ਤਲਵੰਡੀ ਸਾਬੋ (ਮੁਨੀਸ਼ ਗਰਗ) - ਕਹਿੰਦੇ ਹਨ ਕਿ ਸ਼ੌਕ ਪੂਰੇ ਕਰਨ ਦਾ ਕੋਈ ਮੁੱਲ ਨਹੀਂ ਹੁੰਦਾ ਅਤੇ ਕੋਈ ਵੀ ਵਿਅਕਤੀ ਆਪਣੇ ਸ਼ੌਂਕਾਂ ਨੂੰ ਕਿਸੇ ਵੀ ਸਮੇਂ ਪੂਰਾ ਕਰ ਸਕਦਾ ਹੈ। ਹੋਰਾਂ ਪੰਜਾਬੀਆਂ ਦੇ ਵਾਂਗ ਤਲਵੰਡੀ ਸਾਬੋ ਦੇ ਪਿੰਡ ਚਨਾਰਥਲ ’ਚ ਰਹਿ ਰਿਹਾ ਅਜੈਬ ਸਿੰਘ ਵੀ ਆਪਣਾ ਅਨੋਖਾ ਸ਼ੌਂਕ ਪੂਰਾ ਕਰ ਰਿਹਾ ਹੈ। ਅਜੈਬ ਸਿੰਘ ਨੂੰ ਪੁਰਾਣੇ ਵਿਰਸੇ ਨਾਲ ਬਹੁਤ ਪਿਆਰ ਹੈ, ਜਿਸ ਸਦਕਾ ਉਸ ਨੇ ਆਪਣੇ ਵਿਰਸੇ ਦੀ ਹਰ ਇਕ ਚੀਜ਼ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ। ਅਜੈਬ ਸਿੰਘ ਨੂੰ ਪੁਰਾਣੇ ਪਿੱਤਲ, ਤਾਬੇ ਅਤੇ ਕਾਂਸੀ ਦੇ ਭਾਂਡੇ ਰੱਖਣ ਦਾ ਬਹੁਤ ਸ਼ੌਕ ਹੈ। ਪੁਰਾਣੇ ਸਮੇਂ ’ਚ ਵਰਤੇ ਜਾਣ ਵਾਲੇ ਪਿੱਤਲ, ਤਾਬੇ ਅਤੇ ਕਾਂਸੀ ਦੇ ਸਾਰੇ ਭਾਂਡੇ ਉਨ੍ਹਾਂ ਕੋਲ ਮੌਜੂਦ ਹਨ, ਜਿਨ੍ਹਾਂ ਨੂੰ ਉਨ੍ਹਾਂ ਨੇ ਆਪਣੇ ਘਰ ਦੀ ਬੈਠਕ ’ਚ ਖਜ਼ਾਨੇ ਦੇ ਸੰਭਾਲ ਕੇ ਰੱਖਿਆ ਹੋਇਆ ਹੈ।
ਜਾਣਕਾਰੀ ਅਨੁਸਾਰ ਪਿੰਡ ਚਨਾਰਥਲ ਦੇ ਅਜੈਬ ਸਿੰਘ ਕਿੱਤੇ ਵਜੋਂ ਮਿਸਤਰੀ ਹਨ। ਉਨ੍ਹਾਂ ਨੇ ਪਿੱਤਲ, ਤਾਬੇ ਅਤੇ ਕਾਂਸੀ ਦੇ ਬਰਤਨਾਂ ਦੇ ਨਾਲ-ਨਾਲ ਪੰਜਾਬੀ ਵਿਰਸੇ ਨੂੰ ਸੰਭਾਲਦੇ ਹੋਏ ਬਹੁਤ ਸਾਰੇ ਪੁਰਾਤਨ ਪੰਜਾਬੀ ਸੰਦਾਂ ਦੇ ਮਾਡਲ ਵੀ ਤਿਆਰ ਕੀਤੇ ਹਨ, ਜਿਸ ਦੇ ਬਾਰੇ ਅੱਜ ਦੀ ਪੀੜ੍ਹੀ ਨੂੰ ਪਤਾ ਵੀ ਨਹੀਂ ਹੋਵੇਗਾ। ਪੁਰਾਤਨ ਪੰਜਾਬੀ ਸੰਦਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਕੋਲ ਢੀਗਾ, ਫਲਾ, ਤੰਗਲੀ, ਦੁਸਾਗੇ, ਦਾਤੀ, ਕੁਰਾਹਾ, ਸੱਲਗ, ਚੱਕੀ, ਵੇਲਣਾ, ਤੋਤਾ ਹੱਲ, ਤਰਪਾਲੀ, ਉਲਟਵਾ ਹੱਲ, ਹਜੂਰੀਆਂ ਤੋਂ ਇਲਾਵਾ ਬਹੁਤ ਸਾਰੇ ਸੰਦ ਮੌਜੂਦ ਹਨ। ਅਜੈਬ ਸਿੰਘ ਵਲੋਂ ਤਿਆਰ ਕੀਤੇ ਇਨ੍ਹਾਂ ਸੰਦਾਂ ਨੂੰ ਦੇਖਣ ਲਈ ਬਹੁਤ ਸਾਰੇ ਲੋਕ ਦੂਰ-ਦੂਰ ਤੋਂ ਆਉਂਦੇ ਹਨ, ਜੋ ਆਪਣੇ ਨਾਲ ਮਨਪਸੰਦ ਸੰਦ ਲੈ ਵੀ ਜਾਂਦੇ ਹਨ।
ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਅਜੈਬ ਸਿੰਘ ਨੇ ਦੱਸਿਆ ਕਿ ਉਸ ਨੇ ਕਿਸੇ ਕੋਲ ਹੱਲ ਦੇਖਿਆ ਸੀ। ਉਸ ਨੇ ਉਕਤ ਵਿਅਕਤੀ ਤੋਂ ਜਦੋਂ ਉਸ ਹੱਲ ਦੀ ਮੰਗ ਕੀਤੀ ਤਾਂ ਉਸ ਨੇ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ। ਉਸ ਦਿਨ ਤੋਂ ਉਸ ਨੇ ਖੁਦ ਪੁਰਾਣੇ ਸਮੇਂ ਦੇ ਸੰਦਾਂ ਦੇ ਮਾਡਲ ਤਿਆਰ ਕਰਨੇ ਸ਼ੁਰੂ ਕਰ ਦਿੱਤੇ ਸਨ, ਜਿਸ ਸਦਕਾ ਉਸ ਕੋਲ ਅੱਜ ਬਹੁਤ ਸਾਰੇ ਸੰਦ ਹਨ। ਅਜੈਬ ਸਿੰਘ ਨੇ ਦੱਸਿਆ ਕਿ ਉਸ ਕੋਲ ਲੱਖਾਂ ਰੁਪਏ ਦੀ ਕੀਮਤ ਦੇ ਕਰੀਬ ਡੇਢ ਕੁਇੰਟਲ ਦੇ ਭਾਂਡੇ ਹਨ। ਉਨ੍ਹਾਂ ਦਾ ਇਹ ਸ਼ੌਕ ਪੂਰਾ ਕਰਨ ’ਚ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਦੀ ਪੂਰੀ-ਪੂਰੀ ਮਦਦ ਕਰ ਰਿਹਾ ਹੈ ਅਤੇ ਕਿਸੇ ਵਲੋਂ ਰੋਕ ਟੋਕ ਨਹੀਂ ਕੀਤੀ ਜਾ ਰਹੀ।
ਪਿੰਡ ਬਾਦਲ ਖੁਰਦ ਦੀ ਸੰਗਤ ਨੇ ਕੀਤਾ ਢੱਡਰੀਆਂ ਵਾਲਿਆਂ ਦੇ ਹੱਕ ਦਾ ਖੜ੍ਹਣ ਦਾ ਐਲਾਨ
NEXT STORY