ਬਟਾਲਾ, (ਮਠਾਰੂ) – ਬਟਾਲਾ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ਅਤੇ ਬਾਜ਼ਾਰਾਂ ਦੇ ਵਿਚ ਲੱਗਦਾ ਟ੍ਰੈਫਿਕ ਦਾ ਭਾਰੀ ਜਾਮ ਲੋਕਾਂ ਲਈ ਬਹੁਤ ਵੱਡੀ ਮੁਸੀਬਤ ਬਣਿਆ ਹੋਇਆ ਹੈ, ਜਿਸ ਕਰਕੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਤੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਉਂਕਿ ਰਾਹਗੀਰ ਲੰਮਾਂ ਸਮਾਂ ਇਸ ਟ੍ਰੈਫਿਕ ਜਾਮ 'ਚ ਫਸੇ ਰਹਿੰਦੇ ਹਨ ਤੇ ਵਾਹਨ ਚਾਲਕ ਬਿਨਾਂ ਕਿਸੇ ਡਰ ਦੇ ਆਪਣੀ ਮਨਮਰਜ਼ੀ ਨਾਲ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਇਸ ਟ੍ਰੈਫਿਕ ਜਾਮ ਵਿਚ ਵਾਧਾ ਕਰ ਰਹੇ ਹਨ ਜਦ ਕਿ ਟ੍ਰੈਫਿਕ ਪੁਲਸ ਆਵਾਜਾਈ ਨੂੰ ਨਿਰਵਿਗਨ ਬਹਾਲ ਰੱਖਣ ਵਿਚ ਪੂਰੀ ਤਰ੍ਹਾਂ ਫੇਲ ਸਾਬਿਤ ਹੋ ਰਹੀ ਹੈ। ਸੜਕਾਂ ਤੇ ਬਾਜ਼ਾਰਾਂ ਵਿਚ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਕਾਰਨ ਤੇ ਬੇ-ਤਰਤੀਬੇ ਢੰਗ ਦੇ ਨਾਲ ਸੜਕਾਂ ਵਿਚ ਖੜ੍ਹੇ ਕੀਤੇ ਵਾਹਨਾਂ ਕਾਰਨ ਹਰ ਰੋਜ਼ ਬਾਜ਼ਾਰਾਂ ਵਿਚ ਟ੍ਰੈਫਿਕ ਦਾ ਜਾਮ ਭਿਆਨਕ ਰੂਪ ਧਾਰਨ ਕਰ ਰਿਹਾ ਹੈ। ਇਸ ਸਥਿਤੀ ਨਾਲ ਨਿੱਜਠਣ ਲਈ ਪੁਲਸ ਵਿਭਾਗ , ਸਿਵਲ ਪ੍ਰਸ਼ਾਸਨ ਅਤੇ ਨਗਰ ਕੌਂਸਲ ਕਾਰਵਾਈ ਨਾ ਕਰਕੇ ਸਿਰਫ ਕੁੰਭਕਰਨੀ ਨੀਂਦ ਸੁੱਤੇ ਪਏ ਹਨ। ਸ਼ਹਿਰ ਦੇ ਗਾਂਧੀ ਚੌਕ, ਬੱਸ ਸਟੈਂਡ, ਜਲੰਧਰ ਰੋਡ ਚੌਕ, ਸਿਟੀ ਰੋਡ, ਡੇਰਾ ਬਾਬਾ ਨਾਨਕ ਰੋਡ, ਸਰਕੂਲਰ ਰੋਡ, ਸਿਨੇਮਾ ਰੋਡ, ਨਹਿਰੂ ਗੇਟ, ਖਜੂਰੀ ਗੇਟ, ਜਲੰਧਰ ਰੋਡ, ਹੰਸਲੀ ਪੁਲ ਸਮੇਤ ਹੋਰ ਸੜਕਾਂ ਅਤੇ ਬਾਜ਼ਾਰਾਂ ਵਿਚ ਅਕਸਰ ਹੀ ਟ੍ਰੈਫਿਕ ਦਾ ਜਾਮ ਵਾਲੇ ਹਾਲਾਤ ਬਣੇ ਰਹਿੰਦੇ ਹਨ। ਸ਼ਹਿਰ ਵਾਸੀਆਂ ਤੇ ਰਾਹਗੀਰਾਂ ਨੇ ਜ਼ਿਲਾ ਪੁਲਸ ਬਟਾਲਾ ਦੇ ਐੱਸ. ਐੱਸ. ਪੀ. ਉਪਿੰਦਰਜੀਤ ਸਿੰਘ ਘੁੰਮਣ ਤੇ ਐੱਸ. ਡੀ. ਐੱਮ. ਬਟਾਲਾ ਰੋਹਿਤ ਗੁਪਤਾ ਤੋਂ ਇਲਾਵਾ ਨਗਰ ਕੌਂਸਲ ਦੇ ਪ੍ਰਧਾਨ ਨਰੇਸ਼ ਮਹਾਜਨ ਤੇ ਕਾਰਜਸਾਧਕ ਅਫ਼ਸਰ ਮਨਮੋਹਨ ਸਿੰਘ ਰੰਧਾਵਾ ਕੋਲੋਂ ਮੰਗ ਕੀਤੀ ਹੈ ਕਿ ਪੁਲਸ ਤੇ ਸਿਵਲ ਪ੍ਰਸ਼ਾਸਨ ਮਿਲ ਕੇ ਨਗਰ ਕੌਂਸਲ ਦੇ ਨਾਲ ਇਕ ਸਾਂਝੀ ਮੁਹਿੰਮ ਚਲਾਵੇ ਤਾਂ ਜੋ ਟ੍ਰੈਫਿਕ ਜਾਮ ਤੋਂ ਮੁਕਤੀ ਦਵਾਈ ਜਾਵੇ।
ਸੀਵਰੇਜ ਜਾਮ ਦੇ ਕਾਰਨ ਜਾਨਲੇਵਾ ਬੀਮਾਰੀਆਂ ਦਾ ਸ਼ਿਕਾਰ ਹੋਣ ਲੱਗੇ ਲੋਕ
NEXT STORY