ਫਿਰੋਜ਼ਪੁਰ(ਕੁਮਾਰ)—ਫਿਰੋਜ਼ਪੁਰ ਸ਼ਹਿਰ ਦੀ ਬਸਤੀ ਭੱਟੀਆਂ ਵਾਲੀ ਦੇ ਵਿਹੜਾ ਬਾਨੋ 'ਚ ਸੁਭਾਸ਼ ਦਰੋਗਾ ਦੀ ਗਲੀ ਵਿਚ ਪਿਛਲੇ ਕਰੀਬ ਡੇਢ ਮਹੀਨੇ ਤੋਂ ਸੀਵਰੇਜ ਜਾਮ ਹੋਣ ਦੇ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਲੋਕ ਭਿਆਨਕ ਜਾਨਲੇਵਾ ਬੀਮਾਰੀਆਂ ਦਾ ਸਾਹਮਣਾ ਕਰ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਲੀਪ ਕੁਮਾਰ, ਸੰਦੀਪ ਕੁਮਾਰ ਅਤੇ ਰਾਜ ਕੁਮਾਰ ਨੇ ਦੱਸਿਆ ਕਿ ਵਾਰ-ਵਾਰ ਸੀਵਰੇਜ ਵਿਭਾਗ ਫਿਰੋਜ਼ਪੁਰ ਦੇ ਦਫਤਰ ਵਿਚ ਜਾ ਕੇ ਸ਼ਿਕਾਇਤ ਕਰਨ ਦੇ ਬਾਵਜੂਦ ਅੱਜ ਤੱਕ ਲੋਕਾਂ ਦੀ ਇਸ ਮੁਸ਼ਕਿਲ ਦਾ ਹੱਲ ਨਹੀਂ ਕੀਤਾ ਗਿਆ ਅਤੇ ਸੀਵਰੇਜ ਦੇ ਗੰਦੇ ਪਾਣੀ ਨਾਲ ਗਲੀ ਭਰ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਦੂਸ਼ਿਤ ਗੰਦੇ ਪਾਣੀ ਦੇ ਕਾਰਨ ਏਰੀਆ ਵਿਚ ਬਦਬੂ ਭਰ ਜਾਂਦੀ ਹੈ ਅਤੇ ਲੋਕ ਮਲੇਰੀਆ, ਡੇਂਗੂ, ਟਾਈਫਾਈਡ ਤੇ ਪੀਲੀਏ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਨੇ ਦੋਸ਼ ਲਾਉਂਦੇ ਕਿਹਾ ਕਿ ਨਾ ਤਾਂ ਸਾਨੂੰ ਸ਼ਿਕਾਇਤ ਦਾ ਕੋਈ ਰਜਿਸਟਰ ਨੰਬਰ ਦਿੱਤਾ ਜਾਂਦਾ ਹੈ ਤੇ ਨਾ ਹੀ ਅਧਿਕਾਰੀ ਸੀਵਰੇਜ ਸਿਸਟਮ ਨੂੰ ਚਾਲੂ ਕਰਨ ਦੇ ਲਈ ਕੋਈ ਕਾਰਵਾਈ ਕਰ ਰਹੇ ਹਨ। ਦਲੀਪ ਕੁਮਾਰ, ਸੰਦੀਪ ਕੁਮਾਰ ਅਤੇ ਰਾਜ ਕੁਮਾਰ ਨੇ ਦੱਸਿਆ ਕਿ ਗੰਦਗੀ ਦੇ ਕਾਰਨ ਇਕ ਹੀ ਪਰਿਵਾਰ ਦੇ ਚਾਰ ਮੈਂਬਰ ਪੀਲੀਏ ਅਤੇ ਡੇਂਗੂ ਦਾ ਸ਼ਿਕਾਰ ਹੋ ਗਏ ਹਨ, ਜਿਨਾਂ 'ਚੋਂ 2 ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਲਦ ਸੀਵਰੇਜ ਵਿਭਾਗ ਨੇ ਸੀਵਰੇਜ ਦੀ ਮੁਸ਼ਕਿਲ ਦਾ ਹੱਲ ਨਾ ਕੀਤਾ ਤਾਂ ਲੋਕ ਸੀਵਰੇਜ ਬੋਰਡ ਫਿਰੋਜ਼ਪੁਰ ਦੇ ਦਫਤਰ ਦਾ ਘੇਰਾਓ ਕਰਨ ਲਈ ਮਜਬੂਰ ਹੋਣਗੇ।
ਮੋਬਾਇਲਾਂ ਦੀ ਦੁਕਾਨ 'ਚੋਂ 70 ਹਜ਼ਾਰ ਰੁਪਏ ਦਾ ਸਾਮਾਨ ਚੋਰੀ
NEXT STORY