ਬਟਾਲਾ (ਬੇਰੀ) : ਨਰਿੰਦਰ ਮੋਦੀ ਹੁਣ ਤੱਕ ਦਾ ਸਭ ਤੋਂ ਕਮਜ਼ੋਰ, ਬੁਜ਼ਦਿਲ, ਝੂਠਾ ਅਤੇ ਡਰਾਮੇਬਾਜ਼ ਪ੍ਰਧਾਨ ਮੰਤਰੀ ਹੈ ਅਤੇ ਇਸਦੀ ਕਾਰਗੁਜ਼ਾਰੀ ਜ਼ੀਰੋ ਹੈ, ਜਿਸ ਕਾਰਨ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਮੋਦੀ ਨੂੰ ਇਕ ਐਕਟਰ ਨੂੰ ਲਿਆਉਣਾ ਪਿਆ ਹੈ। ਇਹ ਗੱਲ ਅੱਜ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਪਿੰਡ ਬਹਾਦਰਪੁਰ ਵਿਖੇ ਲੋਕ ਸਭਾ ਉਮੀਦਵਾਰ ਸੁਨੀਲ ਜਾਖੜ ਦੇ ਹੱਕ ਵਿਚ ਆਯੋਜਿਤ ਚੋਣ ਰੈਲੀ ਨੂੰ ਸੰਬੋਧਨ ਕਰਨ ਦੌਰਾਨ ਕਹੀ। ਉਨ੍ਹਾਂ ਕਿਹਾ ਕਿ ਮੋਦੀ ਦੀ ਸੌੜੀ ਅਤੇ ਫੁੱਟਪਾਊ ਸਿਆਸਤ ਨਾਲ ਮੁਲਕ ਦੀਆਂ ਘੱਟ ਗਿਣਤੀਆਂ ਵਿਚ ਬੇਗਾਨਗੀ ਅਤੇ ਅਲਹਿਦਗੀ ਦਾ ਅਹਿਸਾਸ ਪੈਦਾ ਹੁੰਦਾ ਹੈ ਜੋ ਮੁਲਕ ਦੇ ਭਵਿੱਖ ਲਈ ਬਹੁਤ ਹੀ ਖ਼ਤਰਨਾਕ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਬਹੁ-ਕੌਮੀ, ਬਹੁ-ਭਾਸ਼ੀ ਅਤੇ ਬਹੁ-ਧਰਮੀ ਮੁਲਕ ਨੂੰ ਬਚਾਉਣ ਲਈ ਇਨ੍ਹਾਂ ਲੋਕ ਸਭਾ ਚੋਣਾਂ ਵਿਚ ਮੋਦੀ ਨੂੰ ਹਰਾਉਣਾ ਬਹੁਤ ਹੀ ਲਾਜ਼ਮੀ ਹੈ।
ਤ੍ਰਿਪਤ ਬਾਜਵਾ ਨੇ ਅੱਗੇ ਕਿਹਾ ਕਿ ਅਮਰਿੰਦਰ ਸਿੰਘ ਦੀ ਸਰਕਾਰ ਬਣਨ ਤੋਂ ਬਾਅਦ ਬੇਅਦਬੀ ਅਤੇ ਗੋਲੀਕਾਂਡ ਦੇ ਦੋਸ਼ੀਆਂ ਨੂੰ ਜੇਲਾਂ ਵਿਚ ਬੰਦ ਕਰ ਦਿੱਤਾ ਹੈ, ਬਾਕੀਆਂ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ। ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਨੂੰ ਸਿਆਸਤ ਦਾ ਅਨਾੜੀ ਖਿਡਾਰੀ ਕਰਾਰ ਦਿੰਦਿਆਂ ਬਾਜਵਾ ਨੇ ਕਿਹਾ ਕਿ ਮੁਲਕ, ਸੂਬੇ ਅਤੇ ਗੁਰਦਾਸਪੁਰ ਦੇ ਭੂਗੋਲ, ਇਤਿਹਾਸ ਅਤੇ ਸਮੱਸਿਆਵਾਂ ਤੋਂ ਕੋਰੇ ਵਿਅਕਤੀ ਨੂੰ ਵੋਟ ਪਾਉਣੀ ਆਪਣੇ ਪੈਰਾਂ ਉੱਤੇ ਆਪ ਕੁਹਾੜਾ ਮਾਰਨ ਵੱਲੀ ਗੱਲ ਹੋਵੇਗੀ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਅਤੇ ਨਰਿੰਦਰ ਮੋਦੀ ਫਿਲਮੀ ਹੀਰੋ ਸੰਨੀ ਦਿਓਲ ਦੀ ਚਮਕ-ਦਮਕ ਰਾਹੀਂ ਸੁਨੀਲ ਜਾਖੜ ਦੀ ਆਵਾਜ਼ ਨੂੰ ਬੰਦ ਕਰਨਾ ਚਾਹੁੰਦੇ ਹਨ, ਜੋ ਉਨ੍ਹਾਂ ਦੀ ਹਰ ਲੋਕ ਵਿਰੋਧੀ ਸਾਜ਼ਿਸ਼ ਨੂੰ ਲੋਕਾਂ ਸਾਹਮਣੇ ਬੇਪਰਦਾ ਕਰਦੇ ਆ ਰਹੇ ਹਨ। ਉਨ੍ਹਾਂ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਇਕੋ ਇਕ ਉਮੀਦਵਾਰ ਹੈ, ਜਿਹੜਾ ਮੁਲਕ ਦੀ ਪਾਰਲੀਮੈਂਟ ਵਿਚ ਇਸ ਸਰਹੱਦੀ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਧੜੱਲੇ ਨਾਲ ਉਠਾ ਕੇ ਉਨ੍ਹਾਂ ਦਾ ਹੱਲ ਕਰਵਾਉਣ ਦੇ ਸਮਰੱਥ ਹਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਉਹ ਜਦੋਂ 2022 ਵਿਚ ਆਪਣੇ ਲਈ ਵੋਟ ਮੰਗਣ ਆਉਣਗੇ ਤਾਂ ਲੋਕਾਂ ਨੂੰ ਹੱਕ ਹੋਵੇਗਾ ਕਿ ਉਹ ਮੈਨੂੰ ਮੇਰੀ ਕਾਰਗੁਜ਼ਾਰੀ ਪੁੱਛਣ ਅਤੇ ਤਸੱਲੀ ਹੋਣ ਦੀ ਸੂਰਤ ਵਿਚ ਹੀ ਵੋਟ ਪਾਉਣ ਪਰ ਹੁਣ ਵੋਟ ਪਾਉਣ ਤੋਂ ਪਹਿਲਾਂ ਮੋਦੀ ਦੀ ਕਾਰਗੁਜ਼ਾਰੀ ਨੂੰ ਜ਼ਰੂਰ ਪਰਖਣ, ਜਿਹੜਾ 2014 ਵਿਚ ਇਹ ਕਹਿ ਕੇ ਸੱਤਾ ਵਿਚ ਆਇਆ ਸੀ ਕਿ ਵਿਦੇਸ਼ਾਂ ਵਿਚ ਪਏ ਕਾਲੇ ਧਨ ਨੂੰ ਲਿਆ ਕੇ ਹਰ ਵਿਅਕਤੀ ਦੇ ਖਾਤੇ ਵਿਚ 15-15 ਲੱਖ ਰੁਪਏ ਪਾਏੇ ਜਾਣਗੇ, ਸਵਾਮੀਨਾਥਨ ਰਿਪੋਰਟ ਦੇ ਆਧਾਰ ਉੱਤੇ ਫਸਲਾਂ ਦੇ ਭਾਅ ਮਿੱਥੇ ਜਾਣਗੇ ਅਤੇ ਹਰ ਨੌਜਵਾਨ ਨੂੰ ਨੌਕਰੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ 'ਚੋਂ ਮੋਦੀ ਵਲੋਂ ਕੀਤਾ ਗਿਆ ਇਕ ਵੀ ਵਾਅਦਾ ਵਫ਼ਾ ਨਹੀਂ ਹੋਇਆ ਸਗੋਂ ਗੈਸ ਸਿਲੰਡਰ, ਡੀਜ਼ਲ, ਪੈਟਰੋਲ ਅਤੇ ਸੀਮੈਂਟ ਦੀਆਂ ਕੀਮਤਾਂ ਵਿਚ ਹੋਏ ਭਾਰੀ ਵਾਧੇ ਨੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਇਸ ਮੌਕੇ ਜ਼ਿਲਾ ਕਾਂਗਰਸ ਰੋਸ਼ਨ ਯੂਸਫ ਨੇ ਈਸਾਈ ਭਾਈਚਾਰੇ ਦੇ ਵੋਟਰਾਂ ਨੂੰ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ ਨੂੰ ਵੋਟ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਪੀਟਰ ਮਸੀਹ ਚੀਦਾ ਨੂੰ ਪਾਈ ਗਈ ਵੋਟ ਘੱਟ ਗਿਣਤੀਆਂ ਦੇ ਦੁਸ਼ਮਣ ਨਰਿੰਦਰ ਮੋਦੀ ਨੂੰ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਕਾਂਗਰਸੀ ਆਗੂ ਟਹਿਲ ਸਿੰਘ, ਬਲਵਿੰਦਰ ਸਿੰਘ ਭੁੱਲਰ, ਐੱਸ.ਪੀ. ਜੋਗਿੰਦਰ ਸਿੰਘ ਅਤੇ ਪਿੰਡ ਦੇ ਸਰਪੰਚ ਹੈਪੀ ਸਮੇਤ ਸਮੁੱਚੀ ਪੰਚਾਇਤ ਹਾਜ਼ਰ ਸੀ।
ਲੋਕ ਸਭਾ ਚੋਣਾਂ ਕਾਰਨ 19 ਮਈ ਨੂੰ ਹੋਣ ਵਾਲੇ ਪੇਪਰਾਂ ਦੀਆਂ ਤਰੀਕਾਂ 'ਚ ਬਦਲਾਅ
NEXT STORY