ਬਠਿੰਡਾ (ਵਰਮਾ) : ਕੇਂਦਰੀ ਜੇਲ 'ਚ ਮੋਬਾਇਲ ਅਤੇ ਨਸ਼ਾ ਮਿਲਣਾ ਲਗਾਤਾਰ ਜਾਰੀ ਹੈ, ਜਦਕਿ ਇਸ ਦੇ ਪਿੱਛੇ ਜੇਲ ਕਰਮਚਾਰੀ ਹੀ ਜ਼ਿੰਮੇਵਾਰ ਹਨ ਜੋ ਖਤਰਨਾਕ ਮੁਲਜ਼ਮਾਂ ਅਤੇ ਗੈਂਗਸਟਰਾਂ ਨਾਲ ਮਿਲੀਭੁਗਤ ਕਰ ਕੇ ਨਸ਼ਾ ਅਤੇ ਮੋਬਾਇਲ ਸਮੇਤ ਹੋਰ ਸਾਮਾਨ ਪਹੁੰਚਾਉਣ 'ਚ ਮਦਦ ਕਰਦੇ ਹਨ ਅਤੇ ਬਦਲੇ 'ਚ ਖੂਬ ਪੈਸੇ ਲੈਂਦੇ ਹਨ।
ਅਜਿਹਾ ਹੀ ਇਕ ਮਾਮਲਾ ਬਠਿੰਡਾ ਦੀ ਹਾਈ ਸਕਿਓਰਿਟੀ ਜੇਲ ਦਾ ਸਾਹਮਣੇ ਆਇਆ, ਜਿਸ 'ਚ ਜਲੰਧਰ ਦੇ ਗੈਂਗਸਟਰ ਨਵੀਨ ਸੈਣੀ ਉਰਫ ਚਿੰਟੂ ਨੂੰ ਮੋਬਾਇਲ ਅਤੇ ਪਾਵਰ ਬੈਂਕ ਪਹੁੰਚਾਉਣ ਦੇ ਬਦਲੇ 'ਚ ਜੇਲ ਦੇ ਸਬ-ਇੰਸਪੈਕਟਰ ਪਵਨ ਕੁਮਾਰ ਸ਼ਰਮਾ ਅਤੇ ਸਿਪਾਹੀ ਮਨਜਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ। ਜੇਲ ਸੁਪਰਡੈਂਟ ਵੱਲੋਂ ਥਾਣਾ ਕੈਂਟ ਪੁਲਸ ਨੂੰ ਦਿੱਤੀ ਗਈ ਸ਼ਿਕਾਇਤ 'ਚ ਦੋਸ਼ ਲਾਇਆ ਕਿ ਜੇਲ 'ਚ ਬੰਦ ਗੈਂਗਸਟਰ ਨਵੀਨ ਸੈਣੀ ਨੂੰ 20 ਹਜ਼ਾਰ ਦੇ ਬਦਲੇ 'ਚ ਮੋਬਾਇਲ ਅਤੇ ਪਾਵਰ ਬੈਂਕ ਸਪਲਾਈ ਕਰਦੇ ਦੋ ਮੁਲਾਜ਼ਮਾਂ ਨੂੰ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ। ਪੁਲਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਵਿਰੁੱਧ ਮਾਮਲਾ ਦਰਜ ਕੀਤਾ ਅਤੇ ਉਨ੍ਹਾਂ ਦਾ ਰਿਮਾਂਡ ਵੀ ਹਾਸਲ ਕੀਤਾ।
ਐੱਸ. ਐੱਸ. ਪੀ. ਬਠਿੰਡਾ ਡਾ. ਨਾਨਕ ਸਿੰਘ ਨੇ ਤੁਰੰਤ ਕਾਰਵਾਈ ਕਰਦਿਆਂ ਦੋਵੇਂ ਜੇਲ ਕਰਮਚਾਰੀਆਂ ਨੂੰ ਨੌਕਰੀ ਤੋਂ ਡਿਸਮਿਸ ਕਰ ਦਿੱਤਾ। ਫੜੇ ਗਏ ਸਿਪਾਹੀ ਮਨਜਿੰਦਰ ਸਿੰਘ ਵਾਸੀ ਚੁੱਘੇ ਕਲਾਂ ਨੇ ਆਪਣਾ ਜੁਰਮ ਕਬੂਲ ਕੀਤਾ ਅਤੇ ਪੁਲਸ ਨੂੰ ਦੱਸਿਆ ਕਿ ਉਸ ਨੇ 20 ਹਜ਼ਾਰ ਰੁਪਏ ਦੇ ਬਦਲੇ 'ਚ ਮੋਬਾਇਲ ਅਤੇ ਪਾਵਰ ਬੈਂਕ ਬੱਸ ਸਟੈਂਡ ਤੋਂ ਇਕ ਵਿਅਕਤੀ ਤੋਂ ਹਾਸਲ ਕੀਤਾ ਸੀ, ਜਦਕਿ ਉਸ ਨੂੰ 5 ਹਜ਼ਾਰ ਰੁਪਏ ਮੌਕੇ 'ਤੇ ਹੀ ਦਿੱਤੇ ਗਏ 15 ਹਜ਼ਾਰ ਬਾਅਦ ਵਿਚ ਦੇਣ ਦਾ ਵਾਅਦਾ ਕੀਤਾ। ਉਸ ਨੇ ਪੁਲਸ ਨੂੰ ਦੱਸਿਆ ਕਿ ਇਸ ਦੀ ਜਾਣਕਾਰੀ ਸਬ-ਇੰਸਪੈਕਟਰ ਪਵਨ ਕੁਮਾਰ ਸ਼ਰਮਾ ਨੂੰ ਸੀ ਅਤੇ 8 ਨਵੰਬਰ ਨੂੰ ਜਿਵੇਂ ਹੀ ਉਹ ਮੋਬਾਇਲ ਦੇਣ ਜੇਲ 'ਚ ਗਏ ਉਦੋਂ ਹੀ ਉਥੇ ਮੌਜੂਦ ਵਾਰਡਨ ਜਗਸੀਰ ਸਿੰਘ ਨੇ ਦੋਵਾਂ ਨੂੰ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ।
ਜੇਲ 'ਚੋਂ ਫਿਰੌਤੀ ਲਈ ਗੈਂਗਸਟਰ ਉਪਯੋਗ ਕਰ ਚੁੱਕੇ ਹਨ ਮੋਬਾਇਲ
ਜੇਲਾਂ 'ਚ ਸੁਰੱਖਿਆ ਅਤੇ ਕੈਦੀਆਂ 'ਤੇ ਨਜ਼ਰ ਰੱਖਣ ਲਈ ਪੰਜਾਬ ਸਰਕਾਰ ਵੱਲੋਂ ਹਾਈ ਸਕਿਓਰਿਟੀ ਜੇਲ ਬਠਿੰਡਾ ਅਤੇ ਕਪੂਰਥਲਾ 'ਚ ਬਣਾਈ ਗਈ ਪਰ ਬਾਵਜੂਦ ਇਸ ਦੇ ਜੇਲਾਂ 'ਚ ਨਸ਼ਾ ਅਤੇ ਮੋਬਾਇਲ ਮਿਲਣਾ ਆਮ ਗੱਲ ਹੈ। ਜੇਲ ਵਿਭਾਗ ਨੇ ਨਾਭਾ ਦੀ ਹਾਈ ਸਕਿਓਰਿਟੀ ਜੇਲ ਤੋਂ ਵੀ ਸਬਕ ਨਹੀਂ ਲਿਆ ਜਿਥੇ ਖਤਰਨਾਕ ਗੈਂਗਸਟਰ ਵਿੱਕੀ ਗੌਂਡਰ, ਗੁਰਪ੍ਰੀਤ ਸੇਖੋਂ, ਪਰਮਿੰਦਰ ਸਿੰਘ ਮਿੰਟੂ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਨੂੰ ਕੁਝ ਲੋਕ ਛੁਡਾ ਕੇ ਲੈ ਗਏ ਸੀ। 5 ਮਈ 2019 'ਚ ਜੇਲ ਦੀ ਤਲਾਸ਼ੀ ਦੌਰਾਨ ਗੈਂਗਸਟਰ ਗੁਰਵਿੰਦਰ ਸਿੰਘ ਗਿੰਦਾ ਵਾਸੀ ਕਮਾਲ ਵਾਲਾ ਫਾਜ਼ਿਲਕਾ ਤੋਂ 2 ਮੋਬਾਇਲ ਬਰਾਮਦ ਕੀਤੇ ਗਏ ਸੀ। ਗੁਲਾਬਗੜ੍ਹ ਐਨਕਾਊਂਟਰ 'ਚ ਫੜੇ ਗਏ ਗੈਂਗਸਟਰ ਗੁਰਵਿੰਦਰ ਗਿੰਦਾ, ਹਰਵਿੰਦਰ ਭਿੰਦਾ, ਜਗਸੀਰ ਸਿੰਘ ਜੱਗਾ, ਅਮ੍ਰਿਤਪਾਲ ਖਿਲਾਫ 14 ਅਪ੍ਰੈਲ ਨੂੰ ਜੇਲ ਤੋਂ ਮੋਬਾਇਲ ਦੁਆਰਾ ਗੰਗਾਨਗਰ ਦੇ ਵਪਾਰੀ ਤੋਂ 25 ਲੱਖ ਰੁਪਏ ਦੀ ਫਿਰੌਤੀ ਗੈਂਗਸਟਰ ਜੈਪਾਲ ਦੇ ਨਾਂ 'ਤੇ ਮੰਗੀ ਗਈ ਸੀ। ਇਸ ਸਬੰਧੀ ਇਨ੍ਹਾਂ ਗੈਂਗਸਟਰਾਂ ਦੇ ਵਿਰੁੱਧ ਮਾਮਲਾ ਵੀ ਦਰਜ ਕੀਤਾ ਗਿਆ ਸੀ। ਹੈਰਾਨੀ ਦੀ ਗੱਲ ਹੈ ਕਿ ਪੁਲਸ ਨੇ ਜੇਲ ਦੀ ਤਲਾਸ਼ੀ ਵੀ ਲਈ ਪਰ ਇਨ੍ਹਾਂ ਗੈਂਗਸਟਰਾਂ ਤੋਂ ਉਹ ਮੋਬਾਇਲ ਬਰਾਮਦ ਨਹੀਂ ਕਰ ਸਕੀ। ਇਕ ਮਹੀਨੇ ਬਾਅਦ ਗੁਰਵਿੰਦਰ ਸਿੰਘ ਗਿੰਦਾ ਤੋਂ 2 ਮੋਬਾਇਲ ਬਰਾਮਦ ਕੀਤੇ ਗਏ, ਜਿਸ ਨੂੰ ਉਨ੍ਹਾਂ ਨੇ ਪੱਖੇ 'ਚ ਲੁਕੋਇਆ ਹੋਇਆ ਸੀ। ਮਾਮਲਾ ਉਸ ਵੇਲੇ ਸਾਹਮਣੇ ਆਇਆ ਸੀ ਜਦੋਂ ਗੰਗਾਨਗਰ ਦੇ ਵਪਾਰੀ ਰਿੱਧੀ ਸਿੱਧੀ ਦੇ ਮਾਲਕ ਰਜਤ ਸਿਡਾਨਾ ਤੋਂ ਅੰਤਰਾਸ਼ਟਰੀ ਕਾਲ ਰਾਹੀਂ ਫਿਰੌਤੀ ਮੰਗੀ ਗਈ ਸੀ। ਪੀੜਤ ਨੇ ਇਸ ਦੀ ਸ਼ਿਕਾਇਤ ਗੰਗਾਨਗਰ ਪੁਲਸ ਨੂੰ ਦਿੱਤੀ ਸੀ ਤਾਂ ਉਨ੍ਹਾਂ ਬਠਿੰਡਾ ਪੁਲਸ ਨਾਲ ਤਾਲਮੇਲ ਕਰ ਕੇ ਅਮ੍ਰਿਤਪਾਲ ਭਾਟੀ ਉਸ ਵੇਲੇ ਦੇ ਸੀ. ਆਈ. ਏ. ਪ੍ਰਮੁੱਖ ਨੇ ਜੇਲ 'ਚ ਛਾਪੇਮਾਰੀ ਕੀਤੀ ਤਾਂ ਗਿੰਦਾ ਤੋਂ 2 ਮੋਬਾਇਲ ਬਰਾਮਦ ਕੀਤੇ ਸੀ। ਇਸ ਮਾਮਲੇ 'ਚ ਅਮ੍ਰਿਤਪਾਲ ਅਤੇ ਗੁਰਵਿੰਦਰ ਗਿੰਦਾ ਨੂੰ ਨਾਮਜ਼ਦ ਕੀਤਾ ਸੀ।
ਕਰਤਾਰਪੁਰ ਲਾਂਘੇ ਦਾ ਸਿੱਧੂ ਨੇ ਕ੍ਰੇਡਿਟ ਲੈਣ ਤੋਂ ਕੀਤਾ ਇਨਕਾਰ (ਵੀਡੀਓ)
NEXT STORY