ਬਟਾਲਾ (ਮਠਾਰੂ) : ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਤ ਸੂਬਾ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਪਵਿੱਤਰ ਚਰਨਛੋਹ ਪ੍ਰਾਪਤ ਇਤਿਹਾਸਕ ਅਸਥਾਨਾਂ ਦੇ ਵਿਕਾਸ ਕਾਰਜਾਂ ਤਹਿਤ ਕੀਤੇ ਜਾ ਰਹੇ ਸੁੰਦਰੀਕਰਨ ਦੀ ਯੋਜਨਾ ਦੌਰਾਨ ਇਤਿਹਾਸਕ ਸ਼ਹਿਰ ਬਟਾਲਾ ਦੇ ਅੰਦਰ ਜਿੱਥੇ ਨਗਰ ਕੌਂਸਲ ਰਾਹੀਂ ਸ਼ਹਿਰ ਦੀਆਂ ਸੜਕਾਂ ਅਤੇ ਗਲੀਆਂ-ਨਾਲੀਆਂ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ, ਉਥੇ ਨਾਲ ਹੀ ਸੂਬੇ ਦੇ ਪੀ. ਡਬਲਯੂ. ਡੀ. ਵਿਭਾਗ ਵਲੋਂ ਸੜਕਾਂ ਦਾ ਜਾਲ ਵਿਛਾਉਂਦਿਆਂ ਨਵੀਆਂ ਸੜਕਾਂ ਵੀ ਬਣਾਈਆਂ ਜਾ ਰਹੀਆਂ ਹਨ। ਇਸ ਸਬੰਧੀ ਗੱਲਬਾਤ ਕਰਦਿਆਂ ਸੂਬੇ ਦੇ ਸੀਨੀਅਰ ਕੈਬਨਿਟ ਮੰਤਰੀ ਅਤੇ 550 ਸਾਲਾ ਪ੍ਰਕਾਸ਼ ਪੁਰਬ ਦੇ ਵਿਕਾਸ ਕਾਰਜਾਂ ਦੇ ਇੰਚਾਰਜ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਬਟਾਲਾ ਸਹਿਰ ਅੰਦਰ ਪੈਂਦੇ ਹੰਸਲੀ ਨਾਲੇ ਦੇ ਪੁਲ ਉਪਰ ਕਰੋੜਾਂ ਰੁਪਏ ਦੀ ਲਾਗਤ ਨਾਲ ਤਿੰਨ ਪੁਲ ਬਣਾਏ ਜਾ ਰਹੇ ਹਨ, ਜਦ ਕਿ ਸ਼ਹਿਰ ਦੀ ਹਦੂਦ ਵਿਚ ਅੰਮ੍ਰਿਤਸਰ ਬਾਈਪਾਸ ਤੋਂ ਲੈ ਕੇ ਗੁਰਦਾਸਪੁਰ ਬਾਈਪਾਸ ਤੱਕ ਦੀ ਸੜਕ ਨੂੰ ਦੋਹਾਂ ਪਾਸਿਆਂ ਤੋਂ ਚੌੜਾ ਕਰ ਕੇ ਮਜ਼ਬੂਤ ਬਣਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਸੜਕ ਦਾ ਨਿਰਮਾਣ ਕਾਰਜ ਸ਼ੁਰੂ ਕੀਤਾ ਜਾ ਚੁੱਕਾ ਹੈ। ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਨੇ ਦੱਸਿਆ ਕਿ ਇਸੇ ਹੀ ਤਰ੍ਹਾਂ ਬਟਾਲਾ ਸ਼ਹਿਰ ਵਿਚ ਦਾਖਲ ਹੋਣ ਵਾਲੇ ਵੱਖ-ਵੱਖ ਇਲਾਕਿਆਂ ਅਤੇ ਕਸਬਿਆਂ ਦੀਆਂ ਸੜਕਾਂ ਦਾ ਵੀ ਨਿਰਮਾਣ ਕੀਤਾ ਜਾ ਰਿਹਾ ਹੈ, ਜਿਸ ਵਿਚ ਸ੍ਰੀ ਹਰਗੋਬਿੰਦਪੁਰ, ਫਤਿਹਗੜ੍ਹ ਚੂੜੀਆਂ, ਕਾਦੀਆਂ, ਡੇਰਾ ਬਾਬਾ ਨਾਨਕ, ਕਾਹਨੂੰਵਾਨ ਰੋਡ, ਗੁਰਦਾਸਪੁਰ ਰੋਡ, ਅੰਮ੍ਰਿਤਸਰ ਰੋਡ, ਜਲੰਧਰ ਰੋਡ ਅਤੇ ਸਿੰਬਲ ਚੌਕ ਸਮੇਤ ਹੋਰ ਵੱਖ-ਵੱਖ ਇਲਾਕਿਆਂ ਦੀਆਂ 200 ਮੀਟਰ ਤੱਕ ਦੀਆਂ ਸੜਕਾਂ ਦਾ ਨਿਰਮਾਣ ਸੂਬਾ ਸਰਕਾਰ ਵੱਲੋਂ ਪੀ. ਡਬਲਯੂ. ਡੀ. ਵਿਭਾਗ ਦੇ ਰਾਹੀਂ ਕੀਤਾ ਜਾ ਰਿਹਾ ਹੈ। ਊਨ੍ਹਾਂ ਦੱਸਿਆ ਕਿ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਜਿੱਥੇ ਸੜਕਾਂ ਬਣਾਈਆਂ ਜਾ ਰਹੀਆਂ ਹਨ, ਉਥੇ ਨਾਲ ਹੀ ਸਟਰੀਟ ਲਾਈਟਾਂ ਲਾ ਕੇ ਸ਼ਹਿਰ ਦੀ ਦਿਖ ਨੂੰ ਸੁੰਦਰ ਬਣਾਉਣ ਦੇ ਲਈ ਹੋਰ ਵੀ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਨੇ ਕਿਹਾ ਕਿ ਇਨ੍ਹਾਂ ਵਿਕਾਸ ਕਾਰਜਾਂ ਨੂੰ ਮਿੱਥੇ ਟੀਚੇ ਮੁਤਾਬਿਕ 550 ਸਾਲਾ ਪ੍ਰਕਾਸ਼ ਪੁਰਬ ਤੋਂ ਪਹਿਲਾਂ ਮੁਕੰਮਲ ਕੀਤਾ ਜਾਵੇਗਾ। ਇਸ ਮੌਕੇ ਜ਼ਿਲਾ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਇਨ੍ਹਾਂ ਵਿਕਾਸ ਕਾਰਜਾਂ ਦੀ ਨਿਗਰਾਨੀ ਅਤੇ ਦੇਖ-ਰੇਖ ਕਰ ਰਹੇ ਹਲਕੇ ਦੇ ਸੀਨੀਅਰ ਕਾਂਗਰਸੀ ਨੁਮਾਇੰਦੇ ਸੁਖਦੀਪ ਸਿੰਘ ਸੁੱਖ ਤੇਜਾ, ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਭੁਪਿੰਦਰ ਸਿੰਘ ਅਤੇ ਵਿਭਾਗ ਦੇ ਹੋਰ ਵੀ ਅਧਿਕਾਰੀ ਸ਼ਾਮਲ ਸਨ।
ਫੌਜ 'ਚ ਭਰਤੀ ਹੋਣ ਆਏ ਨੌਜਵਾਨਾਂ 'ਤੇ ਡਿੱਗੀ PAP ਦੀ ਕੰਧ, ਕਈਆਂ ਨੂੰ ਪਿਆ ਕਰੰਟ (ਵੀਡੀਓ)
NEXT STORY