ਬਟਾਲਾ (ਬੇਰੀ) : ਬਟਾਲਾ ਦਾ ਬਹੁ-ਚਰਚਿਤ ਮੁਕੇਸ਼ ਨਈਅਰ ਉਰਫ ਕਾਲਾ ਨਈਅਰ ਹੱਤਿਆਕਾਂਡ ਦਾ ਮਾਮਲਾ ਥੰਮਣ ਦੀ ਬਜਾਏ ਹੋਰ ਤੇਜ਼ ਹੁੰਦਾ ਜਾ ਰਿਹਾ ਹੈ। ਨਈਅਰ ਪਰਿਵਾਰ ਵਲੋਂ ਸਥਾਨਕ ਕਮਿਊਨਿਟੀ ਹਾਲ ਵਿਖੇ ਕਾਲਾ ਨਈਅਰ ਦੀ ਰਸਮ ਕਿਰਿਆ ਉਪਰੰਤ ਤਤਕਾਲ ਪ੍ਰੈੱਸ ਕਾਨਫਰੰਸ ਸੱਦੀ ਗਈ, ਜਿਸ ਵਿਚ ਨਈਅਰ ਪਰਿਵਾਰ ਨੇ ਪੁਲਸ ਵਲੋਂ ਕਾਲਾ ਨਈਅਰ ਦੀ ਹੋਈ ਮੌਤ ਸਬੰਧੀ ਜਾਂਚ ਨੂੰ ਸਹੀ ਢੰਗ ਨਾਲ ਨਾ ਕੀਤੇ ਜਾਣ 'ਤੇ ਕਈ ਤਰ੍ਹਾਂ ਦੇ ਸਵਾਲੀਆ ਨਿਸ਼ਾਨ ਲਾਏ ਅਤੇ ਮੀਡੀਆ ਸਾਹਮਣੇ ਸਪੱਸ਼ਟ ਸ਼ਬਦਾਂ ਵਿਚ ਕਹਿ ਦਿੱਤਾ ਕਿ ਉਹ ਪੁਲਸ ਦੀ ਜਾਂਚ ਤੋਂ ਬਿਲਕੁਲ ਸੰਤੁਸ਼ਟ ਨਹੀਂ ਹਨ ਅਤੇ ਕਰੀਬ 13/14 ਦਿਨ ਬੀਤਣ ਉਪਰੰਤ ਪੁਲਸ ਉਨ੍ਹਾਂ ਨੂੰ ਇਨਸਾਫ ਨਹੀਂ ਦਿਵਾ ਸਕੀ।
ਮ੍ਰਿਤਕ ਕਾਲਾ ਨਈਅਰ ਦੇ ਭਰਾ ਅਤੇ ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਮੀਤ ਪ੍ਰਧਾਨ ਰਮੇਸ਼ ਨਈਅਰ ਨੇ ਕਿਹਾ ਕਿ ਉਨ੍ਹਾਂ ਦੇ ਭਰਾ ਮੁਕੇਸ਼ ਕੁਮਾਰ ਉਰਫ ਕਾਲਾ ਨਈਅਰ ਦੀ ਹੱਤਿਆ ਦੇ ਪਿੱਛੇ ਗੈਂਗਸਟਰਾਂ ਦਾ ਹੱਥ ਹੈ। ਉਨ੍ਹਾਂ ਆਪਣੇ ਭਰਾ ਦੀ ਸੁਪਾਰੀ ਦੇ ਕੇ ਹੱਤਿਆ ਕਰਵਾਉਣ ਦਾ ਵੀ ਸ਼ੱਕ ਪ੍ਰਗਟਾਇਆ ਕਿਉਂਕਿ ਉਨ੍ਹਾਂ ਨੂੰ ਵੀ ਪੈਸੇ ਲੈ ਕੇ ਕੇਸ ਨੂੰ ਰਫਾ-ਦਫਾ ਕਰਨ ਦੀ ਆਫਰ ਆਈ ਸੀ। ਰਮੇਸ਼ ਨਈਅਰ ਨੇ ਦੋਸ਼ ਲਾਉਂਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਪੈਸਿਆਂ ਦੀ ਆਫਰ ਆ ਸਕਦੀ ਹੈ ਤਾਂ ਪੁਲਸ ਨੂੰ ਆਫਰ ਕਿਉਂ ਨਹੀਂ ਗਈ ਹੋਵੇਗੀ? ਉਨ੍ਹਾਂ ਕਿਹਾ ਕਿ ਇਸ ਬਾਰੇ ਵਿਚ ਪੁਲਸ ਕੁਝ ਨਹੀਂ ਕਰ ਰਹੀ, ਜਿਸ ਕਾਰਣ ਇਨਸਾਫ ਉਨ੍ਹਾਂ ਦੇ ਪਰਿਵਾਰ ਤੋਂ ਦੂਰ ਹੁੰਦਾ ਜਾ ਰਿਹਾ ਹੈ।
ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਪ੍ਰਧਾਨ ਯੋਗਰਾਜ ਸ਼ਰਮਾ ਨੇ ਕਿਹਾ ਕਿ ਬਟਾਲਾ ਪੁਲਸ ਵੱਲੋਂ ਕੀਤੀ ਗਈ ਜਾਂਚ ਵਿਅਰਥ ਹੈ ਅਤੇ ਉਨ੍ਹਾਂ ਕਾਲਾ ਨਈਅਰ ਹੱਤਿਆਕਾਂਡ ਦਾ ਮੁੱਦਾ ਡੀ. ਜੀ. ਪੀ. ਪੰਜਾਬ ਦੇ ਸਾਹਮਣੇ ਵੀ ਰੱਖਿਆ ਸੀ। ਇਸ ਸੰਦਰਭ ਵਿਚ ਉਨ੍ਹਾਂ ਐੱਸ. ਐੱਸ. ਪੀ. ਬਟਾਲਾ ਨਾਲ ਗੱਲ ਕੀਤੀ ਪਰ ਹਾਲੇ ਤੱਕ ਸੱਚਾਈ ਸਾਹਮਣੇ ਨਾ ਆਉਣ ਕਾਰਣ ਨਈਅਰ ਪਰਿਵਾਰ ਦੁਚਿੱਤੀ ਵਿਚ ਹੈ। ਸ਼ਰਮਾ ਨੇ ਕਿਹਾ ਕਿ ਉਹ ਇਸ ਮਾਮਲੇ ਸਬੰਧੀ ਇਕ ਰਿਟ ਪਟੀਸ਼ਨ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਚ ਦਾਇਰ ਕਰ ਕੇ ਮਾਣਯੋਗ ਜੱਜ ਤੋਂ ਸੀ. ਬੀ. ਆਈ. ਜਾਂਚ ਦੀ ਮੰਗ ਕਰਨਗੇ ਅਤੇ ਜੇਕਰ ਇਸ ਤੋਂ ਬਾਅਦ ਵੀ ਜ਼ਰੂਰਤ ਪਈ ਤਾਂ ਸੈਂਟਰ ਦੀ ਜਾਂਚ ਏਜੰਸੀ ਤੋਂ ਇਸ ਹੱਤਿਆਕਾਂਡ ਦੀ ਜਾਂਚ ਕਰਵਾਵਾਂਗੇ।
ਇਹ ਵੀ ਪੜ੍ਹੋ : ਸ਼ਿਵ ਸੈਨਾ ਆਗੂ 'ਤੇ ਜਾਨਲੇਵਾ ਹਮਲਾ ਕਰਨ ਵਾਲੇ 2 ਗ੍ਰਿਫਤਾਰ
ਮ੍ਰਿਤਕ ਦੀ ਪਤਨੀ ਬੋਲੀ : ਕਾਰਵਾਈ ਨਾ ਹੋਣ 'ਤੇ ਐੱਸ. ਐੱਸ. ਪੀ. ਦਫਤਰ ਦੇ ਬਾਹਰ ਆਪਣੇ ਬੱਚਿਆਂ ਸਮੇਤ ਕਰਾਂਗੀ ਆਤਮ-ਹੱਤਿਆ
ਇਸ ਦੌਰਾਨ ਨਈਅਰ ਦੀ ਪਤਨੀ ਮੀਤੂ ਨਈਅਰ ਨੇ ਐੱਸ. ਐੱਸ. ਪੀ. ਬਟਾਲਾ ਤੋਂ ਮੰਗ ਕੀਤੀ ਕਿ ਉਸ ਦੇ ਪਤੀ ਦੀ ਹੱਤਿਆ ਕਰਨ ਦੇ ਅਸਲੀ ਕਾਰਣਾਂ ਨੂੰ ਪੁਲਸ ਉਨ੍ਹਾਂ ਦੇ ਸਾਹਮਣੇ ਲਿਆਵੇ, ਨਹੀਂ ਤਾਂ ਇਕ ਹਫਤੇ ਬਾਅਦ ਉਹ ਐੱਸ. ਐੱਸ. ਪੀ. ਦਫਤਰ ਦੇ ਬਾਹਰ ਆਪਣੇ ਬੱਚਿਆਂ ਸਮੇਤ ਆਤਮ-ਹੱਤਿਆ ਕਰ ਲਵੇਗੀ।
ਪ੍ਰੈੱਸ ਕਾਨਫਰੰਸ ਦੌਰਾਨ ਰਮੇਸ਼ ਨਈਅਰ ਨੇ ਇਸ ਗੱਲ ਦਾ ਵੀ ਖੁਲਾਸਾ ਕੀਤਾ ਕਿ ਜਿਸ ਸਮੇਂ ਭੰਡਾਰੀ ਮੁਹੱਲੇ ਵਿਚ ਉਨ੍ਹਾਂ ਦੇ ਭਰਾ ਕਾਲਾ ਨਈਅਰ ਦੀ ਹੱਤਿਆ ਹੋਈ ਸੀ ਤਾਂ ਉਸ ਵੇਲੇ ਉੱਥੇ ਸਥਿਤ ਇਕ ਪ੍ਰਾਈਵੇਟ ਸਕੂਲ ਦੇ ਪ੍ਰਬੰਧਕ ਆਪਣੀ ਗੱਡੀ ਵਿਚ ਸਵਾਰ ਹੋ ਕੇ ਏਅਰਪੋਰਟ ਜਾਣ ਲਈ ਨਿਕਲੇ ਸਨ, ਉਨ੍ਹਾਂ ਨੂੰ ਉਸ ਵੇਲੇ ਉਨ੍ਹਾਂ ਦੇ ਭਰਾ ਕਾਲਾ ਨਈਅਰ ਦੀ ਲਾਸ਼ ਉੱਥੇ ਸਕੂਲ ਦੇ ਅੱਗੇ ਪਈ ਕਿਉਂ ਨਹੀਂ ਦਿਖਾਈ ਦਿੱਤੀ? ਉਨ੍ਹਾਂ ਪੁਲਸ ਕੋਲੋਂ ਮੰਗ ਕੀਤੀ ਕਿ ਇਸ ਮਾਮਲੇ ਸਬੰਧੀ ਸਕੂਲ ਪ੍ਰਬੰਧਕਾਂ ਨੂੰ ਵੀ ਪੁੱਛਿਆ ਜਾਵੇ ਕਿਉਂਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਸਕੂਲ ਮਾਲਕਾਂ ਦੇ ਵੀ ਗੈਂਗਸਟਰਾਂ ਨਾਲ ਸਬੰਧ ਹਨ।
ਕੀ ਕਹਿਣਾ ਹੈ ਐੱਸ. ਐੱਸ. ਪੀ. ਬਟਾਲਾ ਦਾ
ਉਕਤ ਮਾਮਲੇ ਸਬੰਧੀ ਜਦੋਂ ਐੱਸ. ਐੱਸ. ਪੀ. ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਨਈਅਰ ਪਰਿਵਾਰ ਨੂੰ ਸਮੇਂ-ਸਮੇਂ 'ਤੇ ਬੁਲਾ ਕੇ ਜਾਂਚ ਦੀ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਰਹੀ ਹੈ। ਉਨ੍ਹਾਂ ਕਿਹਾ ਕਿ ਦੋਵਾਂ ਕਥਿਤ ਮੁਲਜ਼ਮਾਂ ਨੂੰ ਜੁਆਇੰਟ ਇਨਵੈੱਸਟੀਗੇਸ਼ਨ ਸੈਂਟਰ ਵਿਚ ਵੀ ਜਾਂਚ ਲਈ ਭੇਜਿਆ ਗਿਆ ਹੈ ਪਰ ਉੱਥੇ ਵੀ ਅੱਤਵਾਦ ਨਾਲ ਸਬੰਧਤ ਕੋਈ ਠੋਸ ਸਬੂਤ ਨਹੀਂ ਮਿਲਿਆ ਹੈ। ਐੱਸ. ਐੱਸ. ਪੀ. ਘੁੰਮਣ ਨੇ ਅੱਗੇ ਦੱਸਿਆ ਕਿ ਜੁਆਇੰਟ ਇਨਵੈੱਸਟੀਗੇਸ਼ਨ ਸੈਂਟਰ ਵਿਚ ਅੱਤਵਾਦ ਨਾਲ ਜੁੜੇ ਮੁੱਦਿਆਂ ਨੂੰ ਹੱਲ ਕਰਨ ਲਈ ਡੂੰਘਾਈ ਨਾਲ ਜਾਂਚ ਕੀਤੀ ਜਾਂਦੀ ਹੈ ਅਤੇ ਪਰਿਵਾਰ ਨੇ ਕਦੇ ਵੀ ਸਕੂਲ ਪ੍ਰਬੰਧਕਾਂ ਜਾਂ ਕਿਸੇ ਹੋਰ ਵਿਅਕਤੀ ਦੀ ਸ਼ਮੂਲੀਅਤ 'ਤੇ ਸ਼ੱਕ ਜ਼ਾਹਿਰ ਨਹੀਂ ਕੀਤਾ ਪਰ ਜੇਕਰ ਉਹ ਲਿਖਤੀ ਰੂਪ ਵਿਚ ਕਿਸੇ ਵੀ ਤਰ੍ਹਾਂ ਦਾ ਸ਼ੱਕ ਪ੍ਰਗਟ ਕਰਨਗੇ ਤਾਂ ਪੁਲਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰੇਗੀ।
ਪੈਸਿਆਂ ਦੀ ਆਫਰ ਸਬੰਧੀ ਗੱਲ ਕਰਦਿਆਂ ਪੁਲਸ ਮੁਖੀ ਘੁੰਮਣ ਨੇ ਕਿਹਾ ਕਿ ਪਰਿਵਾਰ ਨੇ ਪਹਿਲਾਂ ਕਦੇ ਵੀ ਉਨ੍ਹਾਂ ਨਾਲ ਇਹ ਗੱਲ ਸਾਂਝੀ ਨਹੀਂ ਕੀਤੀ ਪਰ ਜੇਕਰ ਹੁਣ ਪਰਿਵਾਰ ਕਹੇਗਾ ਤਾਂ ਮਾਮਲੇ ਦੀ ਪੂਰੀ ਜਾਂਚ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਡੂੰਘਾਈ ਨਾਲ ਪੁੱਛਗਿੱਛ ਕਰਨ ਦੇ ਬਾਵਜੂਦ ਉਕਤ ਫੜੇ ਗਏ ਕਥਿਤ ਦੋਸ਼ੀਆਂ ਨੇ ਕੇਵਲ ਲੁੱਟ ਅਤੇ ਹੱਤਿਆ ਦੀ ਗੱਲ ਨੂੰ ਕਬੂਲਿਆ ਹੈ ਅਤੇ ਉਨ੍ਹਾਂ ਨੇ ਆਪਣੇ ਨਾਲ ਕਿਸੇ ਹੋਰ ਦੇ ਸ਼ਾਮਲ ਹੋਣ ਦੀ ਗੱਲ ਕਬੂਲ ਨਹੀਂ ਕੀਤੀ। ਇਸ ਤੋਂ ਇਲਾਵਾ ਸਕੂਲ ਮਾਲਕਾਂ ਦੀ ਇਸ ਕਤਲ ਦੇ ਮਾਮਲੇ ਵਿਚ ਕਿਸੇ ਵੀ ਤਰ੍ਹਾਂ ਦੀ ਭੂਮਿਕਾ ਸਾਹਮਣੇ ਨਹੀਂ ਆਈ ਹੈ।
ਇਹ ਵੀ ਪੜ੍ਹੋ : ਸਬਮਰਸੀਬਲ ਦੇ ਬੋਰ 'ਚੋਂ ਮਿਲੀ ਅਨੋਖੀ ਚੀਜ਼, ਦੇਖ ਉੱਡੇ ਸਭ ਦੇ ਹੋਸ਼
ਬੇਰੁਜ਼ਗਾਰ ਈ.ਟੀ.ਟੀ.ਅਧਿਆਪਕਾਂ ਨੇ ਪਟਿਆਲਾ-ਸੰਗਰੂਰ ਰੋਡ ਕੀਤਾ ਜਾਮ
NEXT STORY