ਪਟਿਆਲਾ (ਰਾਜੇਸ਼) - ਭੀਖ ਮੰਗਣਾ ਨਾ ਕੇਵਲ ਇਕ ਸਰਾਪ ਹੈ, ਬਲਕਿ ਸਮਾਜ ਵਿਚ ਇਹ ਇਕ ਅਜਿਹੀ ਬੀਮਾਰੀ ਹੈ, ਜਿਹੜੀ ਕਿ ਪੀੜ੍ਹੀ ਦਰ ਪੀੜ੍ਹੀ ਫੈਲਦੀ ਰਹਿੰਦੀ ਹੈ। ਸਮਾਜ ਨੂੰ ਨਾਕਾਰਾਤਮਕ ਤਰੀਕੇ ਨਾਲ ਪ੍ਰਭਾਵਿਤ ਕਰਦੀ ਹੈ। ਇਸ ਲਈ ਜਿੰਨੇ ਕਸੂਰਵਾਰ ਉਹ ਲੋਕ ਹਨ ਜਿਹੜੇ ਕਿ ਭੀਖ ਮੰਗਦੇ ਹਨ, ਓਨੇ ਹੀ ਉਹ ਲੋਕੀਂ ਵੀ ਹਨ ਜਿਹੜੇ ਕਿ ਭੀਖ ਦਿੰਦੇ ਹਨ। ਇਹ ਪ੍ਰਗਟਾਵਾ ਕਰਦਿਆਂ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੇ ਇਹ ਵਿਸ਼ਵਾਸ ਦਿਵਾਇਆ ਹੈ ਕਿ ਉਹ ਐੱਨ. ਜੀ. ਓਜ਼. ਦੇ ਸਹਿਯੋਗ ਨਾਲ ਪਟਿਆਲਾ ਸ਼ਹਿਰ ਨੂੰ ਜਲਦੀ ਹੀ ਭੀਖ ਮੁਕਤ ਬਣਾਉਣਗੇ। ਅੱਜ ਸਾਰਾ ਦਿਨ ਗਰਮੀ ਅਤੇ ਹੁੰਮਸ ਦੇ ਬਾਵਜੂਦ 9000 ਤੋਂ ਵੱਧ ਸਕੂਲੀ ਬੱਚਿਆਂ ਨੇ ਇਕ ਵਿਸ਼ਾਲ ਮਨੁੱਖੀ ਚੇਨ ਬਣਾ ਕੇ ਸੰਦੇਸ਼ ਦਿੱਤਾ ਕਿ ਉਹ ਸ਼ਹਿਰ ਨੂੰ 'ਭੀਖ ਮੁਕਤ' ਬਣਾਉਣ ਵਿਚ ਹਰ ਤਰਾਂ ਦਾ ਯੋਗਦਾਨ ਪਾਉਣਗੇ।
ਪ੍ਰਨੀਤ ਕੌਰ ਨੇ ਮਾਲ ਰੋਡ 'ਤੇ ਜ਼ਿਲਾ ਪ੍ਰਸ਼ਾਸਨ ਤੇ 'ਹਰ ਹਾਥ ਕਲਮ' ਅਤੇ ਹੋਰ ਕਈ ਸਵੈ-ਸੇਵੀ ਸੰਸਥਾਵਾਂ ਵੱਲੋਂ ਪਟਿਆਲਾ ਨੂੰ ਭੀਖ ਮੁਕਤ ਕਰਨ ਲਈ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਕੇਂਦਰੀ ਲਾਇਬ੍ਰੇਰੀ, ਸ਼੍ਰੀ ਕਾਲੀ ਮਾਤਾ ਮੰਦਰ ਤੋਂ ਲੈ ਕੇ ਫੁਹਾਰਾ ਚੌਕ ਤੱਕ ਸਕੂਲੀ ਬੱਚਿਆਂ ਦੀ ਬਣਾਈ ਗਈ ਇਕ ਵਿਸ਼ਾਲ ਮਨੁੱਖੀ ਚੇਨ ਨੂੰ ਓਮੈਕਸ ਮਾਲ ਦੇ ਸਾਹਮਣੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਸ਼ਹਿਰ ਨੂੰ ਭੀਖ ਮੁਕਤ ਬਣਾਉਣ ਲਈ ਕਾਫ਼ੀ ਯਤਨ ਕਰ ਰਿਹਾ ਹੈ। ਇਹ ਯਤਨ ਤਾਂ ਹੀ ਸਿਰੇ ਚੜ੍ਹ ਸਕਦੇ ਹਨ ਜੇਕਰ ਲੋਕ ਵੀ ਇਸ ਵਿਚ ਸ਼ਾਮਲ ਹੋਣ। ਉਨ੍ਹਾਂ ਕਿਹਾ ਕਿ ਦਾਨ ਕਰਨਾ ਚੰਗੀ ਗੱਲ ਹੈ। ਸਾਰੇ ਧਰਮਾਂ 'ਚ ਅਤੇ ਸਾਡੇ ਗੁਰੂਆਂ, ਪੀਰਾਂ, ਫ਼ਕੀਰਾਂ ਨੇ ਵੀ ਦਾਨ ਦੀ ਮਹੱਤਤਾ 'ਤੇ ਬਹੁਤ ਕੁਝ ਕਿਹਾ ਹੈ। ਨਾਲ ਹੀ ਇਹ ਵੀ ਕਿਹਾ ਹੈ ਕਿ ਹਰੇਕ ਇਨਸਾਨ ਨੂੰ ਆਪਣੇ ਦਸਾਂ ਨਹੁੰਆਂ ਦੀ ਕਿਰਤ ਨਾਲ ਕੀਤੀ ਗਈ ਕਮਾਈ ਨਾਲ ਹੀ ਆਪਣਾ ਗੁਜ਼ਾਰਾ ਕਰਨਾ ਚਾਹੀਦਾ ਹੈ ਅਤੇ ਇਸ ਵਿਚੋਂ ਹੀ ਦਸਵੰਧ ਕੱਢਣਾ ਚਾਹੀਦਾ ਹੈ।
ਸਕਿੱਟਾਂ ਅਤੇ ਨੁੱਕੜ ਨਾਟਕਾਂ ਰਾਹੀਂ ਲੋਕਾਂ ਨੂੰ ਕੀਤਾ ਜਾਗਰੂਕ
ਇਸ ਤੋਂ ਇਲਾਵਾ ਇਨ੍ਹਾਂ ਬੱਚਿਆਂ ਨੇ ਛੋਟੇ-ਛੋਟੇ ਗਰੁੱਪਾਂ ਵਿਚ ਪੀ. ਆਰ. ਟੀ. ਸੀ. ਦੀਆਂ ਬੱਸਾਂ ਵਿਚ ਜਾ ਕੇ ਭੀਖ ਮੰਗ ਕੇ ਲੋਕਾਂ ਨੂੰ ਜਾਗਰੂਕ ਕੀਤਾ। ਸ਼ਾਪਿੰਗ ਮਾਲ ਦੇ ਬਾਹਰ ਬੱਚਿਆਂ ਨੇ ਸਾਰਾ ਦਿਨ ਸਕਿੱਟਾਂ ਅਤੇ ਨੁੱਕੜ ਨਾਟਕਾਂ ਦੀ ਪੇਸ਼ਕਾਰੀ ਕੀਤੀ ਜਿਸ ਰਾਹੀਂ ਲੋਕਾਂ ਨੂੰ ਭੀਖ ਨਾ ਦੇਣ ਬਾਰੇ ਜਾਗਰੂਕ ਕੀਤਾ। ਪ੍ਰੋਗਰਾਮ ਦੀ ਸਮਾਪਤੀ ਮੌਕੇ ਓਮੈਕਸ ਮਾਲ ਵਿਖੇ ਆਈ. ਜੀ. ਸ਼੍ਰੀ ਏ. ਐੈੱਸ. ਰਾਏ, ਡਿਪਟੀ ਕਮਿਸ਼ਨਰ ਕੁਮਾਰ ਅਮਿਤ ਅਤੇ ਐੈੱਸ. ਐੈੱਸ. ਪੀ. ਡਾ. ਐੈੱਸ. ਭੂਪਤੀ ਦੀ ਹਾਜ਼ਰੀ ਵਿਚ ਸਕੂਲੀ ਬੱਚਿਆਂ ਵੱਲੋਂ ਭੀਖ ਦੇ ਖਾਤਮੇ ਵਾਲੇ ਸਲੋਗਨਾਂ ਵਾਲੇ 6000 ਗੁਬਾਰੇ ਛੱਡੇ ਗਏ।
'ਹਰ ਹਾਥ ਕਲਮ' ਜਥੇਬੰਦੀ ਦੇ ਯਤਨਾਂ ਦੀ ਮੈਡਮ ਵਾਲੀਆ ਨੇ ਕੀਤੀ ਸ਼ਲਾਘਾ
ਸਮਾਜ ਸੇਵਿਕਾ ਮੈਡਮ ਸਤਿੰਦਰਪਾਲ ਕੌਰ ਵਾਲੀਆ ਨੇ ਪਟਿਆਲਾ ਦੇ ਵਿਦਿਆਰਥੀਆਂ ਵੱਲੋਂ ਬਣਾਈ 'ਹਰ ਹਾਥ ਕਲਮ' ਜਥੇਬੰਦੀ ਵੱਲੋਂ ਪਟਿਆਲਾ ਵਿਚ ਭੀਖ ਮੰਗਣ ਦੀ ਬੁਰਾਈ ਦਾ ਇਕ ਸਾਲ ਦੇ ਅੰਦਰ-ਅੰਦਰ ਅੰਤ ਕਰਨ ਲਈ ਕੀਤੇ ਜਾ ਰਹੇ ਕੰਮ ਦੀ ਸ਼ਲਾਘਾ ਕੀਤੀ। ਉੁਨ੍ਹਾਂ ਕਿਹਾ ਕਿ ਭੀਖ ਮੰਗਣ ਵਾਲੇ ਬੱਚਿਆਂ ਨੂੰ ਕੰਮ ਦਵਾ ਕੇ ਇਨ੍ਹਾਂ ਦੀ ਇਹ ਆਦਤ ਖਤਮ ਕਰਨ ਲਈ ਕੀਤਾ ਜਾ ਰਿਹਾ ਉਪਰਾਲਾ ਸ਼ਲਾਘਾਯੋਗ ਹੈ।
ਪੀ. ਆਰ. ਟੀ. ਸੀ. ਦੀ ਬੱਸ 'ਚੋਂ ਡੀਜ਼ਲ ਚੋਰੀ ਕਰਨ ਵਾਲੇ ਡਰਾਈਵਰ ਦੀ ਛੁੱਟੀ
NEXT STORY