ਫਗਵਾੜਾ (ਜਲੋਟਾ) : ਫਗਵਾੜਾ ਦੇ ਹੁਸ਼ਿਆਰਪੁਰ ਮਾਰਗ ''ਤੇ ਧਾਰਮਿਕ ਸੇਵਾ ਦੌਰਾਨ ਇੱਕ ਬੇਹੱਦ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਮਾਤਾ ਸ਼੍ਰੀ ਚਿੰਤਪੁਰਨੀ ਜੀ ਦੇ ਦਰਸ਼ਨਾਂ ਲਈ ਜਾ ਰਹੇ ਸ਼ਰਧਾਲੂਆਂ ਲਈ ਲਗਾਏ ਗਏ ਲੰਗਰ ਅਸਥਾਨ ਤੋਂ ਇੱਕ ਸ਼ਾਤਰ ਅਣਪਛਾਤਾ ਚੋਰ ਰੁਪਈਆਂ ਨਾਲ ਭਰਿਆ ਦਾਨਪਾਤਰ (ਗੱਲਾ) ਚੁੱਕ ਕੇ ਰਫ਼ੂਚੱਕਰ ਹੋ ਗਿਆ। ਇਹ ਲੰਗਰ ਸੇਵਾ ''ਜੈ ਮਾਂ ਦੁਰਗਾ ਲੰਗਰ ਕਮੇਟੀ'' ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬੜੀ ਸ਼ਰਧਾ ਅਤੇ ਭਾਵਨਾ ਨਾਲ ਆਯੋਜਿਤ ਕੀਤੀ ਗਈ ਸੀ। ਵਾਰਦਾਤ ਤੋਂ ਬਾਅਦ ਲੰਗਰ ਸੇਵਾਦਾਰਾਂ ਅਤੇ ਸਥਾਨਕ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਧਾਰਮਿਕ ਅਸਥਾਨ ''ਤੇ ਇਸ ਤਰ੍ਹਾਂ ਦੀ ਚੋਰੀ ਨਾਲ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
ਲੰਗਰ ਕਮੇਟੀ ਦੇ ਮੈਂਬਰਾਂ ਅਤੇ ਸੇਵਾਦਾਰਾਂ ਨੇ ਦੱਸਿਆ ਕਿ ਤੜਕੇ ਲਗਭਗ 5 ਤੋਂ 6 ਵਜੇ ਦੇ ਵਿਚਕਾਰ ਜਦੋਂ ਮੁੱਖ ਸੇਵਾਦਾਰ ਦੋ ਮਿੰਟ ਲਈ ਲੰਗਰ ਅਸਥਾਨ ਦੇ ਅੰਦਰ ਚਾਹ ਅਤੇ ਬਿਸਕੁਟ ਲੈਣ ਗਏ ਸਨ, ਉਸੇ ਦੌਰਾਨ ਬਾਹਰ ਸੁੱਤੇ ਪਏ ਇੱਕ ਸ਼ੱਕੀ ਵਿਅਕਤੀ ਨੇ ਮੌਕੇ ਦਾ ਫਾਇਦਾ ਉਠਾਇਆ। ਮੁਲਜ਼ਮ ਨੇ ਮਹਾਮਾਈ ਦੇ ਦਰਬਾਰ ਅਤੇ ਪ੍ਰਜਵਲਿਤ ਪਵਿੱਤਰ ਜੋਤ ਦੇ ਸਾਹਮਣੇ ਰੱਖਿਆ ਦਾਨਪਾਤਰ ਚਾਦਰ ਵਿੱਚ ਛੁਪਾਇਆ ਅਤੇ ਤੁਰੰਤ ਉੱਥੋਂ ਫ਼ਰਾਰ ਹੋ ਗਿਆ। ਕਮੇਟੀ ਅਨੁਸਾਰ ਪਿਛਲੇ ਤਿੰਨ ਦਿਨਾਂ ਤੋਂ ਸ਼ਰਧਾਲੂਆਂ ਵੱਲੋਂ ਦਿੱਤੀ ਗਈ ਭੇਟਾ ਇਸ ਦਾਨਪਾਤਰ ਵਿੱਚ ਇਕੱਠੀ ਹੋ ਰਹੀ ਸੀ। ਇਸ ਵਿੱਚ ਲਗਭਗ 15 ਤੋਂ 20 ਹਜ਼ਾਰ ਰੁਪਏ ਦੀ ਨਕਦੀ ਜਮ੍ਹਾਂ ਸੀ, ਜੋ ਸ਼ਰਧਾਲੂਆਂ ਵੱਲੋਂ ਸੇਵਾ ਕਾਰਜਾਂ ਲਈ ਦਿੱਤੀ ਗਈ ਸੀ।
ਇਹ ਵੀ ਪੜ੍ਹੋ : ਹਲਵਾਰਾ ’ਚ ATM ਲੁੱਟਣ ਦੀ ਕੋਸ਼ਿਸ਼! ਅਲਾਰਮ ਵੱਜਣ ’ਤੇ ਫ਼ਰਾਰ ਹੋਏ ਨਕਾਬਪੋਸ਼ ਬਦਮਾਸ਼
ਘਟਨਾ ਦੇ ਤੁਰੰਤ ਬਾਅਦ ਜਦੋਂ ਸੇਵਾਦਾਰਾਂ ਨੂੰ ਗੱਲਾ ਗਾਇਬ ਹੋਣ ਦਾ ਪਤਾ ਲੱਗਾ ਤਾਂ ਇਲਾਕੇ ਵਿੱਚ ਹੜਕੰਪ ਮਚ ਗਿਆ। ਨਜ਼ਦੀਕੀ ਡੈਂਟਲ ਕਲੀਨਿਕ ਅਤੇ ਹਸਪਤਾਲ ਦੇ ਬਾਹਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਗਈ, ਜਿਸ ਵਿੱਚ ਮੁਲਜ਼ਮ ਚਾਦਰ ਦੀ ਬੁੱਕਲ ਮਾਰ ਕੇ ਗੱਲਾ ਲੈ ਕੇ ਜਾਂਦਾ ਹੋਇਆ ਸਪੱਸ਼ਟ ਦਿਖਾਈ ਦੇ ਰਿਹਾ ਹੈ। ਸੀ.ਸੀ.ਟੀ.ਵੀ. ਫੁਟੇਜ ਵਿੱਚ ਮੁਲਜ਼ਮ ਦੀ ਕਰਤੂਤ ਪੂਰੀ ਤਰ੍ਹਾਂ ਕੈਦ ਹੋ ਗਈ ਹੈ, ਜੋ ਪੁਲਸ ਹਵਾਲੇ ਕਰ ਦਿੱਤੀ ਗਈ ਹੈ। ਸੂਚਨਾ ਮਿਲਦਿਆਂ ਹੀ ਪੁਲਸ ਟੀਮ ਨੇ ਮੌਕੇ ''ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ 'ਤੇ ਮੁਲਜ਼ਮ ਦੀ ਪਛਾਣ ਕਰਨ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ। ਲੰਗਰ ਪ੍ਰਬੰਧਕਾਂ ਅਤੇ ਸਥਾਨਕ ਨਿਵਾਸੀਆਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੀ.ਸੀ.ਟੀ.ਵੀ. ਦੇ ਆਧਾਰ 'ਤੇ ਦੋਸ਼ੀ ਚੋਰ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਚੋਰੀ ਹੋਈ ਦਾਨ ਰਾਸ਼ੀ ਬਰਾਮਦ ਕੀਤੀ ਜਾਵੇ। ਸੇਵਾਦਾਰਾਂ ਨੇ ਕਿਹਾ ਕਿ ਧਾਰਮਿਕ ਆਯੋਜਨਾਂ ਵਿੱਚ ਇਸ ਪ੍ਰਕਾਰ ਦੇ ਅਸਮਾਜਿਕ ਤੱਤਾਂ ਦੀ ਸਰਗਰਮੀ ਬਹੁਤ ਹੀ ਮੰਦਭਾਗੀ ਹੈ, ਇਸ ਲਈ ਪ੍ਰਸ਼ਾਸਨ ਨੂੰ ਅਜਿਹੇ ਸ਼ਾਤਰ ਅਪਰਾਧੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਭਵਿੱਖ ਵਿੱਚ ਕੋਈ ਵੀ ਵਿਅਕਤੀ ਇਸ ਤਰ੍ਹਾਂ ਦੇ ਪਵਿੱਤਰ ਕਾਰਜਾਂ ਵਿੱਚ ਵਿਘਨ ਪਾਉਣ ਦੀ ਹਿੰਮਤ ਨਾ ਕਰ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਲੁਧਿਆਣਾ 'ਚ ਸਨਸਨੀ: ਸ਼ੱਕੀ ਹਾਲਾਤ 'ਚ 28 ਸਾਲਾ ਪ੍ਰਿਆ ਦੀ ਮੌਤ, ਸਾਲੇ ਨੂੰ ਫ਼ੋਨ ਕਰਨ ਤੋਂ ਬਾਅਦ ਪਤੀ ਹੋਇਆ ਫ਼ਰਾਰ
NEXT STORY