ਜਲੰਧਰ (ਸੁਨੀਲ) - ਫੌਜ 'ਚ ਭਰਤੀ ਹੋਣ ਲਈ ਵੱਖ-ਵੱਖ ਸ਼ਹਿਰਾਂ ਤੋਂ ਹਜ਼ਾਰਾਂ ਦੀ ਗਿਣਤੀ 'ਚ ਨੌਜਵਾਨ ਜਲੰਧਰ ਸ਼ਹਿਰ ਪਹੁੰਚ ਰਹੇ ਹਨ, ਜੋ ਸੜਕਾਂ ਅਤੇ ਚੌਂਕਾਂ 'ਤੇ ਰਹਿ ਰਹੇ ਹਨ। ਇਸ ਦੌਰਾਨ ਜ਼ਿਲਾ ਪ੍ਰਸ਼ਾਸਨ ਦੇ ਦਾਅਵਿਆ ਦੀ ਪੋਲ ਉਸ ਸਮੇਂ ਖੁੱਲ੍ਹ ਗਈ, ਜਦੋਂ ਪੀ.ਏ.ਪੀ. 'ਚ 20 ਦੇ ਕਰੀਬ ਨੌਜਵਾਨਾਂ 'ਤੇ ਕੰਧ ਡਿੱਗ ਗਈ ਅਤੇ ਦੂਜੇ ਪਾਸੇ ਬਿਜਲੀ ਦੀ ਤਾਰ ਵੀ। ਬਿਜਲੀ ਦੀ ਤਾਰ ਡਿੱਗਣ ਕਾਰਨ ਕੁਝ ਨੌਜਵਾਨਾਂ ਨੂੰ ਕਰੰਟ ਲੱਗ ਪਿਆ।

ਇਸ ਹਾਦਸੇ ਕਾਰਨ ਉਕਤ ਨੌਜਵਾਨ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। 20 ਨੌਜਵਾਨਾਂ 'ਚੋਂ 2 ਨੌਜਵਾਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੁੱਖ ਦੀ ਗੱਲ ਇਹ ਹੈ ਕਿ ਜਿਨ੍ਹਾਂ ਨੌਜਵਾਨਾਂ ਨੇ ਸਿਲੈਕਸ਼ਨ ਤੋਂ ਬਾਅਦ ਦੇਸ਼ ਦੀਆਂ ਸੀਮਾਵਾਂ 'ਤੇ ਪਹਿਰਾ ਦੇਣਾ ਹੈ, ਉਨ੍ਹਾਂ ਦੇ ਰਾਤ ਨੂੰ ਠਹਿਰਣ ਲਈ ਪ੍ਰਸ਼ਾਸਨ ਵਲੋਂ ਕੋਈ ਪ੍ਰਬੰਧ ਨਹੀਂ ਕੀਤਾ ਗਿਆ।

ਉਕਤ ਨੌਜਵਾਨ ਰਾਤ ਨੂੰ ਪੀਣ ਵਾਲੇ ਪਾਣੀ ਲਈ ਇਧਰ-ਉਧਰ ਭਟਕ ਰਹੇ ਹਨ ਅਤੇ ਮਜਬੂਰੀ 'ਚ ਸਾਰੀ ਰਾਤ ਸੜਕ 'ਤੇ ਸੌਂ ਕੇ ਗੁਜ਼ਾਰੀ। ਜਾਣਕਾਰੀ ਅਨੁਸਾਰ ਗੁਰਨਾਨਕਪੂਰਾ ਫਾਟਕ ਤੋਂ ਲਾਡੋਵਾਲੀ ਰੋਡ ਦੇ ਨਾਲ ਲੱਗਦੇ ਪੀ.ਏ.ਪੀ. ਦੇ ਮੈਦਾਨ 'ਚ ਨੌਜਵਾਨਾਂ ਦੇ ਫੌਜ 'ਚ ਭਰਤੀ ਹੋਣ ਦੀ ਪ੍ਰਕਿਰਿਆ ਚੱਲ ਰਹੀ ਹੈ, ਜਿਸ 'ਚ ਭਾਗ ਲਈ ਹਜ਼ਾਰਾਂ ਨੌਜਵਾਨ ਦੂਰ-ਦੂਰ ਤੋਂ ਆਏ ਹੋਏ ਹਨ।

ਜ਼ਿਕਰਯੋਗ ਹੈ ਕਿ ਸਵੇਰੇ 6.54 ਦੇ ਕਰੀਬ ਭਰਤੀ ਲਈ ਲਾਈਨ ਵਿਚ ਖੜ੍ਹੇ ਨੌਜਵਾਨਾਂ ’ਤੇ ਕੰਧ ਡਿੱਗ ਗਈ। ਲਪੇਟ ਵਿਚ ਆਏ ਨੌਜਵਾਨ ਜ਼ਖਮੀ ਹੋ ਗਏ। ਜ਼ਖਮੀ ਨੌਜਵਾਨਾਂ ਨੂੰ ਤੁਰੰਤ ਪੁਲਸ ਦੀ ਮਦਦ ਨਾਲ ਹਸਪਤਾਲ ਲਿਜਾਇਆ ਗਿਆ। ਪ੍ਰਸ਼ਾਸਨ ਹਾਦਸੇ ਦੇ ਕਾਰਣਾਂ ਦੀ ਜਾਂਚ ਕਰਨ ਵਿਚ ਲੱਗਾ ਹੋਇਆ ਹੈ। ਭਰਤੀ ਲਈ ਆਏ ਨੌਜਵਾਨਾਂ ਦਾ ਦੋਸ਼ ਸੀ ਕਿ ਪੁਲਸ ਵਲੋਂ ਉਨ੍ਹਾਂ ਦੀ ਮਦਦ ਦੀ ਥਾਂ ਉਨ੍ਹਾਂ ’ਤੇ ਲਾਠੀਚਾਰਜ ਕੀਤਾ ਗਿਆ।
ਸਰਹੱਦੀ ਖੇਤਰਾਂ 'ਚ ਰੋਜ਼ਾਨਾ 1 ਵਿਅਕਤੀ ਦੀ ਨਸ਼ੇ ਕਾਰਨ ਹੁੰਦੀ ਹੈ ਮੌਤ
NEXT STORY