ਬਠਿੰਡਾ (ਕੁਨਾਲ, ਵਰਮਾ) - ਦੁਨੀਆ ਭਰ ’ਚ ਦਹਿਸ਼ਤ ਫੈਲਾਉਣ ਵਾਲੇ ਕੋਰੋਨਾ ਵਾਇਰਸ ਨੇ ਹੁਣ ਬਠਿੰਡਾ ’ਚ ਵੀ ਦਸਤਕ ਦੇ ਦਿੱਤੀ ਹੈ। ਸਿਵਲ ਹਸਪਤਾਲ ਬਠਿੰਡਾ ’ਚ ਵੀਰਵਾਰ ਦੁਪਹਿਰ ਨੂੰ ਇਕ ਸ਼ੱਕੀ ਮਰੀਜ਼ ਨੂੰ ਦਾਖਲ ਕੀਤਾ ਗਿਆ, ਜਿਸ ਨੂੰ ਵਿਸ਼ੇਸ਼ ਨਿਗਰਾਨੀ ਵਜੋਂ ਆਈਸੋਲੇਸ਼ਨ ਵਾਰਡ ’ਚ ਰੱਖਿਆ ਗਿਆ। ਐਮਰਜੈਂਸੀ ’ਚ ਤਾਇਨਾਤ ਡਾ. ਗੁਰਮੇਲ ਦੇ ਅਨੁਸਾਰ ਉਕਤ ਮਰੀਜ਼ 2 ਦਿਨ ਪਹਿਲਾਂ ਓ. ਪੀ. ਡੀ. ’ਚ ਖਾਂਸੀ, ਜ਼ੁਕਾਮ ਦੀ ਦਵਾਈ ਲੈਣ ਆਇਆ ਸੀ ਪਰ ਉਸ ਦੇ ਬਾਅਦ ਉਸ ਨੂੰ ਤੇਜ਼ ਬੁਖਾਰ ਹੋਇਆ ਤਾਂ ਉਸ ਨੂੰ ਹਸਪਤਾਲ ਦੇ ਵਿਸ਼ੇਸ਼ ਵਾਰਡ ’ਚ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਰੋਗੀ ਦਾ ਟੈਸਟ ਦਿੱਲੀ ਏਮਜ਼ ਹਸਪਤਾਲ ’ਚ ਜਾਂਚ ਲਈ ਭੇਜਿਆ ਗਿਆ ਹੈ, ਜਿਸ ਦੀ ਰਿਪੋਰਟ 2-3 ਦਿਨਾਂ ’ਚ ਆਉਣ ਦੀ ਸੰਭਾਵਨਾ ਹੈ।
ਜਾਣਕਾਰੀ ਅਨੁਸਾਰ ਪਿੰਡ ਸੇਮਾ ਦਾ ਰਹਿਣ ਵਾਲਾ ਇਹ ਨੌਜਵਾਨ ਕੁਝ ਦਿਨ ਪਹਿਲਾਂ ਹੀ ਮਲੇਸ਼ੀਆ ਤੋਂ ਵਾਪਸ ਆਇਆ ਸੀ, ਜਿਸ ’ਤੇ ਉਸ ਦਿਨ ਤੋਂ ਹੀ ਨਜ਼ਰ ਰੱਖੀ ਜਾ ਰਹੀ ਸੀ। ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਦੇ ਆਉਣ ਨਾਲ ਸਿਹਤ ਵਿਭਾਗ ’ਚ ਹੜਕੰਪ ਮਚ ਗਿਆ। ਉਕਤ ਸ਼ੱਕੀ ਦੇ ਸੰਪਰਕ ’ਚ ਆਉਣ ਵਾਲੇ ਸਾਰੇ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ। ਰਿਪੋਰਟ ਆਉਣ ਦੇ ਬਾਅਦ ਹੀ ਪੁਸ਼ਟੀ ਹੋਵੇਗੀ ਕਿ ਉਸ ਨੂੰ ਕੋਰੋਨਾ ਵਾਇਰਸ ਹੈ ਜਾਂ ਨਹੀਂ।
ਵਿਦੇਸ਼ਾਂ ਤੋਂ ਆਉਣ ਵਾਲੇ 190 ਲੋਕਾਂ ’ਤੇ ਰੱਖੀ ਜਾ ਰਹੀ ਨਜ਼ਰ
ਸਿਵਲ ਹਸਪਤਾਲ ਦੇ ਸੀ. ਐੱਮ. ਓ. ਅਨੁਸਾਰ ਵਿਦੇਸ਼ਾਂ ਤੋਂ ਆਉਣ ਵਾਲੇ 190 ਲੋਕਾਂ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ, ਜਦਕਿ 150 ਇਸ ਤਰ੍ਹਾਂ ਦੇ ਲੋਕ ਹਨ ਜਿਨ੍ਹਾਂ ’ਚ ਇਸ ਦੇ ਕੋਈ ਲੱਛਣ ਨਜ਼ਰ ਨਹੀਂ ਆਏ । 40 ਹੋਰ ਲੋਕਾਂ ਦੇ ਸੈਂਪਲ ਟੈਸਟ ਲਈ ਦਿੱਲੀ ਤੇ ਪੁਣੇ ਭੇਜੇ ਗਏ ਹਨ ਜਿਨ੍ਹਾਂ ਦੀ ਰਿਪੋਰਟ ਆਉਣੀ ਬਾਕੀ ਹੈ। ਬਠਿੰਡਾ ਸਿਵਲ ਹਪਸਤਾਲ ’ਚ ਕੋਰੋਨਾ ਵਾਇਰਸ ਲਈ ਵੱਖ ਤਰ੍ਹਾਂ ਦੇ 8 ਬਿਸਤਰਿਆਂ ਵਾਲਾ ਆਈਸੋਲੇਸ਼ਨ ਵਾਰਡ ਤਿਆਰ ਕੀਤਾ ਗਿਆ ਹੈ ਤੇ ਇਸ ਦੇ ਲਈ ਵੱਖ ਤਰ੍ਹਾਂ ਦੀ ਟੀਮ ਵੀ ਤਾਇਨਾਤ ਕੀਤੀ ਗਈ ਹੈ। ਉਕਤ ਸ਼ੱਕੀ ਰੋਗੀ ’ਤੇ ਵਿਸ਼ੇਸ਼ ਟੀਮ ਲਗਾਤਾਰ ਨਜ਼ਰ ਰੱਖੇ ਹੋਏ ਹਨ ਤੇ ਉਸ ਦੀਆਂ ਹਰੇਕ ਗਤੀਵਿਧੀਆਂ ਨੂੰ ਨੋਟ ਕੀਤਾ ਜਾ ਰਿਹਾ ਹੈ।
ਨੌਜਵਾਨਾਂ ਲਈ ਮਿਸਾਲ ਬਣੀ 104 ਸਾਲਾ ਬੇਬੇ ਮਾਨ ਕੌਰ, ਰਾਸ਼ਟਰਪਤੀ ਕਰਨਗੇ ਸਨਮਾਨਿਤ
NEXT STORY