ਬਟਾਲਾ (ਵਿਨੋਦ) : ਬੀਤੀ ਰਾਤ ਟਰੈਕਟਰ ਸਵਾਰ ਨੌਜਵਾਨ ਵਲੋਂ ਇੰਟਰਨੈਸ਼ਨਲ ਕਬੱਡੀ ਖਿਡਾਰੀ 'ਤੇ ਗੋਲੀਆਂ ਚਲਾ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ, ਜਿਸ 'ਤੇ ਥਾਣਾ ਘੁੰਮਣ ਕਲਾਂ ਦੀ ਪੁਲਸ ਨੇ ਕਾਰਵਾਈ ਕਰਦਿਆਂ ਟਰੈਕਟਰ ਸਵਾਰ ਨੌਜਵਾਨ ਅਤੇ ਉਸਦੇ ਭਰਾ ਵਿਰੁੱਧ ਕੇਸ ਦਰਜ ਕਰ ਲਿਆ ਹੈ। ਪੀੜਤ ਸੁਖਰਾਜ ਸਿੰਘ ਪੁੱਤਰ ਗੁਰਪਾਲ ਸਿੰਘ ਵਾਸੀ ਪਿੰਡ ਜੋੜਾ ਸਿੰਘਾ ਨੇ ਥਾਣਾ ਘੁੰਮਣ ਕਲਾਂ ਦੀ ਪੁਲਸ ਨੂੰ ਦੱਸਿਆ ਕਿ ਉਹ ਕਬੱਡੀ ਦਾ ਇੰਟਰਨੈਸ਼ਨਲ ਪੱਧਰ ਦਾ ਖਿਡਾਰੀ ਹੈ ਅਤੇ ਬੀਤੀ ਰਾਤ ਕਰੀਬ 8:30 ਵਜੇ ਉਹ ਸਕਾਰਪੀਓ ਗੱਡੀ ਪੀ. ਬੀ. 12. ਐੱਚ.7308 'ਤੇ ਸਵਾਰ ਹੋ ਕੇ ਗੁਰਕਮਲਜੀਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਜੌਹਲ ਨੰਗਲ ਨਾਲ ਪਿੰਡ ਗਾਦੜ੍ਹੀਆਂ ਤੋਂ ਪਿੰਡ ਵੱਲ ਜਾ ਰਿਹਾ ਸੀ ਤਾਂ ਰਸਤੇ ਵਿਚ ਦਲਬੀਰ ਸਿੰਘ, ਬਲਜੀਤ ਸਿੰਘ ਪੁੱਤਰਾਨ ਹਰਭਜਨ ਸਿੰਘ ਵਾਸੀ ਭਾਈ ਕਾ ਪਿੰਡ ਆਪਣੇ ਮਹਿੰਦਰਾ ਟਰੈਕਟਰ-575, ਜਿਸਦੇ ਮਗਰ ਤਵੀਆਂ ਵੀ ਲੱਗੀਆਂ ਹੋਈਆਂ ਸਨ, ਨੂੰ ਮੈਂ ਸਾਹਮਣਿਓਂ ਆਉਂਦਿਆਂ ਵੇਖ ਕੇ ਗੱਡੀ ਦੀਆਂ ਲਾਈਟਾਂ ਬੰਦ ਕਰ ਦਿੱਤੀਆਂ ਅਤੇ ਗੱਡੀ ਕਰਾਸ ਕਰਨ ਲਈ ਜਗ੍ਹਾ ਨਾ ਹੋਣ ਕਾਰਣ ਜਦ ਰਸਤੇ ਦੀ ਮੰਗ ਕੀਤੀ ਤਾਂ ਬਲਜੀਤ ਸਿੰਘ ਨੇ ਰਸਤਾ ਦੇਣ ਦੀ ਬਜਾਏ ਉਨ੍ਹਾਂ ਨਾਲ ਗਾਲੀ-ਗਲੋਚ ਕਰਨੀ ਸ਼ੁਰੂ ਕਰ ਦਿੱਤੀ।
ਉਸ ਦੱਸਿਆ ਕਿ ਜਦੋਂ ਉਨ੍ਹਾਂ ਬਲਜੀਤ ਸਿੰਘ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਟਰੈਕਟਰ 'ਤੇ ਹੀ ਨਾਲ ਬੈਠੇ ਬਲਜੀਤ ਸਿੰਘ ਦੇ ਭਰਾ ਦਲਬੀਰ ਸਿੰਘ ਨੇ ਟਰੈਕਟਰ ਨੂੰ ਸੜਕ ਵਿਚ ਹੀ ਬੰਦ ਕਰ ਦਿੱਤਾ ਅਤੇ ਪਿਸਟਲ ਕੱਢ ਕੇ ਸਾਡੇ 'ਤੇ ਫਾਇਰ ਕੀਤੇ, ਜਿਸ ਨਾਲ ਗੋਲੀਆਂ ਵੱਜਣ ਨਾਲ ਗੱਡੀ ਦਾ ਬੋਨਟ ਅਤੇ ਸਾਈਡ ਨੁਕਸਾਨੀ ਗਈ ਅਤੇ ਅਸੀਂ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਉਣ ਲਈ ਗੱਡੀ 'ਚੋਂ ਨਿਕਲ ਕੇ ਖੇਤਾਂ ਵੱਲ ਭੱਜੇ ਤਾਂ ਦਲਬੀਰ ਸਿੰਘ ਨੇ ਸਾਨੂੰ ਮਾਰ ਦੇਣ ਦੀ ਨੀਅਤ ਨਾਲ ਦੋ ਹੋਰ ਫਾਇਰ ਕੀਤੇ, ਜਿਸ ਨਾਲ ਮੈਂ ਜ਼ਖਮੀ ਹੋ ਗਿਆ। ਇਸ ਤੋਂ ਬਾਅਦ ਨਜ਼ਦੀਕੀ ਡੇਰਿਆਂ 'ਤੇ ਰਹਿਣ ਵਾਲੇ ਲੋਕ ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਬਾਹਰ ਗਏ ਤਾਂ ਉਕਤ ਵਿਅਕਤੀ ਉਨ੍ਹਾਂ ਦੀ ਗੱਡੀ ਦੀ ਚਾਬੀ ਅਤੇ ਗੱਡੀ 'ਚ ਪਿਆ ਮੋਬਾਇਲ ਲੈ ਗਏ ਅਤੇ ਆਪਣਾ ਟਰੈਕਟਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ। ਉਕਤ ਮਾਮਲੇ ਸਬੰਧੀ ਥਾਣਾ ਘੁੰਮਣ ਕਲਾਂ ਦੇ ਏ. ਐੱਸ. ਆਈ. ਗੁਰਮੁੱਖ ਸਿੰਘ ਨੇ ਸੁਖਰਾਜ ਸਿੰਘ ਦੇ ਬਿਆਨਾਂ ਅਨੁਸਾਰ ਦਲਬੀਰ ਸਿੰਘ ਅਤੇ ਬਲਜੀਤ ਸਿੰਘ ਵਿਰੁੱਧ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸੰਗਰੂਰ : ਸਕੂਲ 'ਚ ਪਿੰਡ ਭਾਈਕੀ ਦੇ ਸਰਪੰਚ ਨੇ ਬਣਵਾਇਆ 'ਇੰਡੀਆ ਗੇਟ' (ਵੀਡੀਓ)
NEXT STORY