ਗੁਰਦਾਸਪੁਰ/ਲਾਹੌਰ (ਵਿਨੋਦ) - ਭਾਰਤ ਦੇ ਆਪ੍ਰੇਸ਼ਨ ‘ਸਿੰਧੂਰ’ ਤੋਂ ਬਾਅਦ ਸਿਰਫ਼ 90 ਦਿਨਾਂ ਵਿਚ ਪਾਕਿਸਤਾਨ ਨੇ ਆਪਣੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਵਿਚ 15 ਤੋਂ ਵੱਧ ਅੱਤਵਾਦੀ ਕੈਂਪ ਅਤੇ ਲਾਂਚ ਪੈਡ ਦੁਬਾਰਾ ਬਣਾਉਣ ਵਿਚ ਅੱਤਵਾਦੀ ਸੰਗਠਨਾਂ ਦੀ ਮਦਦ ਕੀਤੀ ਹੈ, ਜਿਸ ਵਿਚ ਆਈ. ਐੱਸ. ਆਈ. ਚੋਟੀ ਦੇ ਅੱਤਵਾਦੀ ਸੰਗਠਨਾਂ ਨੂੰ ਫੰਡ ਅਤੇ ਸਹਾਇਤਾ ਪ੍ਰਦਾਨ ਕਰ ਰਹੀ ਹੈ।
ਖੁਫੀਆ ਜਾਣਕਾਰੀ ਅਨੁਸਾਰ ਪਾਕਿਸਤਾਨ ਭਾਰਤ ਦੇ ਹਾਲੀਆ ਆਪ੍ਰੇਸ਼ਨ ‘ਸਿੰਧੂਰ’ ਦੌਰਾਨ ਤਬਾਹ ਹੋਏ ਬੁਨਿਆਦੀ ਢਾਂਚੇ ਨੂੰ ਦੁਬਾਰਾ ਬਣਾਉਣ ਵਿਚ ਮੁੱਖ ਅੱਤਵਾਦੀ ਸੰਗਠਨਾਂ ਦੀ ਸਰਗਰਮੀ ਨਾਲ ਮਦਦ ਕਰ ਰਿਹਾ ਹੈ। ਪਿਛਲੇ 90 ਦਿਨਾਂ ’ਚ ਹੀ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਵਿਚ 15 ਤੋਂ ਵੱਧ ਅੱਤਵਾਦੀ ਕੈਂਪ ਅਤੇ ਲਾਂਚਪੈਡ ਸਾਹਮਣੇ ਆਏ ਹਨ।
ਖੁਫੀਆ ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਕੈਂਪਾਂ ਨੂੰ ਪਾਕਿਸਤਾਨ ਦੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈ. ਐੱਸ. ਆਈ.) ਅਤੇ ਹੋਰ ਸਰਕਾਰੀ ਏਜੰਸੀਆਂ ਦੀ ਮਦਦ ਨਾਲ ਦੁਬਾਰਾ ਬਣਾਇਆ ਜਾ ਰਿਹਾ ਹੈ, ਜੋ ਨਾ ਸਿਰਫ਼ ਭਾਰਤੀ ਹਮਲਿਆਂ ਵਿਚ ਮਾਰੇ ਗਏ ਅੱਤਵਾਦੀਆਂ ਪ੍ਰਤੀ ਹਮਦਰਦੀ ਰੱਖਦੇ ਹਨ ਬਲਕਿ ਹੁਣ ਉਨ੍ਹਾਂ ਦੇ ਨੈੱਟਵਰਕ ਨੂੰ ਮੁੜ ਸੁਰਜੀਤ ਕਰਨ ਦੇ ਉਨ੍ਹਾਂ ਦੇ ਯਤਨਾਂ ਦਾ ਪੂਰਾ ਸਮਰਥਨ ਵੀ ਕਰ ਰਹੇ ਹਨ।
ਜਿਵੇਂ ਕਿ ਭਾਰਤ ਕਹਿ ਰਿਹਾ ਹੈ ਕਿ ਆਪ੍ਰੇਸ਼ਨ ‘ਸਿੰਧੂਰ’ ਅਜੇ ਜਾਰੀ ਹੈ, ਇਹ ਅੱਤਵਾਦੀ ਵੱਡੇ ਪੱਧਰ ’ਤੇ ਜਾਨੀ ਨੁਕਸਾਨ ਤੋਂ ਬਚਣ ਲਈ ਹੁਣ ਛੋਟੇ ਕੈਂਪ ਸਥਾਪਿਤ ਕਰ ਰਹੇ ਹਨ, ਜਿੱਥੇ ਇਕ ਕੈਂਪ ਵਿਚ ਲਗਭਗ ਦੋ ਦਰਜਨ ਅੱਤਵਾਦੀ ਰਹਿੰਦੇ ਹਨ। ਪਹਿਲਾਂ ਇਹ ਗਿਣਤੀ ਇਕ ਕੈਂਪ ਵਿਚ ਪੰਜ ਗੁਣਾ ਜ਼ਿਆਦਾ ਹੁੰਦੀ ਸੀ। ਖੁਫੀਆ ਜਾਣਕਾਰੀ ਅਨੁਸਾਰ ਆਈ. ਐੱਸ. ਆਈ. ਨੇ ਇਸ ਪੁਨਰ-ਨਿਰਮਾਣ ਲਈ 100 ਕਰੋੜ ਰੁਪਏ ਤੋਂ ਵੱਧ ਦੀ ਰਕਮ ਅਲਾਟ ਕੀਤੀ ਹੈ।
ਰੂਸ ਇੰਟਰਨੈੱਟ ਸੈਂਸਰ ਰਾਹੀਂ ਆਪਣੇ ਲੋਕਾਂ ਨੂੰ ਦੁਨੀਆ ਨਾਲੋਂ ਕਰ ਰਿਹੈ ਅਲੱਗ-ਥਲੱਗ
NEXT STORY