ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)-‘ਆਪ’ ਪੰਜਾਬ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਪਿੰਡਾਂ ਦੀਆਂ ਤਰੱਕੀਆਂ ਅਤੇ ਸਾਰੀਆਂ ਨਿੱਕੀਆਂ-ਮੋਟੀਆਂ ਸਮੱਸਿਆਵਾਂ ਦੇ ਹੱਲ ਲਈ ਪਿੰਡਾਂ ਦੀਆਂ ਧੜੇਬਾਜ਼ੀਆਂ ਦੀ ਰੀਤ ਖ਼ਤਮ ਕਰਨਾ ਬਹੁਤ ਜ਼ਰੂਰੀ ਹੈ। ਭਗਵੰਤ ਮਾਨ ਸ਼ਨੀਵਾਰ ਨੂੰ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਮਾਡਲ ਪਿੰਡ ਚੰਨਣਵਾਲ ਵਿਖੇ ‘ਸਾਡਾ ਐੱਮ. ਪੀ. ਸਾਡੇ ਘਰ’ ਪ੍ਰੋਗਰਾਮ ਤਹਿਤ ਇਲਾਕੇ ਦੀਆਂ ਪੰਚਾਇਤਾਂ, ਮੋਹਤਬਰਾਂ ਅਤੇ ਸਮੱਸਿਆਵਾਂ ਦੇ ਹੱਲ ਲਈ ਆਏ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਕੁਲਵੰਤ ਸਿੰਘ ਪੰਡੋਰੀ ਵੀ ਮੌਜੂਦ ਸਨ। ਮਾਨ ਨੇ ਚੰਨਣਵਾਲ ਪਿੰਡ ਦੀ ਮਿਸਾਲ ਦਿੰਦਿਆਂ ਕਿਹਾ ਕਿ ਇਥੋਂ ਦੀ ਸਤਿਕਾਰ ਕਮੇਟੀ ਦੇ ਨੌਜਵਾਨ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਿੰਡ ਦੀ ਨੁਹਾਰ ਬਦਲ ਦਿੱਤੀ ਹੈ।
ਭਗਵੰਤ ਮਾਨ ਨੇ ਇਸ ਪ੍ਰੋਗਰਾਮ ਨੂੰ ਅਨੋਖਾ ਧੰਨਵਾਦੀ ਦੌਰਾ ਦੱਸਿਆ ਅਤੇ ਕਿਹਾ ਕਿ ਮੈਂ ਜਿੱਤਣ ਤੋਂ ਢਾਈ ਮਹੀਨਿਆਂ ਬਾਅਦ ਵੀ ਪਿੰਡਾਂ ’ਚ ਹਾਂ ਜਦਕਿ ਰਵਾਇਤੀ ਸੱਤਾਧਾਰੀ ਪਾਰਟੀਆਂ ਦੇ ਲੀਡਰ ਵੋਟਾਂ ਤੋਂ ਢਾਈ ਮਹੀਨੇ ਪਹਿਲਾਂ ਗੇਡ਼ਾ ਮਾਰਦੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਤੇ ਮੋਦੀ ਸਰਕਾਰ ਬਾਦਲਾਂ ਨੂੰ ਬਚਾਉਣ ਲਈ ਬੇਅਦਬੀ ਦੇ ਕੇਸਾਂ ਦੀ ਜਾਂਚ ਠੰਡੇ ਬਸਤੇ ’ਚ ਸੁੱਟ ਬੈਠੀ ਹੈ। ਜਾਂਚ ਨੂੰ ਕਦੇ ਇੱਧਰ ਅਤੇ ਕਦੇ ਉੱਧਰ ਭਟਕਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਖ਼ੁਦ ਵਾਰ-ਵਾਰ ਬੇਅਦਬੀ ਕਰ ਰਹੇ ਹਨ। ਮਾਨ ਨੇ ਕਿਹਾ ਕਿ ਹਡ਼੍ਹ ਪੀਡ਼ਤਾਂ ਨੂੰ ਕੇਜਰੀਵਾਲ ਸਰਕਾਰ ਦੀ ਤਰਜ਼ ’ਤੇ ਗਿਰਦਾਵਰੀਆਂ ਤੋਂ ਪਹਿਲਾਂ ਤੁਰੰਤ ਮੁਆਵਜ਼ਾ ਜਾਰੀ ਕੀਤਾ ਜਾਵੇ ਅਤੇ ਭ੍ਰਿਸ਼ਟਾਚਾਰ ਰੋਕਣ ਅਤੇ ਵਿਚੋਲਿਆਂ ਨੂੰ ਬਾਹਰ ਰੱਖਣ ਲਈ ਮੁਆਵਜ਼ਾ ਰਾਸ਼ੀ ਸਿੱਧੀ ਖਾਤਿਆਂ ’ਚ ਪਾਈ ਜਾਵੇ। ਇਸ ਮੌਕੇ ਭਗਵੰਤ ਮਾਨ ਅਤੇ ਪੰਡੋਰੀ ਤੋਂ ਇਲਾਵਾ ਯੂਥ ਆਗੂ ਜੋਤ ਵਡ਼ਿੰਗ ਦੀਵਾਨਾ, ਅਵਤਾਰ ਸਿੰਘ ਮਹਿਲ ਕਲਾਂ, ਗੁਰਦੀਪ ਸਿੰਘ, ਮਨਦੀਪ ਸਿੰਘ, ਜਸਵਿੰਦਰ ਸਿੰਘ ਅਤੇ ਜਗਵਿੰਦਰ ਪਾਲ (ਸਾਰੇ ਚੰਨਣਵਾਲ) ਮੌਜੂਦ ਸਨ।
550 ਸਾਲਾ ਪ੍ਰਕਾਸ਼ ਪੁਰਬ ਦੇ ਸਮਾਗਮ ਸਿੱਖ ਸੰਪ੍ਰਦਾਵਾਂ ਦੀ ਸਲਾਹ ਨਾਲ ਕੀਤੇ ਜਾਣਗੇ : ਸੁਖਬੀਰ ਬਾਦਲ
NEXT STORY