ਬਠਿੰਡਾ(ਅਮਿਤ ਸ਼ਰਮਾ, ਵਿਜੇ, ਵਰਮਾ) : ਪੰਜਾਬ-ਹਰਿਆਣਾ ਬਾਰਡਰ 'ਤੇ ਸਥਿਤ ਪਿੰਡ ਦੇਸੂ ਜੋਧਾ 'ਚ ਬਠਿੰਡਾ ਦੇ ਸੀ. ਆਈ. ਏ -1 ਦੀ ਪੁਲਸ ਜਦੋਂ ਨਸ਼ਾ ਸਮੱਗਲਰ ਕੁਲਵਿੰਦਰ ਸਿੰਘ ਉਰਫ਼ ਕਿੰਦਾ ਨੂੰ ਗ੍ਰਿਫ਼ਤਾਰ ਕਰਨ ਪੁੱਜੀ ਤਾਂ ਮੌਜੂਦ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਪੰਜਾਬ ਪੁਲਸ ਨੂੰ ਘੇਰ ਕੇ ਪਥਰਾਅ ਕੀਤਾ। ਪੁਲਸ ਵੱਲੋਂ ਚਲਾਈ ਗਈ ਗੋਲੀ 'ਚ ਪਿੰਡ ਵਾਸੀ ਜੱਗਾ ਸਿੰਘ, ਜੋ ਕਿ ਸਮੱਗਲਰ ਦਾ ਚਾਚਾ ਸੀ, ਦੀ ਮੌਤ ਹੋ ਗਈ। ਇਸ ਕਾਰਣ ਭੜਕੇ ਪਿੰਡ ਵਾਸੀਆਂ ਨੇ ਪੁਲਸ ਨੂੰ ਬੰਧਕ ਬਣਾ ਕੇ ਕੁੱਟਿਆ, ਪਥਰਾਅ ਵੀ ਕੀਤਾ ਤੇ ਗੋਲੀਆਂ ਵੀ ਚਲਾਈਆਂ, ਜਿਸ 'ਚ ਮਹਿਲਾ ਮੁਲਾਜ਼ਮ ਸਮੇਤ 6 ਪੁਲਸ ਕਰਮਚਾਰੀ ਜ਼ਖਮੀ ਹੋ ਗਏ, ਜਿਨ੍ਹਾਂ 'ਚ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਸੀ. ਆਈ. ਏ.-1 ਦੇ ਏ. ਐੱਸ. ਆਈ. ਕਮਲਦੀਪ ਸਿੰਘ ਜਿਸ ਦੇ ਪੇਟ 'ਚ ਗੋਲੀ ਲੱਗੀ ਦੀ ਹਾਲਤ ਗੰਭੀਰ ਬਣੀ ਹੋਈ ਹੈ, ਜਦਕਿ ਦੂਜੇ ਜ਼ਖਮੀ ਹਰਜੀਵਨ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ, ਜਦਕਿ ਜ਼ਖਮੀਆਂ 'ਚ ਗੁਰਤੇਜ ਸਿੰਘ, ਸੁਖਦੇਵ ਸਿੰਘ, ਮਨਪ੍ਰੀਤ ਕੌਰ, ਗੁਰਮੀਤ ਸਿੰਘ ਸ਼ਾਮਲ ਹੈ। ਇਨ੍ਹਾਂ ਸਾਰਿਆਂ ਜ਼ਖਮੀਆਂ ਨੂੰ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ। ਘਟਨਾ ਵਾਲੀ ਥਾਂ 'ਤੇ ਆਈ. ਜੀ. ਅਰੁਣ ਕੁਮਾਰ ਮਿੱਤਲ ਤੇ ਐੱਸ. ਐੱਸ. ਪੀ. ਡਾ. ਨਾਨਕ ਸਿੰਘ ਵੀ ਸੂਚਨਾ ਮਿਲਦੇ ਸਾਰ ਹੀ ਪੁੱਜ ਗਏ।
ਜਾਣਕਾਰੀ ਮਿਲਦੇ ਹੀ ਥਾਣਾ ਰਾਮਾਂ ਮੰਡੀ ਤੋਂ ਥਾਣਾ ਇੰਚਾਰਜ ਨਵਪ੍ਰੀਤ ਸਿੰਘ ਭਾਰੀ ਪੁਲਸ ਨਾਲ ਉਥੇ ਪੁੱਜੇ ਤੇ ਇਸ ਦੌਰਾਨ ਦੂਜੀ ਪੁਲਸ ਟੁਕੜੀ ਵੀ ਉਥੇ ਪੁੱਜੀ। ਪੁਲਸ ਨੂੰ ਘਿਰਿਆ ਵੇਖ ਕਿਸੇ ਨੇ ਹਰਿਆਣਾ ਪੁਲਸ ਨੂੰ ਫੋਨ ਕੀਤਾ ਤਾਂ ਮੌਕੇ 'ਤੇ ਹਰਿਆਣਾ ਪੁਲਸ ਨੇ ਪੁੱਜ ਕੇ ਸਥਿਤੀ ਨੂੰ ਸੰਭਾਲਿਆ ਤੇ ਪੰਜਾਬ ਪੁਲਸ ਕਰਮਚਾਰੀਆਂ ਦਾ ਬਚਾਅ ਕਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ।
ਵਰਣਨਯੋਗ ਹੈ ਕਿ ਥਾਣਾ ਰਾਮਾਂ ਪੁਲਸ ਨੇ ਮੰਗਲਵਾਰ ਨੂੰ 2 ਨਸ਼ਾ ਸਮੱਗਲਰ ਮਨਦੀਪ ਸਿੰਘ ਤੇ ਗਗਨਦੀਪ ਸਿੰਘ ਵਾਸੀ ਚਰਨਾਥਲ ਨੂੰ ਘਟਨਾ ਵਾਲੀ ਥਾਂ ਤੋਂ 6000 ਨਸ਼ੇ ਵਾਲੀਆਂ ਗੋਲੀਆਂ ਨਾਲ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਦੀ ਨਿਸ਼ਾਨਦੇਹੀ 'ਤੇ ਪੁਲਸ ਦੇਸੂ ਜੋਧਾ ਛਾਪੇਮਾਰੀ ਕਰਨ ਗਈ ਸੀ। ਪੁਲਸ ਮੁਕਾਬਲੇ ਦੌਰਾਨ ਦੋਸ਼ੀ ਗਗਨਦੀਪ ਮੌਕੇ 'ਤੇ ਫਾਇਦਾ ਚੱਕ ਕੇ ਭੱਜਣ 'ਚ ਸਫ਼ਲ ਹੋ ਗਿਆ। ਇਸ ਸਬੰਧੀ ਆਈ. ਜੀ. ਬਠਿੰਡਾ ਅਰੁਣ ਕੁਮਾਰ ਮਿੱਤਲ ਨੇ ਦੱਸਿਆ ਕਿ ਪੁਲਸ ਟੀਮ 'ਤੇ ਹਮਲਾ ਕਰਨ ਲਈ ਦੋਸ਼ੀਆਂ ਵਿਰੁੱਧ ਥਾਣਾ ਡੱਬਵਾਲੀ 'ਚ ਮਾਮਲਾ ਦਰਜ ਕਰਵਾਇਆ ਜਾਵੇਗਾ।
ਡੱਬਵਾਲੀ ਹਰਿਆਣਾ ਦੇ ਡੀ. ਐੱਸ. ਪੀ. ਕੁਲਦੀਪ ਬੈਨੀਵਾਲ ਨੇ ਦੱਸਿਆ ਕਿ ਮ੍ਰਿਤਕ ਜੱਗਾ ਸਿੰਘ ਦੇ ਪਰਿਵਾਰ ਵਾਲਿਆਂ ਨੇ ਪੰਜਾਬ ਪੁਲਸ ਦੇ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ। ਡਿਪਟੀ ਕਮਿਸ਼ਨਰ ਸਿਰਸਾ ਨੇ ਇਸ ਮਾਮਲੇ ਦੀ ਜਾਂਚ ਲਈ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਹਨ। ਸੀ. ਆਈ. ਏ. ਬਠਿੰਡਾ ਦੇ ਇੰਚਾਰਜ ਹਰਜੀਵਨ ਦੀ ਸ਼ਿਕਾਇਤ 'ਤੇ ਹਰਿਆਣਾ ਦੀ ਡੱਬਵਾਲੀ ਪੁਲਸ ਨੇ ਪਿੰਡ ਦੇਸੂ ਜੋਧਾ ਦੀ ਘਟਨਾ ਦੇ ਸਬੰਧ 'ਚ ਮਾਮਲਾ ਦਰਜ ਕੀਤਾ। ਹਰਿਆਣਾ ਪੁਲਸ ਅਨੁਸਾਰ 5 ਵਿਅਕਤੀ ਗਗਨਦੀਪ, ਕੁਲਵਿੰਦਰ, ਭਿੰਦਾ, ਜੱਸਾ, ਤੇਜਾ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ, ਜਦਕਿ 40-50 ਅਣਪਛਾਤੇ ਲੋਕਾਂ ਖਿਲਾਫ਼ ਇਰਾਦਾ ਕਤਲ ਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ।
ਸਰਬੱਤ ਦਾ ਭਲਾ ਟਰੇਨ ਵਿਵਾਦ 'ਚ ਚੀਫ ਲੋਕੋ ਇੰਸਪੈਕਟਰ ਸਸਪੈਂਡ, 4 ਹੋਰਨਾਂ 'ਤੇ ਡਿੱਗੀ ਗਾਜ
NEXT STORY