤੇ ਵਿਚ ਪਿੰਡ ਦੇ ਟੋਭੇ ਵਿਚ ਇਕ ਗੈਸ ਸਿਲੰਡਰ ਤਰਦਾ ਦੇਖ ਕੇ ਉਹ ਉਸ ਨੂੰ ਬਾਹਰ ਕੱਢਣ ਲਈ ਪਾਣੀ ਵਿਚ ਉਤਰ ਗਿਆ। ਪਰ ਟੋਭੇ ਵਿਚ ਉਤਰਦਿਆਂ ਹੀ ਉਹ ਅਚਾਨਕ ਦਲਦਲ ਵਿਚ ਫਸ ਗਿਆ ਅਤੇ ਦੇਖਦੇ ਹੀ ਦੇਖਦੇ ਪਾਣੀ ਵਿਚ ਡੁੱਬ ਗਿਆ। ਉਸ ਦੇ ਚਾਚੇ ਨੇ ਉਸ ਨੂੰ ਬਚਾਉਣ ਦੀ ਕਾਫ਼ੀ ਕੋਸ਼ਿਸ਼ ਕੀਤੀ, ਪਰ ਸਫਲਤਾ ਨਹੀਂ ਮਿਲੀ।
ਪਰਿਵਾਰ ਅਤੇ ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਇਹ ਹਾਦਸਾ ਸਵੇਰੇ ਕਰੀਬ 8:30 ਵਜੇ ਵਾਪਰਿਆ ਸੀ, ਪਰ ਤਿੰਨ ਘੰਟੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਕੋਈ ਪ੍ਰਸ਼ਾਸਨਿਕ ਅਧਿਕਾਰੀ ਜਾਂ ਸਿਹਤ ਵਿਭਾਗ ਦੀ ਟੀਮ ਮੌਕੇ 'ਤੇ ਨਹੀਂ ਪਹੁੰਚੀ। ਜੇਕਰ ਸਮੇਂ ਸਿਰ ਮਦਦ ਮਿਲਦੀ ਤਾਂ ਸ਼ਾਇਦ ਹਰਦੀਪ ਦੀ ਜਾਨ ਬਚਾਈ ਜਾ ਸਕਦੀ ਸੀ। ਟੋਭੇ ਦੇ ਆਲੇ-ਦੁਆਲੇ ਸੁਰੱਖਿਆ ਲਈ ਕੋਈ ਚਾਰਦੀਵਾਰੀ ਵੀ ਨਹੀਂ ਕੀਤੀ ਗਈ।
ਪ੍ਰਸ਼ਾਸਨਿਕ ਮਦਦ ਨਾ ਮਿਲਣ 'ਤੇ ਪਿੰਡ ਵਾਸੀਆਂ ਨੇ ਆਪਣੇ ਪੱਧਰ 'ਤੇ ਬੰਟੀ ਸਿੰਘ ਦੀ ਨਿੱਜੀ ਰੈਸਕਿਊ ਟੀਮ ਨੂੰ ਬੁਲਾਇਆ। ਲਗਭਗ 11 ਵਜੇ ਪਹੁੰਚੀ ਇਸ ਟੀਮ ਨੇ ਅੱਧੇ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਹਰਦੀਪ ਦੀ ਲਾਸ਼ ਨੂੰ ਟੋਭੇ ਵਿਚੋਂ ਬਾਹਰ ਕੱਢਿਆ। ਹਰਦੀਪ ਦੀ ਮਾਤਾ ਦਾ ਪਹਿਲਾਂ ਹੀ ਦੇਹਾਂਤ ਹੋ ਚੁੱਕਾ ਸੀ ਅਤੇ ਉਹ ਦਿਹਾੜੀ-ਮਜ਼ਦੂਰੀ ਕਰਕੇ ਆਪਣੇ ਪਿਤਾ ਕਾਲਾ ਸਿੰਘ ਅਤੇ ਭਰਾ ਕੁਲਦੀਪ ਸਿੰਘ ਨਾਲ ਘਰ ਦਾ ਗੁਜ਼ਾਰਾ ਚਲਾ ਰਿਹਾ ਸੀ। ਲੋਕ ਜਨਸ਼ਕਤੀ ਪਾਰਟੀ ਦੇ ਐੱਸ.ਸੀ. ਮੋਰਚਾ ਪੰਜਾਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਕਾਲੇਕੇ ਨੇ ਵੀ ਇਸ ਪ੍ਰਸ਼ਾਸਨਿਕ ਲਾਪਰਵਾਹੀ ਦੀ ਸਖ਼ਤ ਨਿਖੇਧੀ ਕੀਤੀ ਹੈ।
ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਾਰੀਖ਼ਾਂ ਬਾਰੇ ਵੱਡੀ ਅਪਡੇਟ!
NEXT STORY