ਚੰਡੀਗੜ੍ਹ (ਅਸ਼ਵਨੀ) : ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਿਚ ਚੰਡੀਗੜ੍ਹ ਦੇ ਮੁੱਦੇ ’ਤੇ ਬੋਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿਚ ਨਸ਼ੇ ਨੂੰ ਲੈ ਕੇ ਵੱਡਾ ਖ਼ੁਲਾਸਾ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਜਿਸ ਚਿੱਟੇ ਨਾਲ ਗ੍ਰਸਤ ਹੈ, ਉਹ ਚਿੱਟਾ ਪੰਜਾਬ ਵਿਚ ਹੀ ਤਿਆਰ ਕੀਤਾ ਜਾ ਰਿਹਾ ਹੈ। ਅਜਿਹੀਆਂ ਘਿਨੌਣੀਆਂ ਸਰਗਰਮੀਆਂ ਵਿਚ ਸ਼ਾਮਲ ਅਤੇ ਪੰਜਾਬੀ ਨੌਜਵਾਨਾਂ ਦੀ ਨਸਲਕੁਸ਼ੀ ਲਈ ਜ਼ਿੰਮੇਵਾਰ ਵਿਅਕਤੀਆਂ ਦਾ ਛੇਤੀ ਹੀ ਪਰਦਾਫਾਸ਼ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਸਮਝ ਨਹੀਂ ਲੱਗ ਰਹੀ ਕਿ ਰਾਜਸਥਾਨ ਦੀ ਹੱਦ ਦਾ 2.5 ਗੁਣਾ ਤੋਂ ਜ਼ਿਆਦਾ ਖੇਤਰਫਲ ਅਤੇ ਜੰਮੂ-ਕਸ਼ਮੀਰ ਦੀ ਸਰਹੱਦ ਦਾ ਅੱਧੇ ਤੋਂ ਜ਼ਿਆਦਾ ਹਿੱਸਾ ਪਾਕਿਸਤਾਨ ਨਾਲ ਲੱਗਦਾ ਹੋਣ ਦੇ ਬਾਵਜੂਦ ਜਿੱਥੇ ਕੰਢਿਆਲੀ ਤਾਰ ਵੀ ਨਹੀਂ ਹੈ, ਵਿਚ ਨਸ਼ੇ ਦੀ ਕੋਈ ਸਮੱਸਿਆ ਨਹੀਂ ਹੈ, ਜਦੋਂ ਕਿ ਪੰਜਾਬ ਅਜੇ ਵੀ ਨਸ਼ੇ ਦੀ ਬੀਮਾਰੀ ਨਾਲ ਜੂਝ ਰਿਹਾ ਹੈ।
ਇਹ ਵੀ ਪੜ੍ਹੋ : ਲੁਧਿਆਣਾ : ਪਤੀ-ਪਤਨੀ ਨਾਲ ਵਾਪਰੇ ਭਿਆਨਕ ਹਾਦਸੇ ਨੇ ਖੜ੍ਹੇ ਕੀਤੇ ਰੌਂਗਟੇ, CCTV 'ਚ ਕੈਦ ਹੋਇਆ ਖ਼ੌਫ਼ਨਾਕ ਦ੍ਰਿਸ਼
ਸਿੱਖ ਰੈਜੀਮੈਂਟ ਨੂੰ ਪੰਜਾਬ ਤੋਂ ਭਰਤੀ ਲਈ ਨੌਜਵਾਨ ਨਹੀਂ ਮਿਲ ਰਹੇ
ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਇਜਲਾਸ ਵਿਚ ਇਹ ਵੀ ਕਿਹਾ ਕਿ ਅੱਜ ਹਾਲਾਤ ਇਹ ਹੋ ਗਏ ਹਨ ਕਿ ਫ਼ੌਜ ਦੀ ਜੋ ਸਿੱਖ ਰੈਜੀਮੈਂਟ ਹੈ, ਉਸ ਨੇ ਕੇਂਦਰੀ ਰੱਖਿਆ ਮੰਤਰੀ ਨੂੰ ਲਿਖ ਕੇ ਦਿੱਤਾ ਹੈ ਕਿ ਸਾਡੇ ਕੋਲ ਪੰਜਾਬ ਤੋਂ ਭਰਤੀ ਪੂਰੀ ਨਹੀਂ ਹੋ ਰਹੀ ਕਿਉਂਕਿ ਨੌਜਵਾਨ ਟੈਸਟ ਪਾਸ ਨਹੀਂ ਕਰ ਪਾ ਰਹੇ। ਇਸ ਲਈ ਦੂਜੇ ਸੂਬਿਆਂ ਤੋਂ ਨੌਜਵਾਨਾਂ ਦੀ ਭਰਤੀ ਨੂੰ ਲੈ ਕੇ ਮਨਜ਼ੂਰੀ ਦਿੱਤੀ ਜਾਵੇ। ਭਗਵੰਤ ਮਾਨ ਨੇ ਕਿਹਾ ਕਿ ਅੱਜ ਅਜਿਹਾ ਪੰਜਾਬ ਬਣ ਚੁੱਕਿਆ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਨੌਜਵਾਨਾਂ ਲਈ ਖ਼ੁਸ਼ਖ਼ਬਰੀ, ਹਜ਼ਾਰਾਂ ਸਰਕਾਰੀ ਨੌਕਰੀਆਂ ਲਈ ਜਲਦ ਸ਼ੁਰੂ ਹੋਵੇਗੀ ਭਰਤੀ
ਪਠਾਨਕੋਟ ਹਮਲੇ ’ਤੇ ਪੰਜਾਬ ਨੂੰ ਭੇਜਿਆ ਗਿਆ 7.50 ਕਰੋੜ ਦਾ ਬਿੱਲ, ਕੀ ਪੰਜਾਬ ਦੇਸ਼ ਦਾ ਹਿੱਸਾ ਨਹੀਂ?
ਭਗਵੰਤ ਮਾਨ ਨੇ ਸੰਸਦ ਮੈਂਬਰ ਦੇ ਤੌਰ ’ਤੇ ਇਕ ਘਟਨਾ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਕਿਵੇਂ ਅੱਤਵਾਦੀਆਂ ਨੇ 2016 ਵਿਚ ਪਠਾਨਕੋਟ ਏਅਰਬੇਸ ’ਤੇ ਹਮਲਾ ਕੀਤਾ ਸੀ ਅਤੇ ਕੇਂਦਰੀ ਸੁਰੱਖਿਆ ਬਲਾਂ ਨਾਲ ਸੂਬੇ ਦੇ ਪੁਲਸ ਬਲਾਂ ਨੇ ਆਪਣੀ ਨਿੱਜੀ ਸੁਰੱਖਿਆ ਦੀ ਪਰਵਾਹ ਕੀਤੇ ਬਿਨਾਂ ਅੱਤਵਾਦੀਆਂ ਨੂੰ ਖ਼ਤਮ ਕਰਨ ਵਿਚ ਸਹਾਇਤਾ ਕੀਤੀ ਅਤੇ ਬਹਾਦਰੀ ਨਾਲ ਹਮਲੇ ਦਾ ਜਵਾਬ ਦਿੱਤਾ। ਭਗਵੰਤ ਮਾਨ ਨੇ ਹੈਰਾਨੀ ਜ਼ਾਹਿਰ ਕਰਦਿਆਂ ਕਿਹਾ ਕਿ ਕੇਂਦਰ ਨੇ ਇਸ ਸਬੰਧੀ ਸੂਬੇ ਨੂੰ ਕੇਂਦਰੀ ਸੁਰੱਖਿਆ ਬਲ ਉਪਲੱਬਧ ਕਰਵਾਉਣ ਲਈ 7.50 ਕਰੋੜ ਰੁਪਏ ਦਾ ਬਿੱਲ ਭੇਜਿਆ ਗਿਆ ਸੀ। ਉਨ੍ਹਾਂ ਕਿਹਾ ਕਿ ਅੰਤ ਵਿਚ ਇਹ ਰਕਮ ਸਮਕਾਲੀ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਨਿੱਜੀ ਦਖ਼ਲ ਨਾਲ ਉਨ੍ਹਾਂ ਦੇ ਸਾਥੀ ਸੰਸਦ ਮੈਂਬਰ ਸਾਧੂ ਸਿੰਘ ਨਾਲ ਮੁਲਾਕਾਤ ਤੋਂ ਬਾਅਦ ਮੁਆਫ਼ ਕਰ ਦਿੱਤੀ ਗਈ ਸੀ। ਮਾਨ ਨੇ ਕਿਹਾ, ‘ਇਹ ਵੱਡਾ ਆਪਾ ਵਿਰੋਧ ਹੈ ਕਿ ਸਰਹੱਦੀ ਰਾਜ, ਜੋ ਅੱਤਵਾਦ ਦੀ ਮਾਰ ਝੱਲ ਰਿਹਾ ਹੈ, ਨੂੰ ਵੀ ਆਪਣੀ ਸੁਰੱਖਿਆ ਲਈ ਮੋਟੀ ਰਕਮ ਅਦਾ ਕਰਨੀ ਪਈ ਹੈ।’ ਉਨ੍ਹਾਂ ਕੇਂਦਰ ਨੂੰ ਸਪੱਸ਼ਟ ਕਰਣ ਲਈ ਕਿਹਾ, ‘ਕੀ ਤੁਸੀਂ ਪੰਜਾਬ ਨੂੰ ਦੇਸ਼ ਦਾ ਹਿੱਸਾ ਨਹੀਂ ਮੰਨਦੇ?’
ਨਵਜੋਤ ਸਿੰਘ ਸਿੱਧੂ ਦਾ ਨਾਂ ਲਏ ਬਿਨਾਂ ਕਸਿਆ ਤੰਜ
ਭਗਵੰਤ ਮਾਨ ਨੇ ਨਾਂ ਲਏ ਬਿਨਾਂ ਨਵਜੋਤ ਸਿੰਘ ਸਿੱਧੂ ’ਤੇ ਵੀ ਤੰਜ ਕਸਿਆ। ਗੱਲਾਂ-ਗੱਲਾਂ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਜੋ ਆਪਣੇ ਨਾਂ ਦੇ ਮਾਡਲ ਦੀ ਗੱਲ ਕਰਦੇ ਸਨ, ਜੋ ਗੱਲ-ਗੱਲ ’ਤੇ ਕਹਿੰਦੇ ਸਨ ‘ਠੋਕੋ ਤਾਲੀ-ਠੋਕੋ ਤਾਲੀ, ਉਹ ਠੋਕੋ ਦੀ ਗੱਲ ਕਰਨ ਵਾਲੇ ਤਾਂ ਇੱਥੇ ਆਏ ਹੀ ਨਹੀਂ।’ ਇਹ ਸਮੇਂ-ਸਮੇਂ ਦੀ ਗੱਲ ਹੈ। ਭਗਵੰਤ ਮਾਨ ਨੇ ਕਿਹਾ ਕਿ ਫੋਟੋ ਲਗਾਉਣ ਨਾਲ ਕੋਈ ਜਨਤਾ ਦੇ ਦਿਲ ’ਤੇ ਰਾਜ ਨਹੀਂ ਕਰਦਾ। ਕੰਮ ਕਰਨ ਨਾਲ ਜਨਤਾ ਦੇ ਦਿਲ ’ਤੇ ਰਾਜ ਹੁੰਦਾ ਹੈ। ਕੈਰੀਅਰ ਛੱਡਣਾ ਪੈਂਦਾ ਹੈ। ਆਮ ਆਦਮੀ ਪਾਰਟੀ ਜੋ ਕੁੱਝ ਵੀ ਕਰੇਗੀ, ਡੰਕਾ ਵਜਾ ਕੇ ਕਰੇਗੀ। ਨਕਾਬ ਪਹਿਨ ਕੇ ਨਹੀਂ ਕਰੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਮਾਮਲਾ ਪੁਲਸ ਨਾਲ ਧੱਕਾ-ਮੁੱਕੀ ਕਰਨ ਦਾ: ਸੁੱਚਾ ਸਿੰਘ ਲੰਗਾਹ ਤੇ ਦੇਸ ਰਾਜ ਧੁੱਗਾ ਸਣੇ 15 ਅਕਾਲੀ ਆਗੂ ਬਰੀ
NEXT STORY