ਬੁਢਲਾਡਾ (ਮਨਜੀਤ) : ਪੰਜਾਬ ਵਿਚ ਫੈਲੀ ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਨਜਿੱਠਣ ਲਈ ਗੁਰੂਆਂ-ਪੀਰਾਂ ਦੀ ਧਰਤੀ ਬਠਿੰਡਾ ਵਿਖੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਅਰਬਾਂ ਰੁਪਏ ਦੀ ਲਾਗਤ ਨਾਲ ਸਥਾਪਿਤ ਕੀਤੇ ਜਾ ਰਹੇ ਏਮਜ਼ ਹਸਪਤਾਲ ਦੇ ਉਦਘਾਟਨੀ ਸਮਾਗਮਾਂ ਵਿਚ ਕੈਪਟਨ ਸਰਕਾਰ ਤਰ੍ਹਾਂ-ਤਰ੍ਹਾਂ ਦੇ ਅੜਿੱਕੇ ਡਾਹ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਪਿੰਡ ਅਹਿਮਦਪੁਰ, ਬੋਹਾ ਅਤੇ ਬੁਢਲਾਡਾ ਵਿਖੇ ਦੌਰੇ ਦੌਰਾਨ ਕੀਤਾ।
ਉਨ੍ਹਾਂ ਕਿਹਾ ਕਿ ਕੈਂਸਰ ਦੀ ਇਸ ਨਾਮੁਰਾਦ ਬਿਮਾਰੀ ਤੇ ਹੋਰ ਭਿਆਨਕ ਬਿਮਾਰੀਆਂ ਦਾ ਟਾਕਰਾ ਕਰਨ ਲਈ ਪਹਿਲੇ ਪੜਾਅ ਅਧੀਨ ਓ.ਪੀ.ਡੀ ਦਾ ਉਦਘਾਟਨ ਪ੍ਰਧਾਨ ਮੰਤਰੀ ਨੇ ਅੱਜ ਮਿਤੀ 29 ਸਤੰਬਰ ਨੂੰ ਕਰਨ ਆਉਣਾ ਸੀ ਪਰ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਏਮਜ਼ ਦੇ ਹਰ ਨਿੱਕੇ-ਨਿੱਕੇ ਕੰਮਾਂ ਵਿਚ ਵੱਡੇ-ਵੱਡੇ ਅੜਿੱਕੇ ਲਾ ਕੇ ਲੋਕ ਸਿਹਤ ਸਹੂਲਤਾਂ ਤੋਂ ਵਾਂਝੇ ਕੀਤੇ ਹਨ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਦੇਸ਼ ਵਿਚ ਲਗਭਗ 17 ਏਮਜ਼ ਹਸਪਤਾਲ ਹਨ, ਜਿਨ੍ਹਾਂ ਨੂੰ ਬਿਜਲੀ ਦੇਣ ਦਾ ਪ੍ਰਬੰਧ ਸੂਬਾ ਸਰਕਾਰ ਕਰਦੀ ਹੈ ਅਤੇ ਬਿੱਲ ਹਸਪਤਾਲ ਵੱਲੋਂ ਦਿੱਤਾ ਜਾਂਦਾ ਹੈ ਪਰ ਪੰਜਾਬ ਦੀ ਮੌਜੂਦਾ ਸਰਕਾਰ ਨੇ ਏਮਜ਼ ਹਸਪਤਾਲ ਲਈ ਦਿੱਤੇ ਬਿਜਲੀ ਦੇ ਗਰਿੱਡ ਤੇ ਮੇਨਟੀਨੈੱਸ ਅਤੇ ਗਰਿੱਡ ਦੀ ਮੁਰੰਮਤ ਦਾ ਖਰਚਾ ਏਮਜ਼ ਹਸਪਤਾਲ ਨੂੰ ਦੇਣਾ ਪਵੇਗਾ ਦਾ ਨਿਯਮ ਬਣਾ ਦਿੱਤਾ ਹੈ ਜੋ ਕਿ ਨਿਯਮਾਂ ਤਹਿਤ ਸੂਬਾ ਸਰਕਾਰ ਨੇ ਗਲਤ ਫੈਸਲਾ ਲਿਆ ਹੈ। ਬੀਬੀ ਬਾਦਲ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਿਹਤ ਮੰਤਰੀ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਦੇ ਵੀ ਨਿੱਜੀ ਦਿਲਚਸਪੀ ਲੈ ਕੇ ਏਮਜ਼ ਹਸਪਤਾਲ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਅਤੇ ਨਾ ਹੀ ਕੋਈ ਦੌਰਾ ਕੀਤਾ ਹੈ। ਜਦੋਂਕਿ ਮੈਨੂੰ ਏਮਜ਼ ਹਸਪਤਾਲ ਦੇ ਨਿੱਕੇ-ਮੋਟੇ ਕੰਮਾਂ ਲਈ ਕਈ-ਕਈ ਪੱਤਰ ਅਤੇ ਨਿੱਜੀ ਤੌਰ 'ਤੇ ਫੋਨ ਕਰਨੇ ਪੈਂਦੇ ਹਨ। ਇਸ ਤੋਂ ਸਪੱਸ਼ਟ ਹੈ ਕਿ ਸੂਬਾ ਸਰਕਾਰ ਨਹੀਂ ਚਾਹੁੰਦੀ ਕਿ ਏਮਜ਼ ਵਰਗੀਆਂ ਸਹੂਲਤਾਂ ਦਾ ਆਮ ਲੋਕ ਲਾਹਾ ਲੈ ਸਕਣ। ਇਸੇ ਦੌਰਾਨ ਬੀਬੀ ਬਾਦਲ ਨੇ ਸ੍ਰੀ ਗੁਰੂ ਤੇਗ ਬਹਾਦਰ ਸਟੇਡੀਅਮ ਬੁਢਲਾਡਾ ਵਿਖੇ ਪੌਦੇ ਲਗਾਏ ਅਤੇ ਸਟੇਡੀਅਮ ਅਪਗ੍ਰੇਡ ਕਰਨ ਲਈ ਕਮੇਟੀ ਨੂੰ ਗ੍ਰਾਂਟ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਸਟੇਡੀਅਮ ਦੀ ਕਮੇਟੀ ਨੂੰ ਤਕੜੇ ਹੋ ਕੇ ਕੰਮ ਕਰਨ ਲਈ ਕਿਹਾ। ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਸਟੇਡੀਅਮ ਅਤੇ ਪਾਰਕ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਕਮੇਟੀ ਅਤੇ ਸ਼ਹਿਰ ਵਾਸੀਆਂ ਦੀ ਮੰਗ ਅਨੁਸਾਰ ਕੇਂਦਰੀ ਫੰਡਾਂ ਵਿਚੋਂ ਬਣਦਾ ਹਿੱਸਾ ਪਾਰਕ ਅਤੇ ਸਟੇਡੀਅਮ ਲਈ ਦਿੱਤਾ ਜਾਵੇਗਾ। ਇਸ ਮੌਕੇ ਹਲਕਾ ਸੇਵਾਦਾਰ ਡਾ: ਨਿਸ਼ਾਨ ਸਿੰਘ, ਜਿਲਾ ਪ੍ਰਧਾਨ ਗੁਰਮੇਲ ਸਿੰਘ ਫਫੜੇ ਭਾਈਕੇ, ਅਕਾਲੀ ਆਗੂ ਸ਼ਾਮ ਲਾਲ ਧਲੇਵਾਂ ਆਦਿ ਮੌਜੂਦ ਸਨ।
ਅਮਰੀਕਾ 'ਚ ਇਕ ਮਹੀਨੇ 'ਚ ਦੋ ਸਿੱਖਾਂ ਦੇ ਕਤਲ ਕਾਰਨ ਪੰਜਾਬੀ ਭਾਈਚਾਰੇ 'ਚ ਰੋਸ
NEXT STORY