ਬਠਿੰਡਾ: ਪੰਜਾਬ ਵਿਚ 19 ਮਈ ਨੂੰ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਅਕਾਲੀ ਦਲ-ਭਾਜਪਾ ਗੱਠਜੋੜ ਇਨ੍ਹਾਂ ਨੂੰ ਕਿਵੇਂ ਵੇਖਦਾ ਹੈ, ਇਸ 'ਤੇ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਰਾਜਸਭਾ ਮੈਂਬਰ ਨਰੇਸ਼ ਗੁਜਰਾਲ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਇਸ ਵਾਰ ਵੀ ਐੱਨ. ਡੀ. ਏ. ਦੀ ਸਰਕਾਰ ਬਣੇਗੀ। ਦੇਸ਼ ਦੇ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਉਨ੍ਹਾਂ ਨੂੰ ਸਥਿਰ ਸਰਕਾਰ ਚਾਹੀਦੀ ਹੈ ਅਤੇ ਮਜ਼ਬੂਤ ਪ੍ਰਧਾਨ ਮੰਤਰੀ ਚਾਹੀਦਾ ਹੈ। ਇਸ ਲਈ ਉਹ ਮੋਦੀ ਨੂੰ ਵੋਟ ਪਾ ਰਹੇ ਹਨ। ਪੰਜਾਬ ਵਿਚ ਕਾਂਗਰਸ ਦੀ ਸਰਕਾਰ ਹੈ। ਵੋਟਾਂ ਪੈਣ ਦੌਰਾਨ ਇਥੇ ਧਾਂਦਲੀ (ਧੱਕੇਸ਼ਾਹੀ) ਹੋਣ ਦਾ ਖਦਸ਼ਾ ਹੈ। ਪੰਜਾਬ ਦੇ ਬਠਿੰਡਾ, ਫਿਰੋਜ਼ਪੁਰ, ਪਟਿਆਲਾ ਅਤੇ ਗੁਰਦਾਸਪੁਰ ਵਿਚ ਚੋਣਾਂ ਦੌਰਾਨ ਧੱਕੇਸ਼ਾਹੀ ਅਤੇ ਧਾਂਦਲੀ ਹੋਵੇਗੀ। ਇਸ ਲਈ ਮੈਂ ਭਾਰਤ ਦੇ ਚੋਣ ਕਮਿਸ਼ਨ ਨੂੰ ਲਿਖ ਕੇ ਦਿੱਤਾ ਹੈ ਕਿ ਇਨ੍ਹਾਂ ਚਾਰਾਂ ਲੋਕ ਸਭਾ ਹਲਕਿਆਂ ਨੂੰ ਨਾਜ਼ੁਕ ਐਲਾਨਦੇ ਹੋਏ ਇਥੇ ਸਪੈਸ਼ਲ ਆਬਜ਼ਰਵਰ ਭੇਜੇ ਜਾਣ। ਇਥੇ ਸੈਂਟਰ ਤੋਂ ਫੋਰਸ ਸੱਦ ਕੇ ਤਾਇਨਾਤ ਕੀਤੀ ਜਾਵੇ। ਚੋਣ ਕਮਿਸ਼ਨ ਨੇ ਪੰਜਾਬ 'ਚ ਆਜ਼ਾਦ ਤੇ ਨਿਰਪੱਖ ਚੋਣਾਂ ਕਰਵਾਉਣ ਦਾ ਭਰੋਸਾ ਦਿੱਤਾ ਹੈ। 'ਜਗ ਬਾਣੀ' ਟੀ. ਵੀ. ਦੇ ਪ੍ਰਤੀਨਿਧੀ ਰਮਨਜੀਤ ਸਿੰਘ ਸੋਢੀ ਨੇ ਉਨ੍ਹਾਂ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਕੁਝ ਅੰਸ਼ :-
ਪ੍ਰ : ਪੰਜਾਬ ਵਿਚ ਕਿਸ ਤਰ੍ਹਾਂ ਦੀ ਤਸਵੀਰ ਵੇਖਦੇ ਹੋ?
ਉ : ਪੰਜਾਬ ਦੇ ਹਾਲਾਤ ਤੇਜ਼ੀ ਨਾਲ ਬਦਲ ਰਹੇ ਹਨ। ਪੰਜਾਬ ਵਿਚ 13 ਸੀਟਾਂ ਹਨ ਅਤੇ ਬਹੁਮਤ ਗੱਠਜੋੜ ਦੇ ਕੋਲ ਹੋਵੇਗਾ।
ਪ੍ਰ : ਪਿਛਲੇ ਸਮੇਂ ਦੌਰਾਨ ਬੇਅਦਬੀ ਦੇ ਮਾਮਲਿਆਂ ਵਿਚ ਅਕਾਲੀ ਦਲ ਨੂੰ ਨੁਕਸਾਨ ਹੋਇਆ?
ਉ : ਵਿਧਾਨ ਸਭਾ ਚੋਣਾਂ ਦੌਰਾਨ ਸਾਨੂੰ ਇਸਦਾ ਬੜਾ ਨੁਕਸਾਨ ਹੋਇਆ ਪਰ ਇਸਦਾ ਰਿਵਾਈਵ ਬੜੀ ਤੇਜ਼ੀ ਨਾਲ ਹੋਇਆ। ਇਕ ਤਾਂ ਜਨਤਾ ਨੂੰ ਸਮਝ ਆ ਗਈ ਕਿ ਅਕਾਲੀ ਦਲ 'ਤੇ ਗਲਤ ਦੋਸ਼ ਲਗਾਏ ਗਏ ਸਨ। ਦੂਸਰਾ ਕੈਪਟਨ ਸਰਕਾਰ ਨੇ ਢਾਈ ਸਾਲਾਂ ਵਿਚ ਕੁਝ ਨਹੀਂ ਕੀਤਾ।
ਪ੍ਰ : ਈ. ਵੀ. ਐੱਮ. ਨੂੰ ਲੈ ਕੇ ਧਾਂਦਲੀ ਹੋ ਸਕਦੀ ਹੈ?
ਉ : ਰਾਹੁਲ ਗਾਂਧੀ ਨੇ ਈ. ਵੀ. ਐੱਮ. ਦੀ ਗੱਲ ਐੱਮ. ਪੀ., ਰਾਜਸਥਾਨ ਤੇ ਛੱਤੀਸਗੜ੍ਹ ਵਿਚ ਕੀਤੀ। ਜਿਥੇ ਜਿੱਤ ਜਾਓ ਉਥੇ ਈ. ਵੀ. ਐੱਮ. ਠੀਕ, ਜਿਥੇ ਹਾਰ ਜਾਓ ਉਥੇ ਈ. ਵੀ. ਐੱਮ. ਨੂੰ ਬਲੇਮ ਕਰ ਦਿਓ।
ਪ੍ਰ : ਇਲੈਕਸ਼ਨ ਕਮਿਸ਼ਨ ਅੰਡਰ ਪ੍ਰੈਸ਼ਰ ਹੈ?
ਉ : ਇਹ ਨਵੀਂ ਗੱਲ ਨਹੀਂ। ਇਤਿਹਾਸ ਵੇਖ ਲਓ, ਹਰ ਵਾਰ ਵਿਰੋਧੀ ਧਿਰ ਕਲੇਮ ਕਰਦੀ ਹੈ ਕਿ ਸਰਕਾਰਾਂ ਨੂੰ ਇਲੈਕਸ਼ਨ ਕਮਿਸ਼ਨ ਫੇਵਰ ਕਰਦਾ ਹੈ ਪਰ ਮੈਨੂੰ ਪਤਾ ਹੈ ਕਿ ਭਾਰਤ ਦਾ ਇਲੈਕਸ਼ਨ ਕਮਿਸ਼ਨ ਆਜ਼ਾਦ ਹੈ। ਇਸ ਵਿਚ ਸ਼ਰੀਫ ਅਧਿਕਾਰੀ ਬੈਠੇ ਹਨ।
ਪ੍ਰ : ਸੁਖਬੀਰ ਬਾਦਲ ਨੂੰ ਚੋਣ ਲੜਨ ਦੀ ਜ਼ਰੂਰਤ ਕਿਉਂ ਪਈ?
ਉ : ਪੰਜਾਬ ਵਿਚ ਵਿਰੋਧੀ ਪਾਰਟੀਆਂ ਅਤੇ ਟਕਸਾਲੀ ਰੌਲਾ ਪਾ ਰਹੇ ਸਨ ਕਿ ਅਕਾਲੀ ਦਲ ਖਤਮ ਹੋ ਗਿਆ ਹੈ, ਇਸ ਲਈ ਸੁਖਬੀਰ ਪਾਰਟੀ ਦੇ ਜਰਨੈਲ ਬਣ ਕੇ ਸਾਹਮਣੇ ਆਏ। ਇਹ ਵੀ ਰੌਲਾ ਪਾਇਆ ਜਾ ਰਿਹਾ ਸੀ ਕਿ ਹਰਸਿਮਰਤ ਕੌਰ ਇਸ ਵਾਰ ਭੱਜ ਜਾਵੇਗੀ ਅਤੇ ਬਠਿੰਡੇ ਤੋਂ ਚੋਣ ਨਹੀਂ ਲੜੇਗੀ ਪਰ ਉਹ ਬਠਿੰਡੇ ਤੋਂ ਚੋਣ ਲੜ ਰਹੀ ਹੈ, ਜਦਕਿ ਸੁਖਬੀਰ ਖੁਦ ਫਿਰੋਜ਼ਪੁਰ ਵਿਚ ਚੋਣ ਲੜ ਰਹੇ ਹਨ। ਬਠਿੰਡਾ ਵਿਚ ਇਸ ਵੇਲੇ ਸਖ਼ਤ ਮੁਕਾਬਲਾ ਹੈ ਪਰ ਫਿਰ ਵੀ ਸਾਡਾ ਇਕ ਲੱਖ ਦਾ ਮਾਰਜਨ ਹੋਵੇਗਾ।
ਪ੍ਰ: ਪੰਜਾਬ ਵਿਚ ਕੈਪਟਨ ਸਰਕਾਰ ਦੀ ਕੀ ਪ੍ਰਫਾਰਮੈਂਸ ਹੈ?
ਉ : ਆਪਣੇ ਦੋ ਸਾਲਾਂ ਦੇ ਕਾਰਜਕਾਲ ਵਿਚ ਕੈਪਟਨ ਸਰਕਾਰ ਇਕ ਵੀ ਵਾਅਦਾ ਪੂਰਾ ਨਹੀਂ ਕਰ ਸਕੀ। ਮੁੱਖ ਮੰਤਰੀ ਨੇ ਕਿਹਾ ਸੀ ਕਿ ਪੰਜਾਬ ਵਿਚੋਂ 4 ਹਫਤਿਆਂ ਵਿਚ ਨਸ਼ੇ ਨੂੰ ਖਤਮ ਕਰ ਦਿੱਤਾ ਜਾਵੇਗਾ, ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਜਾਵੇਗਾ ਪਰ ਅਜਿਹਾ ਕੁਝ ਨਹੀਂ ਹੋਇਆ। ਉਲਟਾ ਅਕਾਲੀ-ਭਾਜਪਾ ਸਰਕਾਰ ਵੇਲੇ ਸ਼ੁਰੂ ਕੀਤੀ ਗਈ ਸ਼ਗਨ ਸਕੀਮ ਤੇ ਆਟਾ-ਦਾਲ ਸਕੀਮ ਵੀ ਬੰਦ ਕਰ ਦਿੱਤੀ।
ਪ੍ਰ : ਪ੍ਰਧਾਨ ਮੰਤਰੀ ਮੋਦੀ ਤੋਂ ਦੇਸ਼ ਵਾਸੀ ਖੁਸ਼ ਹਨ?
ਉ : ਸ਼ੁਰੂ ਵਿਚ ਲੋਕ ਜ਼ਰੂਰ ਨਾਰਾਜ਼ ਸਨ ਪਰ ਜਦੋਂ ਜੀ. ਐੱਸ. ਟੀ. ਨੂੰ ਆਸਾਨ ਕਰ ਦਿੱਤਾ ਗਿਆ ਉਦੋਂ ਤੋਂ ਲੋਕਾਂ ਦੀ ਨਾਰਾਜ਼ਗੀ ਵੀ ਦੂਰ ਹੋ ਗਈ।
ਪ੍ਰ : ਮੋਦੀ 'ਤੇ ਦੋਸ਼ ਹੈ ਕਿ ਫੌਜ ਨੂੰ ਘਰ ਦੀ ਫੌਜ ਬਣਾ ਕੇ ਰੱਖਿਆ ਹੋਇਆ ਹੈ?
ਉ : ਚੋਣਾਂ ਵਿਚ ਵਿਰੋਧੀ ਪਾਰਟੀਆਂ ਅਜਿਹੇ ਦੋਸ਼ ਲਗਾਉਂਦੀਆਂ ਰਹਿੰਦੀਆਂ ਹਨ ਪਰ ਇਨ੍ਹਾਂ ਨੂੰ ਸੀਰੀਅਸ ਨਹੀਂ ਲੈਣਾ ਚਾਹੀਦਾ। ਭਾਜਪਾ ਇਸ ਦਾ ਕ੍ਰੈਡਿਟ ਨਹੀਂ ਲੈ ਰਹੀ।
ਪ੍ਰ : ਮਨਮੋਹਨ ਸਿੰਘ ਦੀ ਕਾਰਗੁਜ਼ਾਰੀ ਨੂੰ ਕਿਵੇਂ ਵੇਖਦੇ ਹੋ?
ਉ : ਮਨਮੋਹਨ ਸਰਕਾਰ ਵੇਲੇ ਇਕਨਾਮਿਕ ਢਾਂਚੇ ਨੂੰ ਡੀਰੇਲ ਕਰ ਦਿੱਤਾ ਗਿਆ। ਸਾਰੀਆਂ ਬੈਂਕਾਂ ਲੁੱਟੀਆਂ ਗਈਆਂ। ਵੱਡੇ ਪੱਧਰ 'ਤੇ ਕਰਜ਼ੇ ਦੇਣ ਲਈ ਬੈਂਕਾਂ ਵਿਚ ਦਿੱਲੀ ਨੂੰ ਫੋਨ ਜਾਂਦਾ ਸੀ।
ਪ੍ਰ : ਮੋਦੀ ਦੀ ਪੰਜਾਬ ਨੂੰ ਵੱਡੀ ਦੇਣ ਕੀ ਹੈ?
ਉ : ਮੋਦੀ ਸਰਕਾਰ ਨੇ ਪੰਜਾਬ ਨੂੰ ਏਮਜ਼ ਦਿੱਤਾ। ਇਸ ਤੋਂ ਇਲਾਵਾ ਕੈਂਸਰ ਹਸਪਤਾਲ, ਆਈ. ਆਈ. ਐੱਮ., ਸੜਕਾਂ ਦਾ ਜਾਲ , ਫੂਡ ਪ੍ਰੋਸੈਸਿੰਗ ਪਾਰਕ ਆਦਿ ਦਿੱਤੇ।
ਪ੍ਰ : ਮੋਦੀ ਸਰਕਾਰ ਵੇਲੇ ਕੀ ਕਿਸਾਨਾਂ ਨੂੰ ਕੋਈ ਰਾਹਤ ਮਿਲੀ?
ਉ : ਮੋਦੀ ਸਰਕਾਰ ਦੀਆਂ ਕੋਸ਼ਿਸ਼ਾਂ ਨਾਲ ਅਗਲੇ ਸਾਲ ਤੱਕ ਸਵਾਮੀਨਾਥਨ ਰਿਪੋਰਟ ਲਾਗੂ ਹੋ ਜਾਵੇਗੀ।
ਪ੍ਰ : ਸ਼ਿਅਦ-ਭਾਜਪਾ ਦੇ ਰਿਸ਼ਤਿਆਂ ਦੀਆਂ ਖਾਮੀਆਂ 'ਤੇ ਬੋਲਣਾ ਤੁਹਾਡਾ ਨਿੱਜੀ ਵਿਚਾਰ ਸੀ ਜਾਂ ਪਾਰਟੀ ਦੇ ਕਹਿਣ 'ਤੇ ਬੋਲਦੇ ਰਹੇ?
ਉ : ਮੈਂ ਅਕਾਲੀ ਦਲ ਦਾ ਬੁਲਾਰਾ ਹਾਂ। ਪਾਰਟੀ ਦੀ ਫੁਲ ਸਪੋਰਟ ਸੀ। ਇਸ ਲਈ ਬੋਲਦਾ ਸੀ। ਜਿਸ ਤਰ੍ਹਾਂ ਪਰਿਵਾਰਾਂ ਵਿਚ ਛੋਟੀਆਂ-ਛੋਟੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਹਨ, ਉਸੇ ਤਰ੍ਹਾਂ ਪਾਰਟੀਆਂ ਵਿਚ ਵੀ ਵਿਚਾਰਧਾਰਾਵਾਂ ਅਲੱਗ ਹੋਣ ਕਾਰਣ ਬੋਲਣਾ ਆਮ ਗੱਲ ਹੈ।
ਪ੍ਰ : 'ਆਪ' ਨੂੰ ਕਿਵੇਂ ਵੇਖਦੇ ਹੋ?
ਉ : ਇਸ ਸਮੇਂ ਥਰਡ ਫਰੰਟ ਖਤਮ ਹੋ ਗਿਆ ਹੈ। ਦਿੱਲੀ ਵਿਚ ਵੀ ਇਸ ਦਾ ਜਨਆਧਾਰ ਖਤਮ ਹੋ ਗਿਆ ਹੈ। ਪੰਜਾਬ ਵਿਚ 'ਆਪ' ਬਿਖਰ ਕੇ ਰਹਿ ਗਈ ਹੈ।
ਪ੍ਰ : ਕੀ ਪੰਜਾਬ ਦੀ ਰਾਜਨੀਤੀ 'ਚ ਆਉਣਾ ਚਾਹੁੰਦੇ ਹੋ?
ਉ : ਇਸ ਸਮੇਂ ਮੈਂ ਰਾਜ ਸਭਾ ਵਿਚ ਹਾਂ। ਅਗਲੀਆਂ ਚੋਣਾਂ 5 ਸਾਲ ਬਾਅਦ ਹੋਣਗੀਆਂ। ਉਦੋਂ ਵੇਖਿਆ ਜਾਵੇਗਾ ਕਿ ਕੀ ਕਰਨਾ ਹੈ?
ਪ੍ਰ : ਜਲੰਧਰ ਵਿਚ ਕੀ ਸਮੀਕਰਨ ਹਨ?
ਉ : ਮੈਨੂੰ ਪੂਰਾ ਵਿਸ਼ਵਾਸ ਹੈ ਕਿ ਲੋਕ ਮੇਰੇ ਵਲੋਂ ਕੀਤੇ ਕੰਮਾਂ ਦਾ ਮੁੱਲ ਮੋੜਨਗੇ।
ਕਾਂਗਰਸ ਦੀ ਰੈਲੀ 'ਚ 'ਕੁੰਡੀ' ਪਾ ਕੀਤੀ ਗਈ ਬਿਜਲੀ ਦੀ ਚੋਰੀ
NEXT STORY