ਬਠਿੰਡਾ (ਵੈੱਡ ਡੈਸਕ) : ਦੇਸ਼ ਭਰ ਦੇ ਚੋਣ ਮੈਦਾਨ ਵਿਚ ਹੁਣ ਤੱਕ 449 ਮਹਿਲਾ ਉਮੀਦਵਾਰ ਨਿੱਤਰੀਆਂ ਹਨ, ਜਿਨ੍ਹਾਂ ਵਿਚੋਂ ਸਭ ਤੋਂ ਵੱਧ ਗਹਿਣੇ ਹਰਸਿਮਰਤ ਕੌਰ ਬਾਦਲ ਕੋਲ ਹਨ। ਬਠਿੰਡਾ ਸੰਸਦੀ ਹਲਕੇ ਤੋਂ ਅਕਾਲੀ ਉਮੀਦਵਾਰ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਕੋਲ ਇੰਨੇ ਗਹਿਣੇ ਹਨ ਕਿ ਉਨ੍ਹਾਂ ਦੀ ਪੰਡ ਵੀ ਬੰਨ੍ਹੀ ਜਾ ਸਕਦੀ ਹੈ। ਗਹਿਣਿਆਂ ਦੇ ਮਾਮਲੇ ਵਿਚ ਕੇਂਦਰੀ ਵਜ਼ਾਰਤ ਵਿਚ ਸ਼ਾਮਲ 7 ਮਹਿਲਾ ਵਜ਼ੀਰ ਵੀ ਬੀਬੀ ਬਾਦਲ ਦੇ ਨੇੜੇ-ਤੇੜੇ ਨਹੀਂ ਹਨ। 16ਵੀਂ ਲੋਕ ਸਭਾ ਵਿਚ ਕੁੱਲ 66 ਮਹਿਲਾ ਸੰਸਦ ਮੈਂਬਰ ਹਨ, ਜਿਨ੍ਹਾਂ ਵਿਚੋਂ ਸਭ ਤੋਂ ਵੱਧ ਗਹਿਣੇ ਬੀਬਾ ਬਾਦਲ ਕੋਲ ਹਨ। ਉਨ੍ਹਾਂ ਕੋਲ ਇਸ ਵੇਲੇ 7.03 ਕਰੋੜ ਮੁੱਲ ਦੇ ਗਹਿਣੇ ਹਨ, ਜਿਨ੍ਹਾਂ ਵਿਚ ਸੋਨਾ ਸਿਲਵਰ, ਸਟੋਨ ਅਤੇ ਡਾਇਮੰਡ ਦੇ ਗਹਿਣੇ ਸ਼ਾਮਲ ਹਨ। ਬੀਬਾ ਬਾਦਲ ਨੇ ਕੁੱਝ ਗਹਿਣੇ ਖਰੀਦੇ ਹਨ ਅਤੇ ਕੁੱਝ ਵਿਰਾਸਤ ਵਿਚ ਮਿਲੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲ ਸਿਰਫ 9 ਲੱਖ ਦੇ ਗਹਿਣੇ ਹਨ। ਜਦੋਂਕਿ ਬੀਬੀ ਬਾਦਲ ਪਹਿਲੀ ਵਾਰ 2009 ਵਿਚ ਸੰਸਦ ਮੈਂਬਰ ਬਣੇ ਸਨ ਤਾਂ ਉਦੋਂ ਉਨ੍ਹਾਂ ਕੋਲ 1.94 ਕਰੋੜ ਦੇ ਗਹਿਣੇ ਸਨ, ਜਿਸ ਵਿਚ 14.93 ਕਿਲੋ ਸੋਨਾ ਅਤੇ ਸਿਲਵਰ ਸ਼ਾਮਲ ਹੈ। ਮੋਟੇ ਅੰਦਾਜ਼ੇ ਅਨੁਸਾਰ ਹੁਣ ਹਰਸਿਮਰਤ ਕੌਰ ਬਾਦਲ ਕੋਲ ਕਰੀਬ 21.50 ਕਿਲੋ ਸੋਨਾ/ਸਿਲਵਰ ਆਦਿ ਹੈ।
ਵੇਰਵਿਆਂ ਅਨੁਸਾਰ ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਕਿਰਨ ਖੇਰ ਨੂੰ ਗਹਿਣਿਆਂ ਦਾ ਕਾਫੀ ਸ਼ੌਕ ਹੈ ਅਤੇ ਉਹ ਵੀ ਇਸ ਮਾਮਲੇ ਵਿਚ ਹਰਸਿਮਰਤ ਦੇ ਨੇੜੇ ਨਹੀਂ ਪੁੱਜੇ ਹਨ। ਕਿਰਨ ਖੇਰ ਕੋਲ ਇਸ ਵੇਲੇ 4.64 ਕਰੋੜ ਦੇ ਗਹਿਣੇ ਹਨ ਜਿਨ੍ਹਾਂ ਵਿਚ 16 ਕਿਲੋ ਸੋਨਾ ਵੀ ਸ਼ਾਮਲ ਹੈ। ਕੇਂਦਰੀ ਵਜ਼ੀਰਾਂ 'ਤੇ ਨਜ਼ਰ ਮਾਰੀਏ ਤਾਂ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਕੋਲ 7.87 ਲੱਖ ਅਤੇ ਅਨੁਪ੍ਰਿਆ ਪਟੇਲ ਕੋਲ 4.80 ਲੱਖ ਦੇ ਗਹਿਣੇ ਹਨ। ਕੇਂਦਰੀ ਵਜ਼ੀਰਾਂ ਸਮ੍ਰਿਤੀ ਇਰਾਨੀ ਕੋਲ 12.36 ਲੱਖ ਅਤੇ ਮੇਨਕਾ ਗਾਂਧੀ ਕੋਲ 1.24 ਕਰੋੜ ਦੇ ਗਹਿਣੇ ਹਨ। ਯੂ.ਪੀ.ਏ. ਦੀ ਚੇਅਰਪਰਸਨ ਸੋਨੀਆ ਗਾਂਧੀ ਕੋਲ ਵੀ ਸਿਰਫ 62 ਲੱਖ ਦੇ ਗਹਿਣੇ ਹਨ। ਉਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਦੀ ਐੱਮ.ਪੀ. ਨੂੰਹ ਡਿੰਪਲ ਯਾਦਵ ਕੋਲ ਵੀ 59 ਲੱਖ ਦੇ ਗਹਿਣੇ ਹਨ। ਸੰਸਦ ਮੈਂਬਰ ਸੁਪ੍ਰਿਆ ਸੂਲੇ ਕੋਲ 4 ਕਰੋੜ ਦੇ ਗਹਿਣੇ ਹਨ। ਫਿਲਮੀ ਅਦਾਕਾਰਾ ਹੇਮਾ ਮਾਲਿਨੀ ਵੀ ਬੀਬਾ ਬਾਦਲ ਦੇ ਗਹਿਣਿਆਂ ਦੇ ਅੱਧ ਵਿਚ ਵੀ ਨਹੀਂ ਪਹੁੰਚ ਸਕੇ। ਉਨ੍ਹਾਂ ਕੋਲ 3.46 ਕਰੋੜ ਦੇ ਗਹਿਣੇ ਹਨ ਜਦੋਂਕਿ ਉਤਰੀ ਮੁੰਬਈ ਤੋਂ ਕਾਂਗਰਸ ਉਮੀਦਵਾਰ ਅਤੇ ਫਿਲਮੀ ਅਦਾਕਾਰ ਉਰਮਿਲਾ ਮਾਤੋਂਡਕਰ ਕੋਲ ਵੀ ਸਿਰਫ 1.47 ਕਰੋੜ ਰੁਪਏ ਦੇ ਗਹਿਣੇ ਹਨ।
ਕੰਡੀਸ਼ਨਲ ਅਸਤੀਫਾ ਦੇ ਕੇ ਸਿਆਸੀ ਪਾਰਟੀਆਂ ਦੇ ਟਾਰਗੈੱਟ 'ਤੇ ਆਏ ਸੁਖਪਾਲ ਖਹਿਰਾ
NEXT STORY