ਬਠਿੰਡਾ (ਵਰਮਾ) : ਐੱਸ. ਐੱਸ. ਪੀ. ਬਠਿੰਡਾ ਡਾ. ਨਾਨਕ ਸਿੰਘ ਨੇ ਥਾਣਾ ਕੈਂਟ ਪ੍ਰਮੁੱਖ ਹਰਜੀਤ ਸਿੰਘ ਨੂੰ ਸਸਪੈਂਡ ਕਰ ਕੇ ਲਾਈਨ ਹਾਜ਼ਰ ਕਰ ਦਿੱਤਾ ਹੈ, ਜਿਸ 'ਤੇ ਦੋਸ਼ ਸੀ ਕਿ ਉਸ ਨੇ ਜੇਲ 'ਚ ਮੋਬਾਇਲ ਪਹੁੰਚਾਉਣ ਦੇ ਮਾਮਲੇ 'ਚ ਲਾਪਰਵਾਹੀ ਕੀਤੀ। ਜਾਣਕਾਰੀ ਅਨੁਸਾਰ 9 ਨਵੰਬਰ ਨੂੰ ਜੇਲ 'ਚ ਤਾਇਨਾਤ ਥਾਣੇਦਾਰ ਪਵਨ ਕੁਮਾਰ ਅਤੇ ਸਿਪਾਹੀ ਮਨਜਿੰਦਰ ਸਿੰਘ 'ਤੇ ਦੋਸ਼ ਸੀ ਕਿ ਉਨ੍ਹਾਂ ਨੇ ਜੇਲ 'ਚ ਬੰਦ ਬਦਮਾਸ਼ ਨਵੀਨ ਸੈਣੀ ਉਰਫ ਚਿੰਟੂ ਨੂੰ ਮੋਬਾਇਲ ਅਤੇ ਪਾਵਰ ਬੈਂਕ ਪਹੁੰਚਾਉਣ ਦੇ ਬਦਲੇ 20 ਹਜ਼ਾਰ ਰੁਪਏ ਦਾ ਸੌਦਾ ਕੀਤਾ ਸੀ। ਜੇਲ 'ਚ ਤਾਇਨਾਤ ਜੇਲ ਵਾਰਡਨ ਜਗਸੀਰ ਸਿੰਘ ਨੇ ਥਾਣੇਦਾਰ ਤੇ ਸਿਪਾਹੀ ਨੂੰ ਰੰਗੇ ਹੱਥੀਂ ਮੋਬਾਇਲ ਦਿੰਦੇ ਗ੍ਰਿਫਤਾਰ ਕਰ ਕੇ ਇਸ ਦੀ ਸੂਚਨਾ ਜੇਲ ਸੁਪਰਡੈਂਟ ਬਲਵਿੰਦਰ ਸਿੰਘ ਨੂੰ ਦਿੱਤੀ ਸੀ। ਮਾਮਲਾ 8 ਨਵੰਬਰ ਦਾ ਹੈ ਜਦਕਿ ਇਸ ਦੇ ਸਬੰਧ 'ਚ ਐੱਫ. ਆਈ. ਆਰ. 9 ਨਵੰਬਰ ਨੂੰ ਦਰਜ ਕੀਤੀ ਗਈ ਸੀ। ਇਹ ਮਾਮਲਾ ਬਹੁਤ ਸੰਗੀਨ ਸੀ, ਜਿਸ 'ਚ ਥਾਣਾ ਪ੍ਰਮੁੱਖ ਨੇ ਲਾਪਰਵਾਹੀ ਨਾਲ ਕੰਮ ਲਿਆ ਸੀ ਅਤੇ ਉਸ 'ਤੇ ਐਕਸ਼ਨ ਲੈਂਦਿਆਂ ਐੱਸ. ਐੱਸ. ਪੀ. ਬਠਿੰਡਾ ਨੇ ਥਾਣਾ ਕੈਂਟ ਪ੍ਰਮੁੱਖ ਨੂੰ ਲਾਈਨ ਹਾਜ਼ਰ ਕੀਤਾ। ਕਿਸੇ ਵੀ ਪੁਲਸ ਅਧਿਕਾਰੀ ਨੇ ਬੇਸ਼ੱਕ ਇਸ ਦੀ ਪੁਸ਼ਟੀ ਨਹੀਂ ਕੀਤੀ ਅਤੇ ਐੱਸ. ਐੱਸ. ਪੀ. ਬਠਿੰਡਾ ਨੇ ਵੀ ਮੋਬਾਇਲ ਨਹੀਂ ਚੁੱਕਿਆ ਪਰ ਹੋਰ ਸੂਤਰਾਂ ਤੋਂ ਇਸ ਦੀ ਜਾਣਕਾਰੀ ਮਿਲੀ ਹੈ।
ਕੀ ਸੀ ਮਾਮਲਾ
ਜਲੰਧਰ ਦੇ ਬਦਮਾਸ਼ ਨਵੀਨ ਸੈਣੀ ਉਰਫ ਚਿੰਟੂ ਨੂੰ ਮੋਬਾਇਲ ਤੇ ਪਾਵਰ ਬੈਂਕ ਪਹੁੰਚਾਉਣ ਦੇ ਬਦਲੇ 'ਚ ਜੇਲ ਦੇ ਸਬ-ਇੰਸਪੈਕਟਰ ਪਵਨ ਕੁਮਾਰ ਸ਼ਰਮਾ ਅਤੇ ਸਿਪਾਹੀ ਮਨਜਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ। ਜੇਲ ਸੁਪਰਡੈਂਟ ਵੱਲੋਂ ਥਾਣਾ ਕੈਂਟ ਪੁਲਸ ਨੂੰ ਦਿੱਤੀ ਗਈ ਸ਼ਿਕਾਇਤ 'ਚ ਦੋਸ਼ ਲਾਇਆ ਕਿ ਜੇਲ 'ਚ ਬੰਦ ਬਦਮਾਸ਼ ਨਵੀਨ ਸੈਣੀ ਨੂੰ 20 ਹਜ਼ਾਰ ਦੇ ਬਦਲੇ ਮੋਬਾਇਲ ਅਤੇ ਪਾਵਰ ਬੈਂਕ ਸਪਲਾਈ ਕਰਦੇ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ ਸੀ। ਪੁਲਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਵਿਰੁੱਧ ਮਾਮਲਾ ਦਰਜ ਕੀਤਾ ਅਤੇ ਉਨ੍ਹਾਂ ਦਾ ਪੁਲਸ ਰਿਮਾਂਡ ਵੀ ਹਾਸਲ ਕੀਤਾ ਸੀ। ਫੜੇ ਗਏ ਸਿਪਾਹੀ ਮਨਜਿੰਦਰ ਸਿੰਘ ਵਾਸੀ ਚੁੱਘੇ ਕਲਾਂ ਨੇ ਆਪਣਾ ਜੁਰਮ ਕਬੂਲ ਕੀਤਾ ਅਤੇ ਪੁਲਸ ਨੂੰ ਦੱਸਿਆ ਕਿ ਉਸ ਨੇ 20 ਹਜ਼ਾਰ ਰੁਪਏ ਦੇ ਬਦਲੇ 'ਚ ਮੋਬਾਇਲ ਅਤੇ ਪਾਵਰ ਬੈਂਕ ਬੱਸ ਸਟੈਂਡ ਤੋਂ ਇਕ ਵਿਅਕਤੀ ਤੋਂ ਹਾਸਲ ਕੀਤਾ ਸੀ, ਜਦਕਿ ਉਸ ਨੂੰ 5 ਹਜ਼ਾਰ ਰੁਪਏ ਮੌਕੇ 'ਤੇ ਹੀ ਦਿੱਤੇ ਗਏ ਅਤੇ 15 ਹਜ਼ਾਰ ਰੁਪਏ ਬਾਅਦ 'ਚ ਦੇਣ ਦਾ ਵਾਅਦਾ ਕੀਤਾ ਸੀ। ਉਸ ਨੇ ਪੁਲਸ ਨੂੰ ਦੱਸਿਆ ਕਿ ਇਸਦੀ ਜਾਣਕਾਰੀ ਸਬ-ਇੰਸਪੈਕਟਰ ਪਵਨ ਕੁਮਾਰ ਸ਼ਰਮਾ ਨੂੰ ਸੀ ਅਤੇ 8 ਨਵੰਬਰ ਨੂੰ ਜਿਵੇਂ ਹੀ ਪਵਨ ਕੁਮਾਰ ਮੋਬਾਇਲ ਦੇਣ ਜੇਲ 'ਚ ਗਿਆ ਉਦੋਂ ਹੀ ਉਥੇ ਮੌਜੂਦ ਵਾਰਡਨ ਜਗਸੀਰ ਸਿੰਘ ਨੇ ਦੋਵਾਂ ਨੂੰ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ।
SGPC ਚੋਣਾਂ : ਲੌਂਗੋਵਾਲ ਸਮੇਤ ਬੀਬੀ ਜਗੀਰ ਕੌਰ ਅਤੇ ਤੋਤਾ ਸਿੰਘ ਵੀ ਪ੍ਰਧਾਨਗੀ ਦੀ ਦੌੜ 'ਚ
NEXT STORY