ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)— ਇਕ ਨਾਬਾਲਗ ਵਿਦਿਆਰਥੀ ਨੂੰ ਚਾਕੂ ਮਾਰਨ ਅਤੇ ਉਸ ਦੇ ਭਰਾ ਦੀ ਕੁੱਟ-ਮਾਰ ਕਰਨ 'ਤੇ 2 ਵਿਅਕਤੀਆਂ ਖਿਲਾਫ ਥਾਣਾ ਸੰਦੌੜ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਗੁਰਕਮਲ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਮਾਣਕੀ ਥਾਣਾ ਸੰਦੌੜ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਦੌੜ ਵਿਖੇ 12ਵੀਂ ਦਾ ਵਿਦਿਆਰਥੀ ਹੈ ਅਤੇ ਰੋਜ਼ਾਨਾ ਮਾਣਕੀ ਤੋਂ ਪੱਕੀ ਸੜਕ ਪਿੰਡ ਦਸੌਂਦਾ ਸਿੰਘ ਵਾਲਾ 'ਤੇ ਦੌੜ ਲਾਉਣ ਲਈ ਅਤੇ ਪ੍ਰੈਕਟਿਸ ਕਰਨ ਲਈ ਇਕ ਮਹੀਨੇ ਤੋਂ ਜਾ ਰਿਹਾ ਹੈ। ਅੰਮ੍ਰਿਤਪਾਲ ਸਿੰਘ ਉਰਫ ਗੱਗਾ ਪੁੱਤਰ ਬਲਜੀਤ ਸਿੰਘ ਵਾਸੀ ਮਾਣਕੀ ਵੀ ਦੌੜ ਲਾਉਣ ਜਾਂਦਾ ਸੀ। ਉਸਦੇ ਘਰਾਂ 'ਚੋਂ ਲੱਗਦੇ ਭਰਾ ਕੁਲਵਿੰਦਰ ਸਿੰਘ ਨੂੰ ਅੰਮ੍ਰਿਤਪਾਲ ਸਿੰਘ ਪਿਛਲੇ ਕਰੀਬ 10 ਦਿਨਾਂ ਤੋਂ ਮਾੜਾ ਚੰਗਾ ਬੋਲਦਾ ਸੀ। 21 ਅਪ੍ਰੈਲ ਨੂੰ ਜਦੋਂ ਉਹ ਆਪਣੇ ਭਰਾ ਨਾਲ ਦੌੜ ਲਾ ਰਿਹਾ ਸੀ ਤਾਂ ਸ਼ਾਮ 7.45 ਵਜੇ ਪਾਣੀ ਵਾਲੀ ਸਰਕਾਰੀ ਟੈਂਕੀ ਕੋਲ ਅੰਮ੍ਰਿਤਪਾਲ ਸਿੰਘ ਨੇ ਉਸਨੂੰ ਘੇਰ ਲਿਆ ਅਤੇ ਉਸਦੇ ਭਰਾ ਦੀ ਕੁੱਟ-ਮਾਰ ਕਰਨ ਲੱਗਾ। ਉਹ ਜਦੋਂ ਆਪਣੇ ਭਰਾ ਨੂੰ ਛੁਡਾਉਣ ਦੀ ਕੋਸ਼ਿਸ਼ ਕਰਨ ਲੱਗਾ ਤਾਂ ਮੁਲਜ਼ਮ ਦਾ ਦਾਦਾ ਵੀ ਲਲਕਾਰੇ ਮਾਰਦਾ ਮੌਕੇ 'ਤੇ ਆ ਗਿਆ ਤੇ ਅੰਮ੍ਰਿਤਪਾਲ ਸਿੰਘ ਉਰਫ ਗੱਗਾ ਨੇ ਢਿੱਡ 'ਚ ਚਾਕੂ ਮਾਰ ਕੇ ਉਸਨੂੰ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ। ਪੁਲਸ ਨੇ ਮੁੱਦਈ ਦੇ ਬਿਆਨਾਂ 'ਤੇ ਪੜਤਾਲ ਕਰਨ ਉਪਰੰਤ ਅੰਮ੍ਰਿਤਪਾਲ ਸਿੰਘ ਪੁੱਤਰ ਬਲਜੀਤ ਸਿੰਘ ਅਤੇ ਸ਼ੇਰ ਸਿੰਘ ਪੁੱਤਰ ਸੰਤਾ ਸਿੰਘ ਵਾਸੀ ਮਾਣਕੀ ਵਿਰੁੱਧ ਕਈ ਧਾਰਾਵਾਂ ਹੇਠ ਪਰਚਾ ਦਰਜ ਕਰ ਕੇ ਉਨ੍ਹਾਂ ਨੂੰ ਕਾਬੂ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਧੋਖਾਦੇਹੀ ਦੇ ਦੋਸ਼ ਵਿਚ 2 ਖਿਲਾਫ ਕੇਸ ਦਰਜ
NEXT STORY